CBSEEducationKavita/ਕਵਿਤਾ/ कविताNCERT class 10thPunjab School Education Board(PSEB)

ਕੁਛ ਡਿਗਦੀ…………..ਪ੍ਰੀਤ ਸੰਪੂਰਨ ਜੈਂਦੀ।


ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਕੁਛ ਡਿਗਦੀ, ਕੁਛ ਢਹਿੰਦੀ ਉੱਠਦੀ, ਬਹਿੰਦੀ ਤੇ ਦਮ ਲੈਂਦੀ।

ਜਿਉਂ ਕਰ ਤੋਟ ਸ਼ਰਾਬੋਂ ਆਵੇ, ਫੇਰ ਉੱਤੇ ਵਲ ਵੈਂਦੀ ।

ਢੂੰਡੇ ਖੋਜ ਸ਼ੁਤਰ ਦਾ ਕਿਤ ਵਲ ਹਰਗਿਜ਼ ਭਾਲ ਨਾ ਪੈਂਦੀ।

ਹਾਸ਼ਮ ਜਗਤ ਨਾ ਕਿਉਂ ਕਰ ਗਾਵੇ, ਪ੍ਰੀਤ ਸੰਪੂਰਨ ਜੈਂਦੀ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਰੂਥਲ ਵਿੱਚ ਆਪਣੇ ਪ੍ਰੀਤਮ ਪੁੰਨੂੰ ਦੀ ਡਾਚੀ ਦਾ ਖੁਰਾ ਲੱਭ ਰਹੀ ਸੱਸੀ ਦੀ ਦੁੱਖ ਭਰੀ ਅਵਸਥਾ ਨੂੰ ਬਿਆਨ ਕੀਤਾ ਹੈ।

ਵਿਆਖਿਆ : ਤਪਦੇ ਮਾਰੂਥਲ ਵਿੱਚ ਸੱਸੀ ਕੁੱਝ ਡਿਗਦੀ-ਢਹਿੰਦੀ ਤੇ ਕੁੱਝ ਉੱਠਦੀ-ਬਹਿੰਦੀ ਹੋਈ ਦਮ ਲੈ-ਲੈ ਕੇ ਜਾ ਰਹੀ ਸੀ। ਇਸ ਤਰ੍ਹਾਂ ਲਗਦਾ ਸੀ, ਜਿਵੇਂ ਕਿਸੇ ਨੂੰ ਸ਼ਰਾਬ ਦੀ ਤੋਟ ਆ ਗਈ ਹੋਵੇ। ਉਹ ਡਿਗਣ ਮਗਰੋਂ ਫਿਰ ਉੱਠਦੀ ਸੀ ਤੇ ਅੱਗੇ ਚਲ ਪੈਂਦੀ ਸੀ। ਉਹ ਲੱਭ ਰਹੀ ਸੀ ਕਿ ਉਸ ਨੂੰ ਕਿਸੇ ਪਾਸੇ ਪੁੰਨੂੰ ਦੇ ਊਠ ਦਾ ਖੁਰਾ ਮਿਲ ਜਾਵੇ, ਪਰ ਉਸ ਨੂੰ ਉਹ ਕਿਸੇ ਪਾਸੇ ਮਿਲ ਨਹੀਂ ਸੀ ਰਿਹਾ। ਹਾਸ਼ਮ ਕਹਿੰਦਾ ਹੈ ਕਿ ਇਸ ਤਰ੍ਹਾਂ ਜਿਹੜੇ ਪ੍ਰੇਮੀ ਪਿਆਰ ਨੂੰ ਤੋੜ ਨਿਭਾਉਂਦੇ ਹਨ, ਸੰਸਾਰ ਉਨ੍ਹਾਂ ਦੀ ਪ੍ਰੀਤ ਦੇ ਕਿੱਸੇ ਗਾਉਂਦਾ ਹੈ।