ਕਰ ਅਸਬਾਬ………. ਸ਼ਮਸ ਕਮਰ ਦਾ।
ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਕਰ ਅਸਬਾਬ ਲਇਆ ਸ਼ਹਿਜ਼ਾਦੀ, ਫੜਿਆ ਰਾਹੁ ਸ਼ੁਤਰ ਦਾ।
ਪਾਣੀ ਖੂਨ, ਖ਼ੁਰਾਕ ਕਲੇਜਾ, ਰਹਿਬਰੁ ਦਰਦੁ ਹਿਜਰ ਦਾ।
ਗਲ ਵਿਚ ਵਾਲ, ਅਖੀਂ ਵਿਚ ਸੁਰਖ਼ੀ, ਸੋਜ਼ ਜਨੂੰਨ ਕਹਿਰ ਦਾ।
ਹਾਸ਼ਮ ਵੇਖ ਹਵਾਲ ਕਲੇਜਾ, ਘਾਇਲ ਸ਼ਮਸ ਕਮਰ ਦਾ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸੱਸੀ-ਪੁੰਨੂੰ ਦੀ ਪ੍ਰੀਤ ਕਹਾਣੀ ਦੀ ਉਸ ਘਟਨਾ ਨੂੰ ਬਿਆਨ ਕੀਤਾ ਹੈ. ਜਦੋਂ ਸੱਸੀ ਵਿਛੜੇ ਪੁੰਨੂੰ ਦੀ ਭਾਲ ਵਿੱਚ ਮਾਰੂਥਲ ਵਲ ਤੁਰ ਪੈਂਦੀ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਮਾਰੂਥਲ ਵਿੱਚ ਆਪਣੇ ਦਿਲਬਰ ਪੁੰਨੂੰ ਦਾ ਪਿੱਛਾ ਕਰ ਰਹੀ ਸੱਸੀ ਦੀ ਦੁੱਖ ਭਰੀ ਹਾਲਤ ਦਾ ਵਰਣਨ ਕੀਤਾ ਹੈ।
ਵਿਆਖਿਆ : ਸ਼ਹਿਜ਼ਾਦੀ ਸੱਸੀ ਨੇ ਆਪਣੇ ਵਿਛੜੇ ਪ੍ਰੀਤਮ ਨੂੰ ਪਾਉਣ ਲਈ ਸਾਰੀ ਤਿਆਰੀ ਕਰ ਕੇ ਖ਼ਤਰਿਆਂ ਭਰਿਆ ਰਾਹ ਫੜ ਲਿਆ। ਉਸ ਨੇ ਆਪਣੇ ਖ਼ੂਨ ਨੂੰ ਪਾਣੀ ਤੇ ਕਲੇਜੇ ਨੂੰ ਖ਼ੁਰਾਕ ਬਣਾ ਕੇ ਜਿਗਰ ਦੇ ਦਰਦ ਨੂੰ ਰਾਹ ਦੱਸਣ ਵਾਲਾ ਬਣਾ ਲਿਆ। ਉਸ ਦੇ ਗਲ ਵਿੱਚ ਉਸ ਦੇ ਖੁੱਲ੍ਹੇ ਹੋਏ ਵਾਲ ਪਏ ਹੋਏ ਸਨ। ਉਸ ਦੀਆਂ ਅੱਖਾਂ ਵਿੱਚ ਲਾਲੀ ਸੀ ਅਤੇ ਦਿਲ ਵਿੱਚ ਇਸ਼ਕ ਦਾ ਕਹਿਰੀ ਜਨੂੰਨ ਤੇ ਦਰਦ ਸੀ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਉਸ ਦੀ ਹਾਲਤ ਦੇਖ ਕੇ ਤਾਂ ਸੂਰਜ ਅਤੇ ਚੰਦ ਦਾ ਕਲੇਜਾ ਵੀ ਘਾਇਲ ਹੁੰਦਾ ਸੀ ।