ਸਿੰਘਾਂ ਸਾਰਿਆਂ ਬੈਠ…….ਉਤਾਰੀਏ ਜੀ।


ਸਿੰਘਾਂ ਦਾ ਜੰਗ ਲਈ ਗੁਰਮਤਾ : ਸ਼ਾਹ ਮੁਹੰਮਦ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,

ਚਲੋ ਹੁਣੇ ਫਰੰਗੀ ਨੂੰ ਮਾਰੀਏ ਜੀ।

ਇਕ ਵਾਰ ਜੇ ਸਾਹਮਣੇ ਹੋਇ ਸਾਡੇ,

ਇਕ ਘੜੀ ਵਿੱਚ ਮਾਰ ਉਖਾੜੀਏ ਜੀ।

ਬੀਰ ਸਿੰਘ ਜੇਹੇ ਅਸੀ ਨਹੀਂ ਛੱਡੇ,

ਅਸੀਂ ਕਾਸ ਤੇ ਓਸ ਤੋਂ ਹਾਰੀਏ ਜੀ ।

ਸ਼ਾਹ ਮੁਹੰਮਦਾ ! ਮਾਰ ਕੇ ਲੁਦਿਹਾਣਾ,

ਫੌਜਾਂ ਦਿੱਲੀ ਦੇ ਵਿੱਚ ਉਤਾਰੀਏ ਜੀ।


ਪ੍ਰਸੰਗ : ਇਹ ਕਾਵਿ-ਟੋਟਾ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ‘ਜੰਗਨਾਮਾ ਸਿੰਘਾ ਤੇ ਫਿਰੰਗੀਆਂ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਸਿੰਘਾਂ ਦਾ ਜੰਗ ਲਈ ਗੁਰਮਤਾ’ ਸਿਰਲੇਖ ਹੇਠ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆ ਤੇ ਅੰਤ ਸਿੱਖਾਂ ਦੀ ਹਾਰ ਦਾ ਹਾਲ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਸਤਲੁਜ ਦੇ ਪਾਰਲੇ ਕੰਢੇ ਅੰਗਰੇਜ਼ਾਂ ਦੀ ਹਿਲਜੁਲ ਬਾਰੇ ਸੁਣ ਕੇ ਸਿੱਖ ਸਰਦਾਰਾਂ ਨੇ ਅੰਗਰੇਜ਼ਾਂ ਵਿਰੁੱਧ ਜੰਗ ਕਰਨ ਦਾ ਮਤਾ ਪਾਸ ਕੀਤਾ।

ਵਿਆਖਿਆ : ਜਦੋਂ ਸਿੰਘਾਂ ਨੇ ਸਤਲੁਜ ਦੇ ਪਾਰਲੇ ਕੰਢੇ ਅੰਗਰੇਜ਼ਾਂ ਦੀ ਹਿਲਜੁਲ ਬਾਰੇ ਸੁਣਿਆ ਤਾਂ ਸਾਰੇ ਸਿੱਖ ਸਰਦਾਰਾ ਨੇ ਦੀਵਾਨ ਵਿੱਚ ਬੈਠ ਕੇ ਇਹ ਮਤਾ ਪਾਸ ਕੀਤਾ ਕਿ ਉਹ ਫ਼ੌਜਾਂ ਨਾਲ ਚੜ੍ਹਾਈ ਕਰ ਕੇ ਅੰਗਰੇਜ਼ਾਂ ਨੂੰ ਫ਼ਤਹਿ ਕਰ ਲੈਣ। ਅੰਗਰੇਜ਼ ਸਾਡੇ ਸਾਹਮਣੇ ਕੁੱਝ ਵੀ ਨਹੀਂ ਹਨ। ਇਕ ਵਾਰ ਉਹ ਸਾਡੇ ਸਾਹਮਣੇ ਤਾਂ ਹੋਣ, ਅਸੀਂ ਇਕ ਘੜੀ ਵਿੱਚ ਉਨ੍ਹਾਂ ਨੂੰ ਖ਼ਤਮ ਕਰ ਦਿਆਂਗੇ। ਅਸੀਂ ਤਾਂ ਭਾਈ ਵੀਰ ਸਿੰਘ ਵਰਗੇ ਪ੍ਰਸਿੱਧ ਸੰਤ-ਮਹਾਤਮਾ ਦਾ ਵੀ ਲਿਹਾਜ਼ ਨਹੀਂ ਕੀਤਾ ਤੇ ਉਸ ਨੂੰ ਵੀ ਪਾਰ ਬੁਲਾ ਦਿੱਤਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਕਦੇ ਵੀ ਅੰਗਰੇਜ਼ਾਂ ਤੋਂ ਹਾਰ ਨਹੀਂ ਖਾ ਸਕਦੇ। ਅਸੀਂ ਪਹਿਲਾ ਤਾਂ ਪੰਜਾਬ ਵਿੱਚ ਉਸ ਦਾ ਗੜ੍ਹ ਲੁਧਿਆਣਾ ਫ਼ਤਹਿ ਕਰਾਂਗੇ ਤੇ ਫਿਰ ਮਾਰੋ-ਮਾਰ ਕਰ ਕੇ ਭਾਰਤ ਦੀ ਰਾਜਧਾਨੀ ਦਿੱਲੀ ਉੱਪਰ ਕਬਜ਼ਾ ਕਰਨ ਲਈ ਫ਼ੌਜਾਂ ਉੱਥੇ ਜਾ ਉਤਾਰਾਂਗੇ।


ਔਖੇ ਸ਼ਬਦਾਂ ਦੇ ਅਰਥ

ਗੁਰਮਤਾ : ਸਿੱਖਾਂ ਦਾ ਇਕੱਠੇ ਬੈਠ ਕੇ ਮਤਾ ਪਾਸ ਕਰਨਾ। 

ਫ਼ਰੰਗੀ : ਅੰਗਰੇਜ਼ ।

ਬੀਰ ਸਿੰਘ : ਸਿੱਖ ਰਾਜ ਕਾਲ ਵਿੱਚ ਭਾਈ ਵੀਰ ਸਿੰਘ ਇਕ ਪ੍ਰਸਿੱਧ ਸੰਤ-ਮਹਾਤਮਾ ਸਨ। ਮਾਲਵੇ ਦੇ ਸਿੱਖਾਂ ਵਿੱਚ ਆਪ ਲਈ ਬੜੀ ਸ਼ਰਧਾ ਸੀ। ਆਪ ਦਾ ਡੇਰਾ, ਫ਼ਿਰੋਜ਼ਪੁਰ ਦੇ ਨੇੜੇ ਔਰੰਗਾਬਾਦ ਵਿੱਚ ਸੀ। ਸਿੱਖ ਫ਼ੌਜ ਦੇ ਇਕ ਦਸਤੇ ਦੇ ਤੋਪ ਦੇ ਗੋਲੇ ਨਾਲ ਆਪ ਦੀ ਮੌਤ ਹੋ ਗਈ ਸੀ।

ਲੁਦਿਹਾਣਾ : ਲੁਧਿਆਣਾ ।


‘ਸਿੰਘਾਂ ਦਾ ਜੰਗ ਲਈ ਗੁਰਮਤਾ’ ਕਵਿਤਾ ਦਾ ਕੇਂਦਰੀ ਭਾਵ

ਪ੍ਰਸ਼ਨ. ‘ਸਿੰਘਾਂ ਦਾ ਜੰਗ ਲਈ ਗੁਰਮਤਾ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਅੰਗਰੇਜ਼ਾਂ ਦੀ ਆਪਣੇ ਵਿਰੁੱਧ ਹਿਲਜੁਲ ਬਾਰੇ ਸੁਣ ਕੇ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਦਾ ਟਾਕਰਾ ਕਰਨ ਦਾ ਮਤਾ ਪਾਸ ਕੀਤਾ ਤੇ ਸਮਝਿਆ ਕਿ ਅੰਗਰੇਜ਼ ਉਨ੍ਹਾਂ ਦੀ ਤਾਕਤ ਸਾਹਮਣੇ ਟਿਕ ਨਹੀਂ ਸਕਣਗੇ। ਫਲਸਰੂਪ ਉਹ ਲੁਧਿਆਣੇ ਨੂੰ ਫ਼ਤਹਿ ਕਰਨ ਮਗਰੋਂ ਛੇਤੀ ਹੀ ਦਿੱਲੀ ਉੱਤੇ ਕਬਜ਼ਾ ਕਰ ਲੈਣਗੇ।