ਨਾਜ਼ਕ ਪੈਰ……….. ਦਿਲ ਹਾਰੇ।


ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਨਾਜ਼ਕ ਪੈਰ ਗੁਲਾਬ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ ।

ਆਸ਼ਕ ਵੇਖ ਬਹੇ ਇੱਕ ਵਾਰੀ, ਜੀਉ ਤਿਨ੍ਹਾਂ ਪਰ ਵਾਰੇ ।

ਬਾਲੂ ਰੇਤ ਤਪੇ ਵਿੱਚ ਥਲ ਦੇ, ਭੁੰਨਣ ਜੌਂ ਭਠਿਆਰੇ ।

ਹਾਸ਼ਮ ਵੇਖ ਯਕੀਨ ਸੱਸੀ ਦਾ, ਫੇਰ ਨਹੀਂ ਦਿਲ ਹਾਰੇ।

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’
ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ-ਕਹਾਣੀ ਦੀ ਉਸ ਘਟਨਾ ਨੂੰ ਬਿਆਨ ਕੀਤਾ ਹੈ, ਜਦੋਂ ਸੱਸੀ ਵਿਛੜੇ ਪੁੰਨੂੰ ਦੀ ਭਾਲ ਕਰਦੀ ਹੋਈ ਤਪਦੇ ਮਾਰੂਥਲ ਵਿੱਚ ਅੱਗੇ ਹੀ ਅੱਗੇ ਤੁਰਦੀ ਜਾਂਦੀ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਤੇ ਬਿਰਹੋਂ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰੰਤੂ ਉਹ ਸਿਦਕ ਨਹੀਂ ਹਾਰਦੀ।

ਵਿਆਖਿਆ : ਮਾਰੂਥਲ ਵਿੱਚ ਪੁੰਨੂੰ ਦੀ ਡਾਚੀ ਦੀ ਪੈੜ ਨੂੰ ਲੱਭ ਰਹੀ ਸੱਸੀ ਦੇ ਪੈਰ ਗੁਲਾਬ ਵਰਗੇ ਨਾਜ਼ਕ ਤੇ ਸੁੰਦਰ ਹੋਣ ਤੋਂ ਇਲਾਵਾ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ। ਜੇਕਰ ਕੋਈ ਆਸ਼ਕ ਉਨ੍ਹਾਂ ਨੂੰ ਵੇਖ ਲੈਂਦਾ ਸੀ, ਤਾਂ ਉਹ ਉਨ੍ਹਾਂ ਦੀ ਖ਼ਾਤਰ ਜਾਨ ਵਾਰ ਦੇਣ ਲਈ ਤਿਆਰ ਹੋ ਜਾਂਦਾ ਸੀ। ਮਾਰੂਥਲ ਵਿੱਚ ਬਾਲੂ ਰੇਤ ਓਨੀ ਤਪ ਰਹੀ ਸੀ, ਜਿੰਨੀ ਤਪਦੀ ਰੇਤ ਵਿੱਚ ਭਠਿਆਰੇ ਜੌਂ ਭੁੰਨਦੇ ਹਨ। ਪਰ ਹਾਸ਼ਮ ਸ਼ਾਹ ਆਖਦਾ ਹੈ, ਸੱਸੀ ਦਾ ਯਕੀਨ ਦੇਖੋ, ਉਹ ਸਿਦਕ ਤੋਂ ਪਿੱਛੋਂ ਨਹੀਂ ਹਟੀ ਤੇ ਤਪਦੀ ਰੇਤ ਉੱਪਰ ਹੀ ਤੁਰਦੀ ਗਈ।