ਦਿਲ ਵਿਚ ਤਪਸ਼…….. ਟੁੱਟ ਗਿਆ ਮਾਣ ਨਿਮਾਣੀ।
ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਦਿਲ ਵਿਚ ਤਪਸ਼ ਥਲਾਂ ਦੀ ਗਰਮੀ, ਆਣ ਫ਼ਿਰਾਕ ਰੰਞਾਣੀ।
ਕਿਚਰਕੁ ਨੈਣ ਦੇਣ ਦਿਲਬਰੀਆਂ, ਚੋਣ ਲਬਾਂ ਵਿਚ ਪਾਣੀ।
ਫਿਰ ਫਿਰ ਡਾਢ ਕਰੇਂ ਹੱਠ ਦਿਲ ਦਾ, ਪਰ ਜਦ ਬਹੁਤ ਵਿਹਾਣੀ।
ਹਾਸ਼ਮ ਯਾਦ ਭੰਬੋਰ ਪਇਓ ਸੂ, ਟੁੱਟ ਗਿਆ ਮਾਣ ਨਿਮਾਣੀ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ-ਕਹਾਣੀ ਦੀ ਉਸ ਘਟਨਾ ਨੂੰ ਬਿਆਨ ਕੀਤਾ ਹੈ, ਜਦੋਂ ਸੱਸੀ ਵਿਛੜੇ ਪੁੰਨੂੰ ਦੀ ਭਾਲ ਵਿੱਚ ਮਾਰੂਥਲ ਵਲ ਤੁਰ ਪੈਂਦੀ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਤੇ ਬਿਰਹੋਂ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰ ਉਹ ਆਪਣਾ ਸਿਦਕ ਨਹੀਂ ਹਾਰਦੀ।
ਵਿਆਖਿਆ : ਸੱਸੀ ਦੇ ਦਿਲ ਵਿੱਚ ਪੁੰਨੂੰ ਦੇ ਵਿਛੋੜੇ ਦੀ ਤਪਸ਼ ਸੀ ਅਤੇ ਬਾਹਰ ਮਾਰੂਥਲ ਦੀ ਗਰਮੀ ਸੀ। ਇਨ੍ਹਾਂ ਚੀਜ਼ਾਂ ਨੇ ਸੱਸੀ ਦੇ ਦਿਲ ਨੂੰ ਬਹੁਤ ਹੀ ਦੁਖੀ ਕਰ ਦਿੱਤਾ। ਉਸ ਦੇ ਨੈਣ ਕਿੰਨਾ ਕੁ ਚਿਰ ਦਿਲਬਰੀਆਂ ਦੇ ਸਕਦੇ ਸਨ? ਉਹ ਰੋ-ਰੋ ਕੇ ਉਸ ਦੇ ਪਿਆਸੇ ਬੁੱਲ੍ਹਾਂ ਵਿੱਚ ਪਾਣੀ ਚੋ ਰਹੇ ਸਨ। ਉਸ ਦੇ ਦਿਲ ਵਿੱਚ ਮੁੜ-ਮੁੜ ਕੇ ਇਕ ਬੇਕਰਾਰੀ ਜਿਹੀ ਉੱਠਦੀ ਸੀ। ਪਰ ਜਦੋਂ ਇਸ ਤਰ੍ਹਾਂ ਅੱਤ ਹੀ ਹੋ ਗਈ, ਤਾਂ ਉਸ ਨੂੰ ਭੰਬੋਰ ਸ਼ਹਿਰ ਯਾਦ ਆਇਆ, ਜਿੱਥੋਂ ਦੀ ਉਹ ਸ਼ਹਿਜ਼ਾਦੀ ਸੀ, ਪਰ ਹੁਣ ਉਸ ਨਿਮਾਣੀ ਦਾ ਮਾਣ ਟੁੱਟ ਚੁੱਕਾ ਸੀ।