ਸੰਖੇਪ ਸਾਰ : ਮਹਾਂਕਵੀ ਕਾਲੀਦਾਸ


ਪ੍ਰਸ਼ਨ. ‘ਮਹਾਂਕਵੀ ਕਾਲੀਦਾਸ’ ਲੇਖ ਦਾ ਸਾਰ ਲਗਪਗ 150 ਸ਼ਬਦਾਂ ਵਿਚ ਲਿਖੋ ।

ਉੱਤਰ : ਕਿਸੇ ਹਿੰਦੁਸਤਾਨੀ ਕਲਾਕਾਰ ਅਨੁਸਾਰ ਕਵਿਤਾ ਮਹਾਂਕਵੀ ਕਾਲੀਦਾਸ ਦੀ ਪ੍ਰੀਤਮਾ ਸੀ ਤੇ ਦੋਹਾਂ ਦੀ ਅਜਿਹੀ ਪ੍ਰੇਮ-ਜੋੜੀ ਬਣੀ ਕਿ ਦੋਵੇਂ ਅਮਰ ਹੋ ਗਏ। ਕਾਲੀਦਾਸ ਦੇ ਮਾਤਾ-ਪਿਤਾ, ਥਾਂ-ਟਿਕਾਣੇ ਤੇ ਧਰਮ-ਜਾਤੀ ਬਾਰੇ ਸਾਨੂੰ ਕੁੱਝ ਪਤਾ ਨਹੀਂ। ਖੋਜੀਆਂ ਅਨੁਸਾਰ ਉਹ ਈਸਾ ਤੋਂ 56 ਵਰ੍ਹੇ ਪਹਿਲਾਂ ਹੋਏ ਬਾਦਸ਼ਾਹ ਬਿਕ੍ਰਮਾਜੀਤ ਪਹਿਲੇ ਦੇ ਨੌਂ ਦਰਬਾਰੀ ਰਤਨਾਂ ਵਿਚੋਂ ਇਕ ਸਨ। ਉਸ ਦੇ ਲਿਖੇ ਚਾਰ ਕਾਵਯ- ‘ਰਘੂਵੰਸ਼`, ‘ਕੁਮਾਰ ਸੰਭਵ’, ‘ਰਿਤੂ ਸੰਹਾਰ’ ਤੇ ‘ਮੇਘ ਦੂਤ’ ਅਤੇ ਤਿੰਨ ਨਾਟਕ-‘ਅਭਿਗਯਾਨ ਸ਼ਕੁੰਤਲਾ’, ‘ਵਿਕ੍ਰਮੋਰਵਸ਼ੀ’ ਅਤੇ ‘ਮਾਲਵਿਕਾਗਨਿਮਿਤ੍ਰ’ ਪ੍ਰਸਿੱਧ ਹਨ। ਉਂਞ ਉਸ ਦੇ ਨਾਂ ਨਾਲ 10-15 ਪੁਸਤਕਾਂ ਹੋਰ ਵੀ ਜੋੜੀਆਂ ਜਾਂਦੀਆਂ ਹਨ, ਜੋ ਪ੍ਰਮਾਣਿਕ ਨਹੀਂ। ਉਸ ਦੇ ਨਾਟਕ ਭਾਰਤੀ ਨਾਟ-ਪਰੰਪਰਾ ਅਨੁਸਾਰ ਸੁਖਾਂਤ ਹਨ। ਉਸ ਦੀ ਕਵਿਤਾ ਕੱਚਾ ਦੁੱਧ ਹੈ, ਜੋ ਚਮਤਕਾਰਾਂ, ਉਪਮਾਵਾਂ, ਕਟਾਖ਼ਸ਼, ਸੁੰਦਰ ਸ਼ਬਦਾਵਲੀ ਤੇ ਸੰਕੇਤਕ ਬਿਆਨ ਨਾਲ ਭਰਪੂਰ ਹੈ। ਪੂਰਬੀ ਲੋਕ ਉਸ ਦਾ ਨਾਂ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਪੱਛਮੀ ਲੋਕ ਉਸ ਨੂੰ ‘ਹਿੰਦੁਸਤਾਨ ਦਾ ਸ਼ੈਕਸਪੀਅਰ’ ਕਹਿੰਦੇ ਹਨ। ਸਮੁੱਚੇ ਤੌਰ ‘ਤੇ ਉਸ ਦੀ ਕਵਿਤਾ ਅਮਰ ਹੈ।