ਲੇਖ ਰਚਨਾ : ਪੰਜਾਬ ਦੀਆਂ ਲੋਕ-ਖੇਡਾਂ
ਖੇਡਾਂ ਤੇ ਜੀਵਨ : ਖੇਡਾਂ ਮਨੁੱਖੀ ਸਰੀਰ ਨੂੰ ਬਲ ਅਤੇ ਰੂਹ ਨੂੰ ਖੇੜਾ ਦਿੰਦੀਆਂ ਹਨ। ਖੇਡਣਾ ਮਨੁੱਖ ਦੀ ਬੁਨਿਆਦੀ ਰੁਚੀ ਹੈ। ਖੇਡਾਂ ਪੰਜਾਬੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਪੰਜਾਬ ਦੀਆਂ ਖੇਡਾਂ ਬੱਚਿਆਂ ਲਈ ਵੀ ਹਨ ਅਤੇ ਜਵਾਨਾਂ ਤੇ ਬੁੱਢਿਆਂ ਲਈ ਵੀ। ਬੱਚਿਆਂ ਦੀ ਲੁਕਣ-ਮੀਚੀ ਤੋਂ ਸ਼ੁਰੂ ਹੋ ਕੇ ਗੱਭਰੂਆਂ ਦੀ ਸੌਂਚੀ ਪੱਕੀ ਤੇ ਕਬੱਡੀ ਤਕ ਅਨੇਕਾਂ ਖੇਡਾਂ ਪੰਜਾਬ ਦੇ ਪਿੰਡਾਂ ਵਿਚ ਖੇਡੀਆਂ ਜਾਂਦੀਆਂ ਹਨ। ਬੁੱਢੇ-ਠੇਰੇ ਬਾਰਾਂ ਠੀਕਰੀ, ਬਾਰਾਂ ਟਾਹਣੀ, ਸ਼ਤਰੰਜ, ਤਾਸ਼, ਚੌਪਟ, ਬੋੜਾ ਖੂਹ ਤੇ ਅੱਡਾ-ਖੱਡਾ ਤੋਂ ਆਨੰਦ ਪ੍ਰਾਪਤ ਕਰਦੇ ਹਨ।
ਕਬੱਡੀ : ਕਬੱਡੀ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਲੋਕ-ਖੇਡ ਹੈ। ਪੰਜਾਬ ਦਾ ਕੋਈ ਵਿਅਕਤੀ ਅਜਿਹਾ ਨਹੀਂ, ਜਿਸ ਨੇ ਆਪਣੇ ਜੀਵਨ ਵਿਚ ਕਦੇ ਕਬੱਡੀ ਨਾ ਖੇਡੀ ਹੋਵੇ। ਇਹ ਖੇਡ ਪੰਜਾਬੀ ਸੱਭਿਆਚਾਰ ਦਾ ਅੰਗ ਹੈ। ਇਸ ਵਿਚ ਦੋ ਟੀਮਾਂ ਇਕ ਦਾਇਰੇ ਵਿਚ ਹੁੰਦੇ ਬਣਾ ਕੇ ਖੇਡਦੀਆਂ ਹਨ। ਇਕ ਟੀਮ ਦਾ ਇਕ ਖਿਡਾਰੀ ‘ਕਬੱਡੀ-ਕਬੱਡੀ’ ਕਰਦਾ ਦੂਜੀ ਧਿਰ ਉੱਪਰ ਧਾਵਾ ਬੋਲ ਕੇ ਕਿਸੇ ਇਕ ਖਿਡਾਰੀ ਨੂੰ ਹੱਥ ਲਾ ਕੇ ਇੱਕੋ ਦਮ ਵਿਚ ਵਾਪਸ ਪਰਤ ਕੇ ਨੰਬਰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਇਸ ਯਤਨ ਵਿਚ ਜੇਕਰ ਉਸ ਨੂੰ ਦੂਜੀ ਧਿਰ ਦਾ ਕੋਈ ਖਿਡਾਰੀ ਫੜ ਕੇ ਆਪਣੀ ਧਿਰ ਵਲ ਵਾਪਸ ਨਾ ਪਰਤਣ ਦੇਵੇ ਤੇ ਉਸ ਦਾ ਦਮ ਟੁੱਟ ਜਾਵੇ, ਤਾਂ ਨੰਬਰ ਦੂਜੀ ਧਿਰ ਨੂੰ ਮਿਲ ਜਾਂਦਾ ਹੈ। ਇਸ ਖੇਡ ਵਿਚ ਦਮ ਦੀ ਪਕਿਆਈ, ਕੁਸ਼ਤੀ, ਦੌੜ, ਪਕੜਾਂ, ਜਿਮਨਾਸਟਿਕ ਤੇ ਛਾਲ ਆਦਿ ਸਭ ਕੁੱਝ ਸ਼ਾਮਲ ਹੈ। ਇਸ ਨੂੰ ਤਕੜੇ ਜੁੱਸਿਆ ਵਾਲੇ ਪੰਜਾਬੀ ਹੀ ਖੇਡ ਸਕਦੇ ਹਨ।
ਸੌਂਚੀ-ਪੱਕੀ : ਇਹ ਮਾਲਵੇ ਦੀ ਖੇਡ ਹੈ। ਇਸ ਵਿਚ ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਵਲ ਜਾ ਕੇ ਖਿਡਾਰੀ ਦੀ ਛਾਤੀ ਤੇ ਧੱਫੇ ਮਾਰਦਾ ਹੋਇਆ ਉਸ ਨੂੰ ਪਿਛਾਂਹ ਧੱਕਦਾ ਹੈ। ਦੂਜਾ ਉਸ ਦੀ ਵੀਣੀ ਫੜਦਾ ਹੈ ਪਰ ਅੱਗੋਂ ਉਹ ਵੀਣੀ ਛੁਡਾਉਂਦਾ ਹੈ। ਇਸ ਤਰ੍ਹਾਂ ਇਸ ਵਿਚ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਹੈ।
ਲੂਣ ਤੇ ਲੱਲ੍ਹੇ : ਇਸ ਖੇਡ ਵਿਚ ਖਿਡਾਰੀ ਜ਼ਮੀਨ ਵਿਚ ਖੁੱਤੀਆਂ (ਲੱਲ੍ਹੇ) ਕੱਢ ਕੇ ਆਪਣੇ ਖੂੰਡਿਆਂ ਸਮੇਤ ਉਨ੍ਹਾਂ ਕੋਲ ਖੜ੍ਹੇ ਹੋ ਜਾਂਦੇ ਹਨ। ਇਕ ਖਿਡਾਰੀ ਖਿੱਦੋ ਨੂੰ ਖੂੰਡਾ ਮਾਰਦਾ ਹੈ। ਦਾਈ ਵਾਲਾ ਉਸ ਨੂੰ ਨੱਸ ਕੇ ਫੜਦਾ ਹੈ ਤੇ ਨੇੜੇ ਦੇ ਖਿਡਾਰੀ ਦੇ ਮਾਰਦਾ ਹੈ। ਜੇਕਰ ਖਿੱਦੋ ਖਿਡਾਰੀ ਦੇ ਲਗ ਜਾਵੇ, ਤਾਂ ਦਾਈ ਉਸ ਦੇ ਸਿਰ ਆ ਜਾਂਦੀ ਹੈ ਤੇ ਪਹਿਲਾ ਦਾਈ ਖੂੰਡਾ ਲੈ ਕੇ ਖੁੱਤੀ ਦੀ ਰਾਖੀ ਕਰਦਾ ਹੈ। ਜੇਕਰ ਦਾਈ ਵਾਲਾ ਕਿਸੇ ਖਿਡਾਰੀ ਦਾ ਲੱਲ੍ਹਾ ਮਲ ਲਵੇ, ਤਾਂ ਵੀ ਦਾਈ ਅਗਲੇ ਦੇ ਸਿਰ ਆ ਜਾਂਦੀ ਹੈ। ਇਸੇ ਪ੍ਰਕਾਰ ਪਹਿਲੇ ਦਿਨ ਹੀ ਖਿੱਦੋ-ਖੁੰਡੀ ਹਾਕੀ ਵਰਗੀ ਇਕ ਰੌਚਕ ਖੇਡ ਹੈ।
ਡੰਡ ਪਲਾਂਡੜਾ : ਇਹ ਗਰਮੀਆਂ ਦੀ ਰੁੱਤੇ ਦੁਪਹਿਰ ਦੇ ਸਮੇਂ ਛੱਪੜਾਂ ਦੇ ਕੰਢੇ ਬੋਹੜ ਦੇ ਰੁੱਖਾਂ ਉੱਤੇ ਖੇਡੀ ਜਾਂਦੀ ਹੈ। ਖਿਡਾਰੀ ਇਕ ਵੱਡੇ ਰੁੱਖ ਉੱਤੇ ਚੜ੍ਹ ਜਾਂਦੇ ਹਨ । ਰੁੱਖ ਹੇਠਾਂ ਇਕ ਗੋਲ ਦਾਇਰਾ ਵਾਹ ਕੇ ਉਸ ਵਿਚ ਇਕ ਡੰਡਾ ਰੱਖ ਦਿੱਤਾ ਜਾਂਦਾ ਹੈ। ਇਕ ਖਿਡਾਰੀ ਡੰਡਾ ਲੱਤ ਹੇਠੋਂ ਘੁਮਾ ਕੇ ਦੂਰ ਸੁੱਟਦਾ ਹੈ ਤੇ ਫਿਰ ਰੁੱਖ ਉੱਪਰ ਚੜ੍ਹ ਜਾਂਦਾ ਹੈ। ਦਾਈ ਵਾਲਾ ਡੰਡਾ ਚੁੱਕ ਕੇ ਦਾਇਰੇ ਵਿਚ ਲਿਆ ਰੱਖਦਾ ਹੈ ਤੇ ਫਿਰ ਰੁੱਖ ਉੱਤੇ ਕਿਸੇ ਖਿਡਾਰੀ ਨੂੰ ਛੂਹਣ ਲਈ ਚੜ੍ਹਦਾ ਹੈ। ਖਿਡਾਰੀ ਰੁੱਖ ਦੀਆਂ ਟਾਹਣਾਂ ਤੋਂ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ ਤੇ ਨੱਸ ਕੇ ਡੰਡਾ ਚੁੱਕ ਕੇ ਚੁੰਮਦੇ ਹਨ। ਜਿਸ ਖਿਡਾਰੀ ਨੂੰ ਦਾਈ ਵਾਲਾ ਹੱਥ ਲਾ ਦੇਵੇ, ਦਾਈ ਉਸ ਦੇ ਸਿਰ ਆ ਜਾਂਦੀ ਹੈ।
ਲੂਣ ਮਿਆਣੀ : ਇਸ ਖੇਡ ਲਈ ਬੱਚੇ ਛੋਟਾ, ਪਰ ਗੱਭਰੂ ਵੱਡਾ ਮੈਦਾਨ ਤਿਆਰ ਕਰਦੇ ਹਨ। ਇਕ ਸੋਟੀ ਨਾਲ ਲੀਕ ਵਾਹ ਕੇ ਦਸ ਬਾਰਾਂ ਕਦਮਾਂ ਦੀ ਵਰਗਾਕਾਰ ਸ਼ਕਲ ਬਣਾ ਲਈ ਜਾਂਦੀ ਹੈ। ਇਸ ਅੰਦਰ ਚਾਰੇ ਪਾਸੇ ਦੋ ਕਦਮ ਚੌੜੀ ਸੜਕ ਬਣਾ ਲਈ ਜਾਂਦੀ ਹੈ ਅਤੇ ਫਿਰ ਮੈਦਾਨ ਨੂੰ ਦੋ ਕੁ ਕਦਮ ਚੌੜੀਆਂ ਸੜਕਾਂ ਨਾਲ ਵੰਡਿਆ ਜਾਂਦਾ ਹੈ। ਪੁੱਗਣ ਮਗਰੋਂ, ਜਿਸ ਖਿਡਾਰੀ ਸਿਰ ਦਾਈ ਆ ਜਾਵੇ, ਉਹ ਲੂਣ ਦੀ ਰਾਖੀ ਕਰਦਾ ਹੈ। ਇਕ ਖਿਡਾਰੀ ਉਸ ਦੇ ਹੱਥ ਉੱਤੇ ਹੱਥ ਮਾਰ ਕੇ ਦੌੜਦਾ ਹੈ ਤੇ ਉਹ ਸੜਕਾਂ ਵਿਚ ਖਿੰਡੇ ਖਿਡਾਰੀਆਂ ਨੂੰ ਛੂਹਣ ਲਈ ਨੱਸਦਾ ਹੈ, ਤਾਂ ਖਿਡਾਰੀ ਲੂਣ ਚੁੱਕ ਕੇ ਸੜਕ ਪਾਰ ਸੰਦੂਕ ਨੂੰ ਛੜੱਪਾ ਮਾਰ ਕੇ ਟੱਪਦੇ ਹਨ। ਜਿਹੜਾ ਖਿਡਾਰੀ ਸੜਕੋਂ ਅੰਦਰ ਬਣੇ ਵਰਗਾਕਾਰ ਵਿਚ ਪੈਰ ਰੱਖ ਦੇਵੇ, ਉਸ ਨੂੰ ‘ਮਰਿਆ’ ਕਿਹਾ ਜਾਂਦਾ ਹੈ। ਇਸ ਮਰੇ ਖਿਡਾਰੀ ਨੂੰ ‘ਮਦੀਨ’ ਕਹਿੰਦੇ ਹਨ। ਜਿਹੜੇ ਸੰਦੂਕ ਪਾਰ ਕਰ ਜਾਂਦੇ ਹਨ, ਉਨ੍ਹਾਂ ਨੂੰ ‘ਨਰ’ ਕਿਹਾ ਜਾਂਦਾ ਹੈ। ਜਦੋਂ ਸਾਰੇ ਖਿਡਾਰੀ ਮੁੱਕ ਜਾਂਦੇ ਹਨ, ਤਾਂ ‘ਨਰ’ ਬਣੇ ਖਿਡਾਰੀ ਕੁੱਝ ਦੂਰ ਖੜ੍ਹੇ ‘ਮਦੀਨ’ ਖਿਡਾਰੀਆਂ ਨੂੰ ਪੁੱਛਦੇ ਹਨ, “ਬਿੱਲ ਬੱਚਿਆਂ ਦੀ ਮਾਂ, ਰੋਟੀ ਪੱਕੀ ਕਿ ਨਾ?” ਦੋ-ਤਿੰਨ ਵਾਰ ਮਦੀਨ ਖਿਡਾਰੀ ‘ਨਾਂਹ’ ਕਰਦੇ ਹਨ, ਪਰ ਜਦੋਂ ਜਵਾਬ ‘ਹਾਂ’ ਵਿਚ ਆਉਂਦਾ ਹੈ, ਤਾਂ ਨਰ ਖਿਡਾਰੀ ਮਦੀਨ ਖਿਡਾਰੀਆਂ ਵਲ ਤੇ ਮਦੀਨ ਖਿਡਾਰੀ ਮੈਦਾਨ ਵਲ ਦੌੜਦੇ ਹਨ। ਜਿਹੜੇ ਮਦੀਨ ਖਿਡਾਰੀ ਰਾਹ ਵਿਚ ਛੂਹੇ ਜਾਂਦੇ ਹਨ, ਉਹ ਛੂਹਣ ਵਾਲੇ ਖਿਡਾਰੀ ਦੀ ਘੋੜੀ ਬਣ ਕੇ ਉਨ੍ਹਾਂ ਨੂੰ ਖੇਡ ਦੇ ਮੈਦਾਨ ਤਕ ਝੂਟਾ ਦਿੰਦੇ ਹਨ। ਇਸ ਤੋਂ ਮਗਰੋਂ ਖੇਡ ਫਿਰ ਸ਼ੁਰੂ ਹੋ ਜਾਂਦੀ ਹੈ ਤੇ ਦਾਈ ਉਹੋ ਖਿਡਾਰੀ ਦਿੰਦਾ ਹੈ, ਜਿਹੜਾ ਸਭ ਤੋਂ ਪਹਿਲਾਂ ਮਦੀਨ ਬਣਿਆ ਹੋਵੇ।
ਅਖਰੋਟ : ਅਖਰੋਟ ਵੀ ਬੱਚਿਆਂ ਅਤੇ ਗੱਭਰੂਆਂ ਦੀ ਹਰਮਨ-ਪਿਆਰੀ ਖੇਡ ਹੈ। ਇਸ ਵਿਚ ਨਿਸ਼ਾਨਾ ਲਾਉਣ ਦਾ ਅਭਿਆਸ ਹੁੰਦਾ ਹੈ। ਇਸ ਵਿਚ ਇਕ ਖੁੱਤੀ ਕੱਢ ਕੇ ਕੁੱਝ ਫ਼ਾਸਲੇ ਤੇ ਵਾਹੀ ਲਕੀਰ ਤੋਂ ਖੜ੍ਹੇ ਹੋ ਕੇ ਅਖਰੋਟ ਸੁੱਟੇ ਜਾਂਦੇ ਹਨ। ਵਾਰੀ ਮਿਥਣ ਲਈ ਇੱਚਿਆ ਜਾਂਦਾ ਹੈ।
ਕੂਕਾਂ-ਕਾਂਗੜੇ : ਇਹ ਪੰਜਾਬੀਆਂ ਦੀ ਮਨ-ਭਾਉਂਦੀ ਖੇਡ ਹੈ। ਇਸ ਵਿਚ ਲੁਕਾਉਣ ਤੇ ਖੇਡਣ ਦੀ ਰੁਚੀ ਜਗਾਉਣ ਦੇ ਨਾਲ ਹੀ ਗਿਣਤੀ ਦਾ ਅਭਿਆਸ ਵੀ ਹੁੰਦਾ ਹੈ। ਇਹ ਖੇਡ ਘਰਾਂ ਤੇ ਗਲੀਆਂ ਵਿਚ ਖੇਡੀ ਜਾਂਦੀ ਹੈ।
ਬੱਚਿਆਂ ਦੀਆਂ ਖੇਡਾਂ : ਇਨ੍ਹਾਂ ਤੋਂ ਬਿਨਾਂ ਪੰਜਾਬ ਵਿਚ ਅਖਰੋਟ, ਲੁਕਣ-ਮੀਟੀ, ਛੂਹਣ-ਛੁਹਾਈ, ਭੰਡਾ-ਭੰਡਾਰੀਆ, ਊਚ-ਨੀਚ, ਖਾਨ-ਘੋੜੀ, ਤੇਰਾ-ਮੇਰਾ ਮੇਲ ਨਹੀਂ, ਕੁੰਡਾ ਚੁੱਕ, ਕੀੜ ਕੜਾਂਗਾ ਤੇ ਬਾਂਦਰ ਕਿੱਲਾ ਆਦਿ ਬੱਚਿਆਂ ਦੁਆਰਾ ਖੇਡੀਆਂ ਜਾਣ ਵਾਲੀਆਂ ਖੇਡਾਂ ਹਨ।
ਸਾਰ-ਅੰਸ਼ : ਇਨ੍ਹਾਂ ਤੋਂ ਇਲਾਵਾ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ। ਇਹ ਸਾਡਾ ਗੌਰਵਮਈ ਵਿਰਸਾ ਹਨ। ਅੱਜ-ਕੱਲ੍ਹ ਇਨ੍ਹਾਂ ਪੁਰਾਤਨ ਖੇਡਾਂ ਦੀ ਥਾਂ ਨਵੀਆਂ ਖੇਡਾਂ ਪ੍ਰਚਲਿਤ ਹੁੰਦੀਆਂ ਜਾ ਰਹੀਆਂ ਹਨ।