ਹੋਇਆ ਹੁਕਮ…….ਰਣੋਂ ਨਾ ਮੂਲ ਹੱਲੇ ।


ਜੰਗ ਦਾ ਹਾਲ : ਸ਼ਾਹ ਮੁਹੰਮਦ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ,

ਤੋਪਾਂ ਮਾਰੀਆਂ ਨੀਰ ਦੇ ਆਇ ਵੱਲੇ।

ਫੂਕ ਸੁੱਟੀਆਂ ਸਾਰੀਆਂ ਮੇਖਜ਼ੀਨਾਂ,

ਸਿੰਘ ਉੱਡ ਕੇ ਪੱਤਰਾ ਹੋਇ ਚੱਲੇ ।

ਛੈਲਦਾਰੀਆਂ, ਤੰਬੂਆਂ ਛੱਡ ਦੌੜੇ,

ਕੋਈ ਚੀਜ਼ ਨਾ ਲਈ ਏ ਬੰਨ੍ਹ ਪੱਲੇ ।

ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ,

ਸ਼ਾਹ ਮੁਹੰਮਦਾ ਰਣੋਂ ਨਾ ਮੂਲ ਹੱਲੇ ।


ਪ੍ਰਸੰਗ : ਇਹ ਕਾਵਿ-ਟੋਟਾ ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿੱਚੋਂ ਲਿਆ ਗਿਆ ਹੈ ਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਜੰਗ ਦਾ ਹਾਲ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਲੜਾਈਆਂ ਤੇ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਾਬਜ਼ ਹੋ ਜਾਣ ਦਾ ਜ਼ਿਕਰ ਬੜੇ ਕਰੁਣਾਮਈ ਢੰਗ ਨਾਲ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਫੇਰੂ ਸ਼ਹਿਰ ਵਿਖੇ ਦੋਹਾਂ ਧਿਰਾਂ ਵਿਚਕਾਰ ਹੋਈ ਗਹਿਗੱਚ ਲੜਾਈ ਦਾ ਵਰਣਨ ਹੈ।

ਵਿਆਖਿਆ : ਫੇਰੂ ਸ਼ਹਿਰ ਦੇ ਮੈਦਾਨ ਵਿੱਚ ਲਾਰਡ ਹੈਨਰੀ ਹਾਰਡਿੰਗ ਦੇ ਹੱਲਾ-ਸ਼ੇਰੀ ਦੇਣ ਨਾਲ ਅੰਗਰੇਜ਼ੀ ਫ਼ੌਜਾਂ ਇਕ ਦਮ ਡਟ ਗਈਆਂ। ਉਨ੍ਹਾਂ ਸਤਲੁਜ ਦਰਿਆ ਦੇ ਕੰਢੇ ਕੋਲ ਸਿੱਖ ਫ਼ੌਜਾਂ ਉੱਤੇ ਭਿਆਨਕ ਹਮਲਾ ਕਰ ਦਿੱਤਾ। ਉਨ੍ਹਾਂ (ਅੰਗਰੇਜ਼ਾਂ ਫ਼ੌਜਾਂ) ਨੇ ਸਿੱਖ ਫ਼ੌਜਾਂ ਉੱਤੇ ਗੋਲੀਆਂ ਚਲਾ-ਚਲਾ ਕੇ ਸਾਰੀਆਂ ਮੈਗਜ਼ੀਨਾਂ ਫੂਕ ਦਿੱਤੀਆਂ ਤੇ ਇਸ ਤਰ੍ਹਾਂ ਸਾਰਾ ਦਾਰੂ-ਸਿੱਕਾ ਮੁਕਾ ਦਿੱਤਾ। ਅੰਗਰੇਜ਼ੀ ਫ਼ੌਜ ਦੀ ਲੜਾਈ ਦੀ ਮਾਰ ਨਾ ਸਹਿੰਦੀ ਹੋਈ ਸਿੱਖ ਫ਼ੌਜ ਦੌੜ ਪਈ ਤੇ ਉਸ ਨੇ ਦੌੜਦਿਆਂ ਸਾਰਾ ਜੰਗੀ ਸਮਾਨ, ਛੌਲਦਾਰੀਆਂ ਤੇ ਤੰਬੂ ਆਦਿ ਪਿੱਛੇ ਛੱਡ ਦਿੱਤੇ। ਇਸ ਲੜਾਈ ਵਿੱਚ ਸਿੱਖ ਫ਼ੌਜਾਂ (ਤੇਜਾ ਸਿੰਘ ਦੀ ਗ਼ੱਦਾਰੀ ਕਾਰਨ) ਦੌੜ ਪਈਆਂ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ (ਸਿੱਖ ਫ਼ੌਜਾਂ ਨੇ) ਅੰਗਰੇਜ਼ੀ ਫ਼ੌਜਾਂ ਦੇ ਅਜਿਹੇ ਦੰਦ ਖੱਟੇ ਕੀਤੇ ਸਨ ਕਿ ਉਹ ਵੀ ਭੱਜ ਤੁਰੀਆਂ। ਇਸ ਪ੍ਰਕਾਰ ਭਾਵੇਂ ਗੋਰੇ ਭੱਜੇ ਜਾ ਰਹੇ ਸਨ, ਪਰ ਅਖੀਰ ਮੈਦਾਨ ਅੰਗਰੇਜ਼ਾਂ ਦੇ ਹੱਥ ਹੀ ਰਿਹਾ ਸੀ।