ਫਰੀਦਾ ਚਾਰਿ ਗਵਾਇਆ………ਆਹੋ ਕੇਰੇ ਕੰਮਿ॥
ਸੂਫ਼ੀ ਕਾਵਿ : ਸ਼ੇਖ਼ ਫ਼ਰੀਦ ਜੀ (ਸਲੋਕ)
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ॥
ਲੇਖਾ ਰਬੁ ਮੰਗੇਸੀਆ ਤੂੰ ਆਹੋ ਕੇਰੇ ਕੰਮਿ ॥
ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ਸਲੋਕ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਫ਼ਰੀਦ ਜੀ ਮਨੁੱਖ ਨੂੰ ਸਮੇਂ ਨੂੰ ਵਿਅਰਥ ਗੁਆਉਣ ਦੀ ਥਾਂ ਇਸ ਨੂੰ ਨੇਕ ਅਮਲ ਕਰਨ ਵਿੱਚ ਲਾਉਣ ਦੀ ਪ੍ਰੇਰਨਾ ਦਿੰਦੇ ਹਨ।
ਵਿਆਖਿਆ : ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਤੂੰ ਦਿਨ ਦੇ ਚਾਰ ਪਹਿਰ ਦੁਨੀਆ ਦੇ ਪਦਾਰਥਾਂ ਨੂੰ ਇਕੱਠੇ ਕਰਨ ਲਈ ਦੌੜ-ਭੱਜ ਵਿੱਚ ਗੁਆ ਦਿੱਤੇ ਹਨ ਅਤੇ ਰਾਤ ਦੇ ਚਾਰ ਪਹਿਰ ਸੌਂ ਕੇ ਗੁਆ ਦਿੱਤੇ ਹਨ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੱਬ ਨੇ ਤੇਰੇ ਕੋਲੋਂ ਹਿਸਾਬ ਮੰਗਣਾ ਹੈ ਕਿ ਤੂੰ ਦੁਨੀਆ ਵਿੱਚ ਕਿਸ ਕੰਮ ਲਈ ਆਇਆ ਸੈਂ, ਪਰ ਤੂੰ ਇੱਥੇ ਆ ਕੇ ਕਰਦਾ ਕੀ ਰਿਹਾ ਹੈ। ਇਸ ਕਰਕੇ ਤੈਨੂੰ ਆਪਣਾ ਦਿਨ-ਰਾਤ ਦਾ ਸਮਾਂ ਨਾਮ-ਸਿਮਰਨ ਅਤੇ ਨੇਕ ਅਮਲਾਂ ਵਿੱਚ ਲਾਉਣਾ ਚਾਹੀਦਾ ਹੈ।
‘ਫਰੀਦਾ ਚਾਰਿ ਗਵਾਇਆ………’ ਵਾਲੇ ਸਲੋਕ ਦਾ ਕੇਂਦਰੀ ਭਾਵ
ਪ੍ਰਸ਼ਨ. ‘ਫਰੀਦਾ ਚਾਰਿ ਗਵਾਇਆ………’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਮਨੁੱਖ ਨੂੰ ਦਿਨ ਦੇ ਸਮੇਂ ਨੂੰ ਸੰਸਾਰਿਕ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਤੇ ਰਾਤ ਦੇ ਸਮੇਂ ਨੂੰ ਸੌਣ ਵਿੱਚ ਗੁਜ਼ਾਰਨ ਦੀ ਥਾਂ ਨਾਮ-ਸਿਮਰਨ ਤੇ ਨੇਕ ਅਮਲ ਕਰਨ ਵਿੱਚ ਗੁਜ਼ਾਰਨਾ ਚਾਹੀਦਾ ਹੈ।
ਫਰੀਦਾ ਜਿਨੀ ਕੰਮੀ……….ਸਾਂਈ ਦੈ ਦਰਬਾਰਿ ॥
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਪ੍ਰਸੰਗ : ਇਹ ਸਲੋਕ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਸਲੋਕ ਵਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਉਨ੍ਹਾਂ ਕੋਝੇ ਕੰਮਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ ਹੈ, ਜਿਨ੍ਹਾਂ ਤੋਂ ਉਸ ਨੂੰ ਕੋਈ ਆਤਮਿਕ ਲਾਭ ਪ੍ਰਾਪਤ ਨਹੀਂ ਹੁੰਦਾ।
ਵਿਆਖਿਆ : ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਜਿਨ੍ਹਾਂ ਕੰਮਾਂ ਤੋਂ ਤੈਨੂੰ ਕੋਈ ਆਤਮਿਕ ਲਾਭ ਨਹੀਂ, ਤੈਨੂੰ ਉਨ੍ਹਾਂ ਕੋਝੇ ਕੰਮਾਂ ਦਾ ਤਿਆਗ ਕਰਨਾ ਚਾਹੀਦਾ ਹੈ। ਜੇਕਰ ਤੂੰ ਆਤਮਿਕ ਲਾਭ ਨਾ ਦੇਣ ਵਾਲੇ ਕੰਮਾਂ ਦਾ ਤਿਆਗ ਨਹੀਂ ਕਰੇਂਗਾ, ਤਾਂ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇਗਾ।
‘ਫਰੀਦਾ ਜਿਨੀ ਕੰਮੀ ਨਾਹਿ ਗੁਣ ‘ ਵਾਲੇ ਸਲੋਕ ਦਾ ਕੇਂਦਰੀ ਭਾਵ
ਪ੍ਰਸ਼ਨ. ‘ਫਰੀਦਾ ਜਿਨੀ ਕੰਮੀ ਨਾਹਿ ਗੁਣ ‘ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਮਨੁੱਖ ਨੂੰ ਉਨ੍ਹਾਂ ਕੰਮਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਤੋਂ ਉਸ ਨੂੰ ਕੋਈ ਆਤਮਿਕ ਲਾਭ ਨਾ ਹੋਵੇ, ਨਹੀਂ ਤਾਂ ਉਸ ਨੂੰ ਰੱਬ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇਗਾ।
ਫਰੀਦਾ ਕਾਲੇ ਮੈਡੇ……….ਲੋਕੁ ਕਹੈ ਦਰਵੇਸੁ ॥
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥
ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ‘ਸਲੋਕ’ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਸਲੋਕ ਵਿੱਚ ਫ਼ਰੀਦ ਜੀ ਨੇ ਪਖੰਡ ਭਰੀ ਫ਼ਕੀਰੀ ਦੀ ਨਿਖੇਧੀ ਕੀਤੀ ਹੈ।
ਵਿਆਖਿਆ : ਫ਼ਰੀਦ ਜੀ ਕਹਿੰਦੇ ਹਨ ਕਿ ਮੇਰੇ ਕੱਪੜੇ ਤਾਂ ਫ਼ਕੀਰਾਂ ਵਾਂਗ ਕਾਲੇ ਹਨ, ਮੇਰਾ ਪਹਿਰਾਵਾ ਕਾਲਾ ਹੈ ਪਰ ਮੇਰੇ ਅੰਦਰ ਫ਼ਕੀਰਾਂ ਵਾਲੇ ਗੁਣ ਨਹੀਂ ਹਨ। ਮੈਂ ਅੰਦਰੋਂ ਗੁਨਾਹਾਂ ਨਾਲ ਭਰਿਆ ਫਿਰਦਾ ਹਾਂ, ਪਰ ਸੰਸਾਰ ਦੇ ਲੋਕ ਮੈਨੂੰ ਫ਼ਕੀਰ ਆਖਦੇ ਹਨ। ਅਸਲ ਧਰਮੀ ਬੰਦੇ ਦਾ ਜੀਵਨ ਅਜਿਹਾ ਪਖੰਡ ਤੇ ਦਿਖਾਵੇ ਭਰਿਆ ਨਹੀਂ ਹੁੰਦਾ, ਸਗੋਂ ਉਸ ਦਾ ਅੰਦਰ ਸ਼ੁੱਧ ਹੁੰਦਾ ਹੈ।
‘ਫਰੀਦਾ ਕਾਲੇ ਮੈਡੇ ਕਪੜੇ….’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ
ਪ੍ਰਸ਼ਨ. ‘ਫਰੀਦਾ ਕਾਲੇ ਮੈਡੇ ਕਪੜੇ….’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।
ਉੱਤਰ : ਅਸਲ ਧਰਮੀ ਬੰਦੇ ਦਾ ਜੀਵਨ ਪਖੰਡ ਤੇ ਦਿਖਾਵੇ ਭਰਿਆ ਨਹੀਂ ਹੁੰਦਾ, ਸਗੋਂ ਉਸ ਦਾ ਅੰਦਰ ਸ਼ੁੱਧ ਹੁੰਦਾ ਹੈ।
ਫਰੀਦਾ ਬੁਰੇ ਦਾ ਭਲਾ………….ਸਭੁ ਕਿਛੁ ਪਾਇ ॥
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥
ਪ੍ਰਸੰਗ : ਇਹ ਕਾਵਿ-ਟੋਟਾ ਸ਼ੇਖ਼ ਫ਼ਰੀਦ ਜੀ ਦਾ ਰਚਿਆ ਹੋਇਆ ਇਕ ‘ਸਲੋਕ’ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ। ਇਸ ਸਲੋਕ ਵਿੱਚ ਫ਼ਰੀਦ ਜੀ ਮਨੁੱਖ ਨੂੰ ਬੁਰੇ ਦਾ ਭਲਾ ਕਰਨ ਤੇ ਗੁੱਸੇ ਨੂੰ ਮਨ ਵਿੱਚ ਨਾ ਰੱਖਣ ਦਾ ਉਪਦੇਸ਼ ਦਿੰਦੇ ਹਨ।
ਵਿਆਖਿਆ : ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਤੂੰ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਹੀ ਕਰ। ਗੁੱਸਾ ਮਨ ਵਿੱਚ ਨਾ ਆਉਣ ਦੇ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲਗਦਾ ਤੇ ਉਸ ਵਿੱਚ ਹਰ ਇਕ ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਭਾਵ ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਵੀ ਭਲਾਈ ਕਰਨੀ ਚਾਹੀਦੀ ਹੈ।
‘ਫਰੀਦਾ ਬੁਰੇ ਦਾ ਭਲਾ ਕਰਿ……..’ ਵਾਲੇ ਸਲੋਕ ਦਾ ਕੇਂਦਰੀ ਭਾਵ
ਪ੍ਰਸ਼ਨ. ‘ਫਰੀਦਾ ਬੁਰੇ ਦਾ ਭਲਾ ਕਰਿ……..’ ਵਾਲੇ ਸਲੋਕ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।
ਉੱਤਰ : ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਵੀ ਭਲਾਈ ਹੀ ਕਰਨੀ ਚਾਹੀਦੀ ਹੈ ਤੇ ਗੁੱਸਾ ਮਨ ਵਿੱਚ ਨਹੀਂ ਆਉਣ ਦੇਣਾ ਚਾਹੀਦਾ। ਇਸ ਤਰ੍ਹਾਂ ਉਸ ਦਾ ਸਰੀਰ ਅਰੋਗ ਰਹਿੰਦਾ ਹੈ ਤੇ ਉਸ ਵਿੱਚ ਹਰ ਚੰਗਾ ਗੁਣ ਸਾਂਭਿਆ ਰਹਿੰਦਾ ਹੈ।