ਆਪਿ ਭਲਾ ਸਭੁ ਜਗੁ ਭਲਾ……..ਸੁ ਟੋਟੀ ਰੇਖੈ ॥


ਆਪਿ ਭਲਾ ਸਭੁ ਜਗੁ ਭਲਾ : ਭਾਈ ਗੁਰਦਾਸ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ ॥

ਆਪ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ॥

ਕਿਸਨੁ ਸਹਾਈ ਪਾਂਡਵਾ ਭਾਇ ਭਗਤਿ ਕਰਤੂਤਿ ਵਿਸੇਖੈ॥

ਵੈਰ ਭਾਉ ਚਿਤਿ ਕੈਰਵਾ ਗਣਤੀ ਗਣਨਿ ਅੰਦਰਿ ਕਾਲੇਖੇ॥

ਭਲਾ ਬੁਰਾ ਪਰਵੰਨਿਆ ਭਾਲਣ ਗਏ ਦਿਸਟਿ ਸਰੇਖੈ॥

ਬੁਰਾ ਨ ਕੋਈ ਜੁਧਿਸਟਰੈ ਦੁਰਯੋਧਨ ਕੋ ਭਲਾ ਨਾ ਦੇਖੈ॥

ਕਰਵੈ ਹੋਇ ਸੁ ਟੋਟੀ ਰੇਖੈ ॥

ਪ੍ਰਸੰਗ : ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦੀ ਰਚਨਾ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਆਪਿ ਭਲਾ ਸਭ ਜਗੁ ਭਲਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਹਰ ਇਕ ਮਨੁੱਖ ਨੂੰ ਉਸ ਦੀ ਆਪਣੀ ਭਾਵਨਾ ਦਾ ਹੀ ਫਲ ਪ੍ਰਾਪਤ ਹੁੰਦਾ ਹੈ। ਭਲੇ ਨੂੰ ਸਾਰੇ ਭਲੇ ਦਿਸਦੇ ਹਨ ਅਤੇ ਬੁਰੇ ਨੂੰ ਸਾਰੇ ਬੁਰੇ ਦਿਸਦੇ ਹਨ।

ਵਿਆਖਿਆ : ਭਾਈ ਗੁਰਦਾਸ ਜੀ ਫ਼ਰਮਾਉਂਦੇ ਹਨ ਕਿ ਭਲਾ ਕਰਨ ਵਾਲੇ ਨੂੰ ਸਾਰਾ ਸੰਸਾਰ ਹੀ ਭਲਾ ਕਰਨ ਵਾਲਾ ਦਿਸਦਾ ਹੈ। ਉਹ ਸਾਰਿਆਂ ਨੂੰ ਭਲਾ ਕਰ ਕੇ ਹੀ ਦੇਖਦਾ ਹੈ। ਜਿਹੜਾ ਆਪ ਬੁਰਾ ਹੈ, ਉਸ ਨੂੰ ਸਾਰਾ ਸੰਸਾਰ ਹੀ ਬੁਰਾ ਦਿਖਾਈ ਦਿੰਦਾbਹੈ। ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਸਹਾਇਤਾ ਕੀਤੀ, ਕਿਉਂਕਿ ਉਨ੍ਹਾਂ ਵਿੱਚ ਭਗਤੀ ਭਾਵ ਦੀ ਕਰਤੂਤ ਬਹੁਤੀ ਸੀ। ਕੌਰਵਾਂ ਦੇ ਦਿਲ ਵਿੱਚ ਵੈਰ ਭਾਵ ਸੀ। ਉਹ ਦਿਲ ਵਿੱਚ ਵੈਰ ਦੀ ਹੀ ਗਿਣਤੀ ਗਿਣਦੇ ਸਨ। ਅੰਤ ਉਨ੍ਹਾਂ ਨੂੰ ਕਾਲਖ ਦਾ ਹੀ ਟਿੱਕਾ ਮਿਲਿਆ। ਦੋ ਮਾਨਯੋਗ ਰਾਜਿਆਂ ਵਿੱਚ ਭਲਾ ਅਤੇ ਬੁਰਾ ਲੱਭਣ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਸੀ। ਯੁਧਿਸ਼ਟਰ ਨੂੰ ਕੋਈ ਬੁਰਾ ਅਤੇ ਦੁਰਯੋਧਨ ਨੂੰ ਕੋਈ ਚੰਗਾ ਨਾ ਦਿਸਿਆ। ਅਸਲ ਵਿੱਚ ਜੋ ਕੁੱਝ ਲੋਟੇ ਵਿੱਚ ਹੁੰਦਾ ਹੈ, ਉਹ ਉਸ ਦੀ ਟੂਟੀ ਦੀ ਧਾਰ ਵਿੱਚੋਂ ਬਾਹਰ ਵਹਿ ਤੁਰਦਾ ਹੈ ਅਰਥਾਤ ਭਲੇ ਨੂੰ ਸਾਰੇ ਹੀ ਭਲੇ ਦਿਖਾਈ ਦਿੰਦੇ ਹਨ ਅਤੇ ਬੁਰੇ ਨੂੰ ਬੁਰੇ।