ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਸੰਬੰਧੀ ਪੱਤਰ


ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਸੰਬੰਧੀ ਆਪਣੇ ਵਿਚਾਰ ਪ੍ਰਗਟਾਓ।


217, ਪ੍ਰੀਤ ਨਗਰ

…………… ਸ਼ਹਿਰ।

ਮਿਤੀ : …………… .

ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਜੀਤ’,

ਜਲੰਧਰ ਸ਼ਹਿਰ।

ਵਿਸ਼ਾ : ਸਮਾਜਿਕ ਬੁਰਾਈਆਂ।

ਸ੍ਰੀਮਾਨ ਜੀ,

ਇਸ ਪੱਤਰ ਰਾਹੀ ਮੈਂ ਸਮਾਜ ਵਿੱਚ ਫੈਲੀਆਂ ਉਹਨਾਂ ਬੁਰਾਈਆਂ ਬਾਰੇ ਆਪਣੇ ਵਿਚਾਰ ਪ੍ਰਗਟਾਉਣੇ ਚਾਹੁੰਦਾ ਹੈ ਜਿਹੜੀਆਂ ਸਾਡੇ ਸਮਾਜ ਦੀ ਤਰੱਕੀ ਦੇ ਰਸਤੇ ਵਿਚ ਇੱਕ ਵੱਡੀ ਰੁਕਾਵਟ ਹਨ।

ਅਸੀਂ ਦੇਖਦੇ ਹਾਂ ਕਿ ਸਾਡੇ ਜੀਵਨ ਦੇ ਵਿਭਿੰਨ ਪੱਖਾਂ ਨਾਲ ਸੰਬੰਧਿਤ ਕਈ ਅਜਿਹੀਆਂ ਰੀਤਾਂ-ਰਸਮਾਂ ਹਨ ਜਿਨ੍ਹਾਂ ‘ਤੇ ਅਸੀਂ ਬਿਨਾਂ ਸੋਚੇ-ਸਮਝੇ ਪੈਸਾ ਖ਼ਰਚ ਰਹੇ ਹਾਂ ਅਤੇ ਸਮਾਜਿਕ ਬੁਰਾਈਆਂ ਨੂੰ ਜਨਮ ਦੇ ਰਹੇ ਹਾਂ। ਬੱਚੇ ਦੇ ਜਨਮ ਅਤੇ ਵਿਆਹ ‘ਤੇ ਕਈ ਤਰ੍ਹਾਂ ਦੀ ਫ਼ਜ਼ੂਲ-ਖ਼ਰਚੀ ਕੀਤੀ ਜਾਂਦੀ ਹੈ ਜਿਸ ਨੂੰ ਇੱਕ ਸਮਾਜਿਕ ਬੁਰਾਈ ਹੀ ਕਿਹਾ ਜਾਣਾ ਚਾਹੀਦਾ ਹੈ। ਅੱਜ ਭਾਵੇਂ ਕੁੜੀਆਂ ਪੜ੍ਹ-ਲਿਖ ਕੇ ਸਮਾਜ ਦਾ ਇਕ ਕਮਾਊ ਅੰਗ ਬਣ ਗਈਆਂ ਹਨ ਪਰ ਦਾਜ ਵਰਗੀ ਬੁਰਾਈ ਅਜੇ ਵੀ ਪ੍ਰਚਲਿਤ ਹੈ। ਇਹਨਾਂ ਸਮਾਜਿਕ ਰਸਮਾਂ ਦੇ ਨਾਲ ਹੀ ਵਹਿਮ-ਭਰਮ ਇੱਕ ਹੋਰ ਸਮਾਜਿਕ ਬੁਰਾਈ ਹੈ ਜੋ ਸਾਡੇ ਸਮਾਜਿਕ ਵਿਕਾਸ ਦੇ ਰਸਤੇ ਵਿੱਚ ਰੁਕਾਵਟ ਹੈ ਅਤੇ ਜਿਸ ਦਾ ਅੱਜ ਦੇ ਵਿਗਿਆਨਿਕ ਯੁੱਗ ਵਿਚ ਕੋਈ ਮਹੱਤਵ ਨਹੀਂ। ਇਹ ਵਹਿਮ-ਭਰਮ ਸਾਡੇ ਸਮਾਜ ਨੂੰ ਲੱਗੇ ਘੁਣ ਵਾਂਗ ਹਨ। ਪਰ ਸਾਡੇ ਪੜ੍ਹੇ-ਲਿਖੇ ਲੋਕ ਵੀ ਇਹਨਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾ ਸਕੇ।

ਭੀਖ ਮੰਗਣਾ ਵੀ ਇੱਕ ਸਮਾਜਿਕ ਬੁਰਾਈ ਹੈ ਜਿਸ ਨੂੰ ਹਰ ਹਾਲਤ ਵਿੱਚ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਸਰੀਰਿਕ ਤੌਰ ‘ਤੇ ਤੰਦਰੁਸਤ ਵਿਅਕਤੀ ਵੀ ਭੀਖ ਮੰਗਦੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਵਿਰੁੱਧ ਸ਼ਖ਼ਤ ਕਾਰਵਾਈ ਦੀ ਲੋੜ ਹੈ। ਜਿਹੜੇ ਲੋਕ ਕਿਸੇ ਵੀ ਕਾਰਨ ਕਰਕੇ ਕੰਮ ਨਹੀਂ ਕਰ ਸਕਦੇ ਉਹਨਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਨੂੰ ਵਿਸ਼ੇਸ਼ ਵਿਵਸਥਾ ਕਰਨੀ ਚਾਹੀਦੀ ਹੈ।

ਅਨਪੜ੍ਹਤਾ ਵਰਗੀ ਸਮਾਜਿਕ ਬੁਰਾਈ ਨੂੰ ਵੀ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਵਿੱਦਿਆ ਦੇ ਚਾਨਣ ਰਾਹੀਂ ਹੀ ਅਸੀ ਲੋਕਾਂ ਨੂੰ ਜਾਗ੍ਰਿਤ ਕਰ ਸਕਦੇ ਹਾਂ ਅਤੇ ਉਹਨਾਂ ਦੀ ਸੋਚ ਨੂੰ ਬਦਲ ਸਕਦੇ ਹਾਂ। ਅਜੋਕੇ ਸਮਾਜ ਵਿੱਚ ਜਾਤ-ਪਾਤ ਦੀ ਕੋਈ ਥਾਂ ਨਹੀਂ ਕਿਉਂਕਿ ਸਭ ਧਰਮਾਂ ਅਤੇ ਜਾਤਾਂ ਦੇ ਲੋਕ ਬਰਾਬਰ ਹਨ। ਇਸ ਲਈ ਜਾਤ-ਪਾਤ ਵਰਗੀ ਸਮਾਜਿਕ ਬੁਰਾਈ ਵਿੱਚ ਵੀ ਸਾਡਾ ਕੋਈ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਸਾਨੂੰ ਜਾਤ-ਪਾਤ ਦੇ ਨਾਂ ‘ਤੇ ਸਮਾਜ ਨੂੰ ਵੰਡਣ ਵਾਲੇ ਅਨਸਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

ਨਸ਼ਿਆਂ ਦੀ ਲਗਾਤਾਰ ਵਧ ਰਹੀ ਵਰਤੋਂ ਨੇ ਵੀ ਇੱਕ ਭਿਆਨਕ ਸਮਾਜਿਕ ਬੁਰਾਈ ਦਾ ਰੂਪ ਧਾਰਨ ਕਰ ਲਿਆ ਹੈ। ਕਈ ਕਾਰਨਾਂ ਕਰਕੇ ਸਾਡੇ ਨੌਜਵਾਨ ਕਈ ਤਰ੍ਹਾਂ ਦੇ ਨਸ਼ਿਆਂ ਦੇ ਆਦੀ ਹੁੰਦੇ ਜਾ ਰਹੇ ਹਨ। ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਨਸ਼ਾ- ਮੁਕਤ ਸਮਾਜ ਪੈਦਾ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਰਿਸ਼ਵਤ ਸਾਡੇ ਸਮਾਜ ਦੀ ਇੱਕ ਹੋਰ ਭਿਆਨਕ ਬੁਰਾਈ ਹੈ। ਇਸ ਬੁਰਾਈ ਨੇ ਅੱਜ ਅਜਿਹਾ ਰੂਪ ਧਾਰ ਲਿਆ ਹੈ ਕਿ ਸਾਡਾ ਕੋਈ ਵੀ ਕੰਮ ਬਿਨਾਂ ਰਿਸ਼ਵਤ ਦੇ ਨਹੀਂ ਹੁੰਦਾ। ਅਸੀਂ ਜਦ ਵੀ ਕਿਸੇ ਕੰਮ ਕਈ ਕਿਸੇ ਦਫ਼ਤਰ ਵਿੱਚ ਜਾਂਦੇ ਹਾਂ ਤਾਂ ਸੰਬੰਧਿਤ ਅਧਿਕਾਰੀ ਪਹਿਲਾਂ ਹੀ ਰਿਸ਼ਵਤ ਦੀ ਆਸ ਲਾਈ ਬੈਠੇ ਹੁੰਦੇ ਹਨ। ਇਸ ਬੁਰਾਈ ਨੂੰ ਸਖ਼ਤੀ ਨਾਲ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਸ ਸੰਬੰਧ ਵਿੱਚ ਸਖ਼ਤ ਕਨੂੰਨ ਬਣਾਏ ਜਾਣ ਦੀ ਲੋੜ ਹੈ।

ਲੋੜ ਇਸ ਗੱਲ ਦੀ ਹੈ ਕਿ ਅਸੀਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਸ਼ ਕਰੀਏ। ਅੱਜ ਦੇ ਵਿਗਿਆਨਿਕ ਯੁੱਗ ਵਿੱਚ ਇਹਨਾਂ ਬੁਰਾਈਆਂ ਤੋਂ ਪਿੱਛਾ ਛੁਡਾਉਣਾ ਜ਼ਰੂਰੀ ਹੈ। ਸਰਕਾਰ, ਪ੍ਰਸ਼ਾਸਨ ਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਇਸ ਪਾਸੇ ਆਪੋ-ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਹਨਾਂ ਬੁਰਾਈਆਂ ਤੋਂ ਛੁਟਕਾਰਾ ਪਾਇਆ ਜਾ ਸਕੇ।

ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰੋਗੇ ਤਾਂ ਜੋ ਪਾਠਕ ਇਹਨਾਂ ਤੋਂ ਜਾਣੂ ਹੋ ਸਕਣ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ਼ਪਾਤਰ,

ਦੀਵਾਨ ਸਿੰਘ