ਨੂਨ ਨਜ਼ਰ ਕੀਤੀ…………ਮਾਉਂ ਦੇ ਦਰਦ ਵੰਡੇ।
ਕਾਵਿ ਟੁਕੜੀ : ਮਾਂ-ਪੁੱਤਰ ਦਾ ਮੇਲ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਨੂਨ ਨਜ਼ਰ ਕੀਤੀ ਪੂਰਨ ਪਰਤ ਡਿੱਠਾ, ਮਾਤਾ ਆਂਵਦੀ ਏ ਕਿਸੇ ਹਾਲ ਮੰਦੇ ।
ਅੱਡੀ ਖੋੜਿਆਂ ਨਾਲ ਬਿਹੋਸ਼ ਹੋਈ, ਉਹ ਨੂੰ ਨਜ਼ਰ ਨਾ ਆਂਵਦੇ ਖ਼ਾਰ ਕੰਡੇ ।
ਪੂਰਨ ਵੇਖ ਕੇ ਸਹਿ ਨਾ ਸਕਿਆ ਈ, ਰੋਇ ਉੱਠਿਆ ਹੋਇ ਹੈਰਾਨ ਬੰਦੇ ।
ਕਾਦਰਯਾਰ ਮੀਆਂ ਅੱਗੋਂ ਉੱਠ ਪੂਰਨ, ਦੇਖਾਂ ਕਿਸ ਤਰ੍ਹਾਂ ਮਾਉਂ ਦੇ ਦਰਦ ਵੰਡੇ।
ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ- ਮਾਲਾ’ ਕਾਵਿ-ਸੰਗ੍ਰਹਿ ਵਿੱਚ ‘ਮਾਂ-ਪੁੱਤਰ ਦਾ ਮੇਲ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ- ਕਥਾ ਬਿਆਨ ਕੀਤੀ ਹੈ । ਇਸ ਕਾਵਿ-ਟੋਟੇ ਦਾ ਸੰਬੰਧ ਉਸ ਘਟਨਾ ਨਾਲ ਹੈ ਜਦੋਂ ਜੋਗੀ ਬਣਿਆ ਪੂਰਨ ਸਿਆਲਕੋਟ ਵਿਖੇ ਆਪਣੇ ਬਾਗ਼ ਵਿੱਚ ਆਉਂਦਾ ਹੈ ਤੇ ਉਸ ਦੀ ਮਹਿਮਾ ਸੁਣ ਕੇ ਪੁੱਤਰ-ਵਿਛੋੜੇ ਵਿੱਚ ਰੋ-ਰੋ ਕੇ ਅੰਨ੍ਹੀ ਹੋਈ ਮਾਂ ਇੱਛਰਾਂ ਉਸ ਨੂੰ ਮਿਲਣ ਲਈ ਆਉਂਦੀ ਹੈ ।ਇਨ੍ਹਾਂ ਸਤਰਾਂ ਵਿੱਚ ਕਵੀ ਮਾਂ-ਪੁੱਤਰ ਦੇ ਮਿਲਾਪ ਦੀ ਝਾਕੀ ਪੇਸ਼ ਕਰਦਾ ਹੈ।
ਵਿਆਖਿਆ : ਕਾਦਰਯਾਰ ਲਿਖਦਾ ਹੈ ਕਿ ਪੂਰਨ ਨੇ ਮੁੜ ਕੇ ਨਜ਼ਰ ਭਰ ਕੇ ਦੇਖਿਆ ਕਿ ਉਸ ਦੀ ਮਾਤਾ ਇੱਛਰਾਂ ਬੜੀ ਮੰਦੀ ਹਾਲਤ ਵਿੱਚ ਉਸ ਵਲ ਆ ਰਹੀ ਸੀ। ਉਹ ਰਾਹ ਵਿੱਚ ਠੇਡੇ ਖਾਣ ਕਾਰਨ ਬੇਹੋਸ਼ ਜਿਹੀ ਹੋ ਗਈ ਸੀ, ਕਿਉਂਕਿ ਅੰਨ੍ਹੀ ਹੋਣ ਕਾਰਨ ਉਸ ਨੂੰ ਰਸਤੇ ਵਿਚਲੀਆਂ ਰੁਕਾਵਟਾਂ ਤੇ ਕੰਡੇ ਆਦਿ ਦਿਖਾਈ ਨਹੀਂ ਸਨ ਦੇ ਰਹੇ। ਇਹ ਦੇਖ ਕੇ ਪੂਰਨ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਰੋਂਦਾ ਹੋਇਆ ਉੱਠ ਪਿਆ। ਉਸ ਦੀ ਇਹ ਹਾਲਤ ਦੇਖ ਕੇ ਉੱਥੇ ਬੈਠੇ ਬੰਦੇ ਹੈਰਾਨ ਰਹਿ ਗਏ। ਕਵੀ ਕਹਿੰਦਾ ਹੈ ਕਿ ਦੇਖੋ, ਪੂਰਨ ਉੱਠ ਕੇ ਮਾਂ ਦੇ ਦਰਦ ਕਿਸ ਤਰ੍ਹਾਂ ਵੰਡਾਉਂਦਾ ਹੈ?