ਬਹੁ ਅਰਥਕ ਸ਼ਬਦ
ਭ, ਮ, ਰ, ਲ, ਵ
64. ਭੰਨ
(ੳ) ਤੋੜ : ਬਾਦਾਮ ਭੰਨ ਕੇ ਗਿਰੀ ਕੱਢ।
(ਅ) ਵੱਟ : ਕੱਪੜੇ ਨੂੰ ਭੰਨ ਨਾ ਪੈਣ ਦਿਓ।
(ੲ) ਜਿੰਦਰੇ ਤੋੜ ਕੇ ਅੰਦਰ ਵੜਨਾ : ਚੋਰਾਂ ਨੇ ਉਸ ਦਾ ਘਰ ਭੰਨ ਕੇ ਸਭ ਕੁੱਝ ਲੁੱਟ ਲਿਆ।
(ਸ) ਗੰਨੇ ਭੰਨਣੇ : ਮੈਂ ਖੇਤ ਵਿੱਚੋਂ ਚਾਰ ਗੰਨੇ ਭੰਨ ਲਏ।
65. ਭਰ
(ੳ) ਲਗਪਗ : ਮੈਨੂੰ ਸੇਰ ਭਰ ਆਟਾ ਦਿਓ।
(ਅ) ਪੂਰਾ ਕਰਨਾ : ਮੈਂ ਤੇਰਾ ਸਾਰਾ ਨੁਕਸਾਨ ਭਰ ਦੇਵਾਂਗਾ।
(ੲ) ਪੱਕਣਾ : ਮੇਰਾ ਜ਼ਖ਼ਮ ਪਾਣੀ ਪੈ ਕੇ ਭਰ ਗਿਆ ਹੈ।
(ਸ) ਭਰਨਾ : ਬਾਲਟੀ ਪਾਣੀ ਨਾਲ ਭਰ ਦਿਓ।
66. ਮਾਰ
(ੳ) ਮਾਰਨਾ : ਲੋਕਾਂ ਨੇ ਹਲਕਾਏ ਕੁੱਤੇ ਨੂੰ ਮਾਰ ਦਿੱਤਾ।
(ਅ) ਭੈੜੀ ਆਦਤ : ਸੁਰਜੀਤ ਚੰਗਾ ਭਲਾ ਹੁੰਦਾ ਸੀ, ਪਰ ਹੁਣ ਪਤਾ ਨਹੀਂ ਉਸ ਨੂੰ ਕੀ ਮਾਰ ਵਗ ਗਈ ਹੈ ਕਿ ਉਹ ਕੋਈ ਕੰਮ ਹੀ ਨਹੀਂ ਕਰਦਾ।
(ੲ) ਕੁੱਟ : ਅੱਜ ਸ਼ਰਾਰਤੀ ਮੁੰਡਿਆ ਨੂੰ ਮਾਸਟਰ ਜੀ ਤੋਂ ਚੰਗੀ ਮਾਰ ਪਈ।
(ਸ) ਭਸਮ ਕਰਨਾ : ਹਕੀਮ ਨੇ ਤਾਂਬਾ ਮਾਰ ਕੇ ਦਵਾਈ ਬਣਾਈ।
67. ਮੁਰੱਬਾ
(ੳ) ਫਲਾਂ ਦਾ ਮੁਰੱਬਾ : ਔਲਿਆਂ ਦਾ ਮੁਰੱਬਾ ਸਿਹਤ ਲਈ ਚੰਗਾ ਹੁੰਦਾ ਹੈ।
(ਅ) ਵਰਗਾਕਾਰ : ੳ. ਅ. ਲਾਈਨ ਉੱਤੇ ਇਕ ਮੁਰੱਬਾ ਬਣਾਓ।
(ੲ) 25 ਏਕੜ ਜਮੀਨ : ਰਾਮ ਸਿੰਘ 10 ਮੁਰੱਬੇ ਜਮੀਨ ਦਾ ਮਾਲਕ ਹੈ।
(ਸ) ਜ਼ਮੀਨ ਦੀ ਮਿਣਤੀ ਤੇ ਵੰਡ : ਸਾਡੇ ਪਿੰਡ ਦੀ ਜ਼ਮੀਨ ਦੀ ਮੁਰੱਬਾਬੰਦੀ ਹੋ ਗਈ ਹੈ।
68. ਰੱਖ
(ੳ) ਜੰਗਲ : ਚਰਵਾਹੇ ਰੱਖ ਵਿੱਚ ਪਸ਼ੂ ਚਾਰ ਰਹੇ ਹਨ।
(ਅ) ਰੱਖਣਾ : ਕਿਤਾਬ ਮੇਜ਼ ਉੱਪਰ ਰੱਖ ਦੇਹ।
(ੲ) ਤਵੀਤ : ਮੈਂ ਬੱਚੇ ਦੇ ਗਲ ਵਿੱਚ ਰੱਖ ਪਾਈ ਹੋਈ ਹੈ।
(ਸ) ਪਰਹੇਜ : ਤੁਸੀਂ ਜਰਾ ਤਲੀਆਂ ਚੀਜ਼ਾ ਤੋਂ ਰੱਖ ਰੱਖੋ ਤੁਹਾਡਾ ਪੇਟ ਆਪੇ ਹੀ ਠੀਕ ਹੋ ਜਾਵੇਗਾ।
69. ਰਾਸ
(ੳ) ਠੀਕ : ਮੇਰਾ ਕੰਮ ਮਸਾ ਰਾਸ ਆਇਆ।
(ਅ) ਪੂੰਜੀ : ਪਰਮਾਤਮਾ ਦਾ ਨਾਂ ਹੀ ਭਗਤਾਂ ਦੀ ਰਾਸ ਹੈ।
(ੲ) ਰਾਜ਼ੀ : ਦੋਹਾ ਧਿਰਾਂ ਦੀ ਖੂਬ ਰਾਸ ਰਲ ਗਈ ਹੈ। ਹੁਣ ਇਨ੍ਹਾਂ ਦੀ ਚੰਗੀ ਨਿਭੇਗੀ।
(ਸ) ਇਕ ਪ੍ਰਕਾਰ ਦਾ ਨਾਟਕ : ਅੱਜ ਰਾਤ ਨੂੰ ਰਾਸਧਾਰੀਏ ਰਾਜੇ ਹਰੀਚੰਦ ਦੀ ਰਾਸ ਪਾਉਣਗੇ।
70. ਲੜ
(ੳ) ਡੰਗ ਮਾਰਨਾ : ਮੇਰੇ ਮੱਛਰ ਲੜ ਰਿਹਾ ਹੈ।
(ਅ) ਝਗੜਾ ਕਰਨਾ : ਮੇਰਾ ਗੁਆਂਢੀ ਐਵੈਂ ਹੀ ਮੇਰੇ ਨਾਲ ਲੜ ਪਿਆ।
(ੲ) ਪੱਲਾ : ਵਹੁਟੀ ਨੂੰ ਲਾੜੇ ਦਾ ਲੜ ਫੜਾ ਕੇ ਘਰੋਂ ਤੋਰ ਦਿੱਤਾ ਗਿਆ।
(ਸ) ਪੱਗ ਦਾ ਲੜ : ਆਪਣੀ ਪੱਗ ਦਾ ਲੜ ਟੰਗ ਲਵੋ।
71. ਲਾਵਾਂ
(ੳ) ਫੇਰੇ : ਭਾਈ ਨੇ ਲਾਵਾਂ ਪੜ੍ਹ ਕੇ ਮੁੰਡੇ-ਕੁੜੀ ਦਾ ਵਿਆਹ ਕਰ ਦਿੱਤਾ।
(ਅ) ਮਾਰਾਂ : ਚੁੱਪ ਕਰੇਂਗਾ, ਜਾਂ ਲਾਵਾਂ ਤੇਰੇ ਥੱਪੜ।
(ੲ) ਹੀਣਾ : ਉਹ ਇਕ ਅੱਖੋਂ ਲਾਵਾਂ ਹੈ।
(ਸ) ਰੱਸੀਆਂ : ਇਸ ਤੱਕੜੀ ਦੀਆਂ ਲਾਵਾਂ ਟੁੱਟਣ ਵਾਲੀਆਂ ਹਨ।
72. ਵੱਟ
(ੳ) ਗਰਮੀ : ਅੱਜ ਬੜਾ ਵੱਟ ਹੈ।
(ਅ) ਬੰਨਾ : ਮੈਂ ਖੇਤ ਦੀ ਵੱਟ ਉੱਪਰ ਤੁਰ ਰਿਹਾ ਸਾਂ।
(ੲ) ਵਲ : ਕੱਪੜੇ ਦੇ ਵੱਟ ਕੱਢੋ।
(ਸ) ਕਮਾਉਂਦਾ : ਉਹ ਦੁਕਾਨਦਾਰ ਚੰਗੇ ਪੈਸੇ ਵੱਟ ਲੈਂਦਾ ਹੈ।
(ਹ) ਵੱਟਣਾ : ਸੂਤ ਲੈ ਕੇ ਰੱਸੀ ਵੱਟ।
73. ਵੱਟਾ
(ੳ) ਤੋਲਣ ਲਈ ਬਣਿਆ ਭਾਰ : ਮੈਨੂੰ ਇਕ ਕਿਲੋਗਰਾਮ ਦਾ ਵੱਟਾ ਚਾਹੀਦਾ ਹੈ।
(ਅ) ਕਸਾਰਾ : ਇਹ 100 ਦਾ ਨੋਟ ਪਾਟਾ ਹੋਇਆ ਹੈ ਪਰ ਪੰਜ ਰੁਪਏ ਵੱਟਾ ਲੱਗ ਕੇ ਚਲ ਜਾਏਗਾ।
(ੲ) ਬਦਲਣਾ : ਉਸ ਨੇ ਵੱਟਾ-ਸੱਟਾ ਕਰ ਕੇ ਮੁੰਡਾ ਵਿਆਹ ਲਿਆ।
(ਸ) ਬਦਲਾ : ਮੈਂ ਵਾਰੀ ਦਾ ਵੱਟਾ ਲੈ ਕੇ ਹੀ ਹਟਾਂਗਾ ।
74. ਵੱਟੀ
(ੳ) ਬੱਤੀ : ਦੀਵੇ ਦੀ ਵੱਟੀ ਜਲ ਗਈ ਹੈ।
(ਅ) ਕਮਾਈ : ਉਸ ਨੇ ਅੱਜ ਮੇਲੇ ਵਿੱਚ ਚੰਗੀ ਰਕਮ ਵੱਟੀ ਹੈ।
(ੲ) ਦੁੱਖ-ਸਹਿਣਾ : ਉਸ ਨੇ ਬਥੇਰੀ ਕਸੀਸ ਵੱਟੀ, ਪਰ ਫਿਰ ਵੀ ਉਸ ਦੀ ਚੀਕ ਨਿਕਲ ਗਈ।
(ਸ) ਵੱਟਣਾ : ਇਹ ਰੱਸੀ ਮੈਂ ਵੱਟੀ ਹੈ।
75. ਵੰਡ
(ੳ) ਖਲ-ਵੜੇਵੇਂ ਆਦਿ : ਉਸ ਨੇ ਮੱਝ ਨੂੰ ਖ਼ੂਬ ਵੰਡ ਚਾਰਿਆ।
(ਅ) ਵੰਡਣਾ : ਪਿਓ ਦੇ ਮਰਨ ਮਗਰੋਂ ਭਰਾਵਾਂ ਨੇ ਜਾਇਦਾਦ ਵੰਡ ਲਈ।
(ੲ) ਦਾਨ ਕਰਨਾ : ਉਹ ਗ਼ਰੀਬਾਂ ਵਿੱਚ ਕੱਪੜੇ ਵੰਡ ਰਹੀ ਸੀ।
76. ਵੱਲ
(ੳ) ਪਾਸੇ : ਤੁਸੀਂ ਮੇਰੇ ਵਲ ਤੱਕੋ।
(ਅ) ਤਰੀਕਾ : ਤੁਹਾਨੂੰ ਇਹ ਕੰਮ ਕਰਨ ਦਾ ਵਲ ਨਹੀਂ ਆਉਂਦਾ।
(ੲ) ਅਰੋਗ-ਅੱਗੇ ਮੈਂ ਬਿਮਾਰ ਸਾਂ, ਪਰ ਅੱਜ-ਕਲ੍ਹ ਵੱਲ ਹਾਂ।
(ਸ) ਵੇਲ : ਕੱਦੂ ਦੀ ਵੱਲ ਨਾਲ ਚਾਰ ਚੂਏਂ ਲੱਗੇ ਹਨ।
77. ਵਾਰ
(ੳ) ਦਿਨ : ਅੱਜ ਕੀ ਵਾਰ ਹੈ?
(ਅ) ਹਮਲਾ : ਉਸ ਨੇ ਮੇਰੇ ਉੱਪਰ ਤਲਵਾਰ ਦਾ ਵਾਰ ਕੀਤਾ।
(ੲ) ਕੁਰਬਾਨ ਕਰਨਾ : ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਖ਼ਾਤਰ ਆਪਣਾ ਸਿਰ ਵਾਰ ਦਿੱਤਾ।
(ਸ) ਵਾਰੀ : ਮੈਂ ਤੈਨੂੰ ਕਈ ਵਾਰ ਸਮਝਾਇਆ ਹੈ ਕਿ ਤੂੰ ਝੂਠ ਨਾ ਬੋਲਿਆ ਕਰ।
78. ਵਾਹ
(ੳ) ਯਤਨ : ਮੈਂ ਆਪਣੀ ਪੂਰੀ ਵਾਹ ਲਾਈ ਹੈ, ਪਰ ਕੰਮ ਨਹੀਂ ਬਣਿਆ।
(ਅ) ਵਡਿਆਈ : ਉਸ ਦੀ ਸਾਰੇ ਪਿੰਡ ਵਿੱਚ ਵਾਹ-ਵਾਹ ਹੋ ਗਈ।
(ੲ) ਵਾਹੁਣਾ : ਦੱਬ ਕੇ ਵਾਹ ਤੇ ਰੱਜ ਕੇ ਖਾਹ।
79. ਵੇਲ
(ੳ) ਰੁੱਖਾਂ ਜਾਂ ਕੰਧਾਂ ਉੱਪਰ ਚੜ੍ਹਨ ਵਾਲਾ ਪੌਦਾ : ਇਹ ਅੰਗੂਰ ਦੀ ਵੇਲ ਹੈ।
(ਅ) ਵਾਰਨਾ : ਖ਼ੁਸਰੇ ਨੇ ਮੇਰੇ ਦਿੱਤੇ ਦਸ ਰੁਪਇਆਂ ਦੀ ਵੇਲ ਕੀਤੀ।
(ੲ) ਵੇਲਣਾ : ਰੋਟੀ ਨੂੰ ਵੇਲ ਕੇ ਤਵੇ ‘ਤੇ ਪਾਓ।
80. ਲੀਹ
(ੳ) ਲਕੀਰ : ਕੰਧ ਉੱਤੇ ਕਾਲੀਆਂ ਲੀਹਾਂ ਕਿਸ ਨੇ ਪਾਈਆਂ?
(ਅ) ਪਿਰਤ : ਸਾਡੇ ਘਰ ਵਿੱਚ ਇਹ ਲੀਹ ਹੈ ਕਿ ਨੂੰਹ ਸੱਸ ਕਦੇ ਮਿਲ ਕੇ ਨਹੀਂ ਰਹਿੰਦੀਆਂ।
(ੲ) ਰਸਤਾ : ਗੱਡਾ ਲੀਹੋ-ਲੀਹ ਜਾ ਰਿਹਾ ਸੀ।