ਟ੍ਰੈਫਿਕ ਦੀ ਸਮੱਸਿਆ ਬਾਰੇ ਪੱਤਰ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿੱਚ ਸੜਕੀ ਟ੍ਰੈਫ਼ਿਕ ਦੀ ਸਮੱਸਿਆ ਅਤੇ ਇਸ ਨੂੰ ਸੁਲਝਾਉਣ ਬਾਰੇ ਵਿਚਾਰ ਪ੍ਰਗਵਾਟੇ ਗਏ ਹੋਣ।
177, ਗ੍ਰੀਨ ਪਾਰਕ,
…………..ਸ਼ਹਿਰ।
ਮਿਤੀ : …………..
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਨਵਾਂ ਜ਼ਮਾਨਾ’,
ਜਲੰਧਰ ਸ਼ਹਿਰ।
ਵਿਸ਼ਾ : ਸੜਕੀ ਟ੍ਰੈਫਿਕ ਦੀ ਸਮੱਸਿਆ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਸੜਕੀ ਟ੍ਰੈਫ਼ਿਕ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਉਣੇ ਚਾਹੁੰਦਾ ਹੈ। ਆਸ ਹੈ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰੋਗੇ ਤਾਂ ਜੋ ਆਪ ਜੀ ਦੇ ਪਾਠਕ ਇਹਨਾਂ ਵਿਚਾਰਾਂ ਤੋਂ ਜਾਣੂ ਹੋ ਸਕਣ।
ਸਾਡੇ ਦੇਸ ਵਿਚ ਆਵਾਜਾਈ ਦੇ ਵਿਭਿੰਨ ਸਾਧਨ ਹਨ। ਸੜਕ, ਰੇਲ, ਹਵਾਈ ਤੇ ਸਮੁੰਦਰੀ ਆਵਾਜਾਈ। ਇਸ ਵਿੱਚ ਸੜਕ ਅਤੇ ਰੇਲ ਆਵਾਜਾਈ ਪ੍ਰਮੁੱਖ ਹਨ। ਰੇਲ ਆਵਾਜਾਈ ਵਿਸ਼ੇਸ਼ ਨਿਯਮਾਂ ਅਤੇ ਹਦਾਇਤਾਂ ਅਧੀਨ ਚੱਲਦੀ ਹੈ। ਇਸੇ ਤਰ੍ਹਾਂ ਹਵਾਈ ਤੇ ਸਮੁੰਦਰੀ ਆਵਾਜਾਈ ਦੇ ਵੀ ਆਪਣੇ ਖ਼ਾਸ ਨਿਯਮ ਹਨ। ਪਰ ਸੜਕੀ ਆਵਾਜਾਈ ਦੀ ਹਾਲਤ ਬਹੁਤ ਮੰਦੀ ਹੈ।
ਸੜਕਾਂ ‘ਤੇ ਚੱਲਣ ਵਾਲੇ ਵਾਹਨ ਸਕੂਟਰ, ਮੋਟਰ ਸਾਈਕਲ, ਕਾਰਾਂ, ਬੱਸਾਂ, ਟਰੱਕ, ਟੈਂਪੂ, ਗੱਡੇ, ਸਾਈਕਲ ਆਦਿ ਸਭ ਇੱਕ ਸੜਕ ‘ਤੇ ਚੱਲਦੇ ਹਨ। ਇਹਨਾਂ ਸਾਰੇ ਵਾਹਨਾਂ ਦਾ ਸੜਕਾਂ ‘ਤੇ ਬਹੁਤ ਘੜਮੱਸ ਹੁੰਦਾ ਹੈ। ਇਹਨਾਂ ਵਾਹਨਾਂ ਦੇ ਚਾਲਕ ਬਿਨਾਂ ਟ੍ਰੈਫ਼ਿਕ-ਨਿਯਮਾਂ ਦੀ ਪਾਲਣਾ ਕੀਤਿਆਂ ਇੱਕ-ਦੂਜੇ ਤੋਂ ਅੱਗੇ ਨਿਕਲਨਾ ਚਾਹੁੰਦੇ ਹਨ। ਸਿੱਟਾ ਇਹ ਹੁੰਦਾ ਹੈ ਸਾਡੀਆਂ ਸੜਕਾਂ ‘ਤੇ ਰੋਜ਼ ਦੁਰਘਟਨਾਵਾਂ ਹੁੰਦੀਆਂ ਹਨ।
ਗੰਭੀਰਤਾ ਨਾਲ ਦੇਖਣ ਵਾਲੀ ਗੱਲ ਇਹ ਹੈ ਕਿ ਟ੍ਰੈਫਿਕ ਦੀ ਸਮੱਸਿਆ ਪੈਦਾ ਕਿਉਂ ਹੁੰਦੀ ਹੈ? ਅਸੀਂ ਦੇਖਦੇ ਹਾਂ ਕਿ ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਇਸ ਦੇ ਮੁਕਾਬਲੇ ਸੜਕਾਂ ਦਾ ਬਹੁਤਾ ਸੁਧਾਰ ਨਹੀਂ ਹੋ ਰਿਹਾ। ਬਹੁਤੀਆਂ ਥਾਂਵਾਂ ‘ਤੇ ਉਹੀ ਪੁਰਾਣੀਆਂ ਸੜਕਾਂ ਹੀ ਚੱਲੀਆਂ ਆ ਰਹੀਆਂ ਹਨ। ਦੂਜੀ ਗੱਲ ਇਹ ਕਿ ਸਾਡੀਆਂ ਬਹੁਤੀਆਂ ਸੜਕਾਂ ਦੀ ਹਾਲਤ ਅਜਿਹੀ ਹੈ ਕਿ ਇਹ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ ਅਤੇ ਇਹਨਾਂ ਦੀ ਹਾਲਤ ਬਹੁਤ ਖ਼ਰਾਬ ਹੈ। ਸੜਕਾਂ ਦੀ ਅਜਿਹੀ ਹਾਲਤ ਟ੍ਰੈਫਿਕ ਲਈ ਕਈ ਸਮੱਸਿਆਵਾਂ ਪੈਦਾ ਕਰਦੀ ਹੈ।
ਸਾਡਾ ਟ੍ਰੈਫ਼ਿਕ-ਪ੍ਰਬੰਧ ਵੀ ਠੀਕ ਨਹੀਂ। ਸੜਕ ‘ਤੇ ਟ੍ਰੈਫ਼ਿਕ-ਨਿਯਮਾਂ ਦੀ ਜਾਣਕਾਰੀ ਦੇਣ ਵਾਲ਼ੇ ਬੋਰਡ ਅਕਸਰ ਨਹੀਂ ਲੱਗੇ ਹੁੰਦੇ। ਚੌਕਾਂ ‘ਤੇ ਟ੍ਰੈਫ਼ਿਕ-ਲਾਈਟਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਬਹੁਤਿਆਂ ਚੌਕਾਂ ‘ਤੇ ਪੁਲਸਕਰਮੀ ਨਹੀਂ ਹੁੰਦੇ। ਵਾਹਨ ਚਾਲਕ ਵੀ ਟ੍ਰੈਫ਼ਿਕ-ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਬਹੁਤਿਆਂ ਨੂੰ ਤਾਂ ਇਹਨਾਂ ਨਿਯਮਾਂ ਦੀ ਪੂਰੀ ਜਾਣਕਾਰੀ ਹੀ ਨਹੀਂ ਹੁੰਦੀ।
ਸੜਕੀ ਟੈਫ਼ਿਕ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਢੁਕਵੇਂ ਯਤਨ ਕਰਨੇ ਚਾਹੀਦੇ ਹਨ। ਜੀ.ਟੀ. ਰੋਡ ਅਤੇ ਹੋਰ ਵਿਸ਼ੇਸ਼ ਮਾਰਗਾਂ ‘ਤੇ ਤਾਂ ਇਸ ਪਾਸੇ ਧਿਆਨ ਦਿੱਤਾ ਜਾਂਦਾ ਹੈ ਪਰ ਲਿੰਕ ਸੜਕਾਂ ‘ਤੇ ਅਜਿਹੀ ਕੋਈ ਵਿਵਸਥਾ ਨਹੀਂ। ਇਸ ਪਾਸੇ ਰਾਜ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲਿੰਕ ਸੜਕਾਂ ਵੀ ਦੁਹਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਆਮੋ-ਸਾਮ੍ਹਣੇ ਤੋਂ ਹੋਣ ਵਾਲੀ ਟੱਕਰ ਤੋਂ ਬਚਿਆ ਜਾ ਸਕੇ। ਟ੍ਰੈਫ਼ਿਕ-ਕੰਟਰੋਲ ਕਰਨ ਲਈ ਫਲਾਈਓਵਰ ਬਣਾਏ ਜਾਣੇ ਚਾਹੀਦੇ ਹਨ ਅਤੇ ਲੋੜੀਂਦੀਆਂ ਥਾਂਵਾਂ ‘ਤੇ ਜ਼ਮੀਨਦੋਜ਼ (Underground) ਟ੍ਰੈਫ਼ਿਕ ਦੀ ਵਿਵਸਥਾ ਵੀ ਕਰਨੀ ਚਾਹੀਦੀ ਹੈ । ਸੰਬੰਧਿਤ ਅਧਿਕਾਰੀਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਵਾਰਾ ਪਸ਼ੂ ਸੜਕਾਂ ‘ਤੇ ਨਾ ਫਿਰਨ। ਪੁਲਸ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਟ੍ਰੈਫ਼ਿਕ-ਨਿਯਮਾਂ ਦੀ ਪੂਰੀ ਇਮਾਨਦਾਰੀ ਅਤੇ ਸਖ਼ਤੀ ਨਾਲ ਪਾਲਣਾ ਕਰਵਾਉਣ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਗੁਰਪ੍ਰੀਤ ਸਿੰਘ
ਪਿੰਡ ਤੇ ਡਾਕਘਰ ………….,
ਜ਼ਿਲ੍ਹਾ………….।
ਮਿਤੀ : …………. .