CBSEEducationNCERT class 10thPunjab School Education Board(PSEB)

ਸਾਰ : ਬੋਲੀ (ਗੁਰਬਖਸ਼ ਸਿੰਘ)


ਪ੍ਰਸ਼ਨ. ‘ਬੋਲੀ’ ਲੇਖ ਵਿਚ ਆਏ ਵਿਚਾਰਾਂ ਦਾ ਸਾਰ ਲਿਖੋ।

ਉੱਤਰ : ਮੂੰਹ ਮਨੁੱਖ ਦੇ ਸਰੀਰ ਦਾ ਚਿਤਰ ਹੈ, ਜਿਸ ਤੋਂ ਉਸ ਦੇ ਸਰੀਰ ਦੇ ਸੁਹੱਣਪ ਜਾਂ ਕੋਝ ਨੂੰ ਪਛਾਣਿਆ ਜਾਂਦਾ ਹੈ। ਬੋਲੀ ਮਨੁੱਖ ਦੀ ਆਤਮਾ ਦਾ ਚਿਤਰ ਹੈ, ਜਿਸ ਤੋਂ ਉਸ ਦੀ ਆਤਮਾ ਦਾ ਵਧੀਆ ਜਾਂ ਘਟੀਆ ਹੋਣਾ ਦਿਸ ਪੈਂਦਾ ਹੈ। ਅੰਨ੍ਹੇ ਆਮ ਕਰਕੇ ਸਿਆਣੇ ਤੇ ਦਿਲਚਸਪ ਹੁੰਦੇ ਹਨ, ਪਰੰਤੂ ਗੂੰਗੇ ਵਿਰਲੇ ਹੀ, ਕਿਉਂਕਿ ਬੋਲੀ ਤੋਂ ਹੀ ਅਸੀਂ ਮਨੁੱਖ ਦੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ। ਬੋਲੀ ਹੀ ਦੱਸਦੀ ਹੈ ਕਿ ਬੋਲਣ ਵਾਲੇ ਨੇ ਕੀ ਕੁੱਝ ਆਪਣਾ ਬਣਾਇਆ ਹੈ? ਜੇ ਕਿਸੇ ਬੋਲਣ ਵਾਲੇ ਦੇ ਅੰਦਰ ਬਹੁਤ ਕੁੱਝ ਹੈ, ਤਾਂ ਸਰੋਤੇ ਉਸ ਨੂੰ ਪਿਆਰ ਦਿੰਦੇ ਹਨ ਤੇ ਕਈ ਵਾਰੀ ਜਿੰਦਾਂ ਵੀ ਹਾਜ਼ਰ ਕਰ ਦਿੰਦੇ ਹਨ। ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ। ਹਰ ਇਕ ਲਫ਼ਜ਼ ਕਿਸੇ ਤਜਰਬੇ ਦਾ ਹਿੱਸਾ ਤੇ ਹਰ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ।

ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੌਗਿਰਦੇ ਵਿਚੋਂ ਜੁੜਨਾ ਸ਼ੁਰੂ ਹੁੰਦਾ ਹੈ। ਬਚਪਨ ਵਿਚ ਮਨ ਉੱਤੇ ਚਿਤਰੇ ਲਫ਼ਜ਼ ਸਾਨੂੰ ਭੁੱਲਦੇ ਨਹੀਂ ਤੇ ਮੋਹਰ ਵਰਗਾ ਕੰਮ ਦਿੰਦੇ ਹਨ। ਇਕ-ਇੱਕ ਮੋਹਰ ਨੂੰ ਅਸੀਂ ਹਜ਼ਾਰਾਂ ਨਿੱਕੇ ਸਿੱਕਿਆਂ ਵਿੱਚ ਵਟਾਉਂਦੇ ਹੋਏ ਆਪਣੇ ਖ਼ਜ਼ਾਨੇ ਨੂੰ ਭਰਦੇ ਹਾਂ। ਇਸ ਲਈ ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ, ਉਹ ਥਾਂ ਮੋਹਰਾਂ ਦੀ ਖਾਣ ਹੈ ਤੇ ਸਾਡੀ ਅਮੀਰੀ ਇਸੇ ਉੱਤੇ ਹੀ ਨਿਰਭਰ ਕਰਦੀ ਹੈ। ਇਸ ਕਰਕੇ ਬੱਚਿਆਂ ਦੀ ਦੁਨੀਆ ਵਿਚ ਅਮੀਰੀ ਦਾ ਵਾਧਾ ਕਰਦੇ ਰਹਿਣਾ ਵੱਡਿਆਂ ਦਾ ਪਹਿਲਾ ਫ਼ਰਜ਼ ਹੈ।

ਭਰਪੂਰ ਖਾਣ ਵਿਚੋਂ ਵੀ ਸਿਆਣੀ ਪੁਟਾਈ ਹੀ ਦੌਲਤ ਪੁੱਟ ਸਕਦੀ ਹੈ। ਖਾਣਾਂ ਵਿੱਚੋਂ ਸਾਰਾ ਸੋਨਾ ਨਹੀਂ ਨਿਕਲਦਾ। ਸੋਨੇ ਦੇ ਕਿਣਕੇ ਲੱਭ-ਲੱਭ ਕੇ ਸਾਂਭੇ ਜਾਂਦੇ ਹਨ। ਸਾਡੀ ਪੁਟਾਈ ਤੇ ਲੱਭਤਾਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ। ਜਿੰਨੀ ਬਹੁਤੀ ਸਾਡੀ ਪੁਟਾਈ ਤੇ ਜਿੰਨੀ ਬਹੁਤੀ ਸਾਡੀ ਲੱਭਤ, ਉੱਨੀ ਹੀ ਬਹੁਤੀ ਅਮੀਰ ਸਾਡੀ ਬੋਲੀ ਹੁੰਦੀ ਜਾਂਦੀ ਹੈ।

ਸਾਡੀ ਬੋਲੀ ਉਹ ਹੈ, ਜਿਹੜੀ ਅਸੀਂ ਆਪਣੇ ਬਚਪਨ ਵਿਚ ਆਪਣੀ ਮਾਂ ਤੋਂ ਸਿੱਖੀ ਹੈ। ਉਹ ਲੋਕ ਬਦਕਿਸਮਤ ਹਨ, ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ। ਸਿਰਫ਼ ਬੋਲੀ ਦੀ ਮੋਹਰ ਲਾ ਕੇ ਹੀ ਕੋਈ ਆਪਣੇ ਅੰਦਰਲੀ ਦੌਲਤ ਨੂੰ ਅਖੀਰਲੇ ਨਿੱਕੇ ਤੋਂ ਨਿੱਕੇ ਸਿੱਕੇ ਤਕ ਵਰਤ ਸਕਦਾ ਹੈ।

ਤਜਰਬਾ ਸਾਡੀ ਦੌਲਤ ਹੈ ਤੇ ਇਹ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਜਾਂਦੀ ਹੈ, ਉਸੇ ਵਿਚ ਹੀ ਇਹ ਵਰਤੀ ਜਾ ਸਕਦੀ ਹੈ। ਤਜਰਬਾ ਇਸ ਦੌਲਤ ਦਾ ਖ਼ਜ਼ਾਨਾ ਹੈ, ਸ਼ਬਦ ਇਸ ਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿਚ ਚਲਾਉਂਦੇ ਹਾਂ।

ਇਸ ਕਰਕੇ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿਚ ਵਾਧਾ ਕਰਨਾ ਚਾਹੀਦਾ ਹੈ। ਪੜ੍ਹਾਈ ਕੋਈ ਵੱਡਾ ਤਜਰਬਾ ਨਹੀਂ l। ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਜੋੜਨਾ, ਤੋੜਨਾ ਆਦਿ ਅਸਲੀ ਤਜਰਬੇ ਹਨ, ਜਿਹੜੇ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦੇ ਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ।

ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ। ਇਸ ਵਿਚ ਹੀ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਭਨਾ-ਭਨਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ-ਸੌਖਾ ਵਕਤ ਲੰਘਾਉਂਦੇ ਹਾਂ। ਲਫ਼ਜ਼ ਸੋਨੇ ਦਾ ਨਿੱਕਾ ਜਿਹਾ ਤਿਣਕਾ ਹੁੰਦਾ ਹੈ। ਇਸ ਦੀ ਬਣਾਵਟ ਗਹਿਣੇ ਦੀ ਘੜਾਈ ਵਾਂਗ ਇਸ ਦੀ ਅਸਲੀਅਤ ਨੂੰ ਅੱਗੇ ਜਾਂ ਪਿੱਛੇ ਪਾਉਂਦੀ ਹੈ। ਕਈਆਂ ਦੇ ਲਫ਼ਜ਼ ਇਹੋ ਜਿਹੇ ਕੋਝੇ ਘੜੇ ਹੁੰਦੇ ਹਨ ਕਿ ਰੋਜ਼ਾਨਾ ਜ਼ਿੰਦਗੀ ਵਿਚ ਉਹ ਚਾਲੂ ਸਿੱਕੇ ਵਾਂਗ ਫ਼ੌਰੀ ਲੋੜਾਂ ਪੂਰੀਆਂ ਨਹੀਂ ਕਰ ਸਕਦੇ।

ਬੋਲੀ ਨਾ ਸਿਰਫ਼ ਕਾਮਯਾਬੀ ਦੀ ਕੁੰਜੀ ਹੈ, ਬਲਕਿ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਹੈ। ਇਹ ਸਾਡੇ ਅਣਹੋਏ ਸੁਪਨਿਆਂ ਨੂੰ ਵੀ ਚਿਤਰ ਕੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ। ਇਹ ਸਾਡੇ ਤੇ ਸਾਡੇ ਪ੍ਰੀਤਮ ਵਿਚਲੀ ਰੇਸ਼ਮੀ ਲੜੀ ਹੈ ਅਤੇ ਸਾਡੀਆਂ ਵਫ਼ਾਵਾਂ ਤੇ ਦੋਸਤੀਆਂ ਦੀ ਸਾਥੀ ਹੈ।

ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ। ਇਹ ਬਹੁਤ ਮਹਿੰਗੀ ਵਿਰਾਸਤ ਹੈ। ਇਸ ਲਈ ਤੁਸੀਂ ਮਾਪਿਆਂ, ਉਸਤਾਦਾਂ, ਮਹਿਮਾਨਾਂ, ਗਵਾਲਿਆਂ, ਚਰਵਾਹਿਆਂ ਤੇ ਭਿੰਨ-ਭਿੰਨ ਪ੍ਰਕਾਰ ਦਾ ਸਮਾਨ ਵੇਚਣ ਵਾਲਿਆਂ ਤੋਂ ਸ਼ਬਦ ਸਿੱਖੋ ਤੇ ਸੰਭਾਲੋ।

ਲਫ਼ਜ਼ ਆਪਣੇ ਆਪ ਵਿਚ ਦੌਲਤ ਨਹੀਂ। ਇਹ ਦਿਲ ਦੀ ਦੌਲਤ ਦੀਆਂ ਮੋਹਰਾਂ ਹਨ। ਜੇਕਰ ਦਿਲ ਵਿਚ ਦੋਸਤੀਆਂ, ਪਿਆਰ, ਕੁਰਬਾਨੀਆਂ, ਗੀਤਾਂ, ਕਹਾਣੀਆਂ, ਹੰਝੂਆਂ-ਹਾਸਿਆਂ ਦੀ ਦੌਲਤ ਅਮੁੱਕ ਹੈ, ਤਾਂ ਕੋਈ ਜੱਫ਼ੀਆਂ ਪਾਉਂਦੇ ਲਫ਼ਜ਼ਾਂ ਦੀ ਛਣ-ਛਣ ਤੋਂ ਕੁਰਬਾਨ ਹੋਣੋਂ ਰਹਿ ਨਹੀਂ ਸਕਦਾ।


ਸਾਰ : ਬੋਲੀ