ਦੁਹਾਂ ਕੰਧਾਰਾਂ………….. ਵੜੇ ਉਤਾਰੇ।।
ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਦੁਹਾਂ ਕੰਧਾਰਾਂ ਮੁਹਿ ਜੁੜੇ ਦਲ ਘੁਰੇ ਨਗਾਰੇ ॥
ਓਰੜ ਆਏ ਸੂਰਮੇ ਸਿਰਦਾਰ ਰਣਿਆਰੇ ॥
ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ॥
ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ ॥
ਲੈ ਕੇ ਬਰਛੀ ਦੁਰਗਸ਼ਾਹ ਬਹੁ ਦਾਨਵ ਮਾਰੇ ॥
ਚੜੇ ਰਥੀ ਗਜ ਘੋੜਿਈਂ ਮਾਰ ਭੋਇ ਤੇ ਡਾਰੇ।।
ਜਣੁ ਹਲਵਾਈ ਸੀਖ ਨਾਲ ਵਿੰਨ੍ਹ ਵੜੇ ਉਤਾਰੇ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਸਾਹਿਬ ਨੇ ਦੁਰਗਾ ਦੇਵੀ ਦੀ ਅਗਵਾਈ ਹੇਠ ਦੇਵਤਾ-ਫ਼ੌਜ ਦੀ ਦੈਂਤਾਂ ਨਾਲ ਲੜਾਈ ਦਾ ਵਰਣਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਰਾਕਸ਼ਾਂ ਤੇ ਦੇਵਤਿਆਂ ਦੇ ਭਿਆਨਕ ਯੁੱਧ ਅਤੇ ਦੁਰਗਾ ਦੇਵੀ ਹੱਥੋਂ ਬਹੁਤ ਸਾਰੇ ਰਾਕਸ਼ਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ।
ਵਿਆਖਿਆ : ਦੇਵਤਿਆਂ ਤੇ ਰਾਕਸ਼ਾਂ ਦੇ ਦੋਵੇਂ ਦਲ ਆਹਮੋ-ਸਾਹਮਣੇ ਹੋ ਕੇ ਯੁੱਧ ਕਰਨ ਲੱਗੇ। ਦੋਹਾਂ ਦਲਾਂ ਵਿੱਚ ਨਗਾਰੇ ਵੱਜਣ ਲੱਗੇ। ਅਣਖੀਲੇ ਤੇ ਬਹਾਦਰ ਯੋਧੇ ਉੱਲਰ-ਉੱਲਰ ਕੇ ਹਮਲੇ ਕਰਨ ਲਈ ਆਏ। ਉਨ੍ਹਾਂ ਨੇ ਹੱਥਾਂ ਵਿੱਚ ਤਲਵਾਰਾਂ, ਬਰਛੀਆਂ ਤੇ ਹੋਰ ਕਈ ਪ੍ਰਕਾਰ ਦੇ ਹਥਿਆਰਾਂ ਨੂੰ ਸੰਭਾਲਿਆ ਹੋਇਆ ਸੀ। ਉਹ ਸੂਰਮੇ ਟੋਪਾਂ, ਪਟੇਲਾਂ, ਘੋੜਿਆਂ ਦੀਆਂ ਕਾਠੀਆਂ ਤੇ ਗਲ ਵਿੱਚ ਸੰਜੋਆਂ ਨਾਲ ਸ਼ਿੰਗਾਰੇ ਹੋਏ ਸਨ। ਦੁਰਗਾ ਦੇਵੀ ਨੇ ਹੱਥ ਵਿੱਚ ਬਰਛੀ ਫੜ ਕੇ ਬਹੁਤ ਸਾਰੇ ਰਾਕਸ਼ਾਂ ਨੂੰ ਮਾਰਿਆ। ਉਸ ਨੇ ਬਹੁਤ ਸਾਰੇ ਸੂਰਮੇ ਮਾਰ-ਮਾਰ ਕੇ ਧਰਤੀ ‘ਤੇ ਸੁੱਟ ਦਿੱਤੇ। ਉਸ ਨੇ ਉਨ੍ਹਾਂ ਨੂੰ ਬਰਛੀ ਵਿੱਚ ਵਿੰਨ੍ਹ-ਵਿੰਨ੍ਹ ਕੇ ਇਸ ਤਰ੍ਹਾਂ ਮਾਰਿਆ, ਜਿਵੇਂ ਹਲਵਾਈ ਤਲੇ ਹੋਏ ਵੜੇ ਕੱਢਣ ਲਈ ਸੀਖ ਨਾਲ ਵਿੰਨ੍ਹਦਾ ਹੈ।