ਆਣਾ ਜਾਣਾ………..ਵਹਿੰਦਾ ਜਾਏ।
ਵਹਿੰਦਾ ਜਾਏ : ਧਨੀ ਰਾਮ ਚਾਤ੍ਰਿਕ
ਪ੍ਰਸ਼ਨ. ਹੇਠ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਆਣਾ ਜਾਣਾ ਫੇਰੇ ਪਾਣਾ,
ਤੁਰਿਆ ਰਹਿਣਾ ਅੱਖ ਨਾ ਲਾਣਾ ।
ਹੁਕਮਾਂ ਅੰਦਰ ਵਾਂਗ ਛੁਹਾਰੇ,
ਮੁੜ-ਮੁੜ ਚੜ੍ਹਦਾ, ਲਹਿੰਦਾ ਜਾਏ ।
ਨੀਰ ਨਦੀ ਦਾ ਵਹਿੰਦਾ ਜਾਏ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਨਦੀ ਦੇ ਪਾਣੀ ਦੇ ਪਹਾੜਾਂ ਤੋਂ ਲਹਿਣ ਮਗਰੋਂ ਮੈਦਾਨਾਂ ਵਿਚੋਂ ਵਹਿ ਕੇ ਸਮੁੰਦਰ ਨਾਲ ਮਿਲਣ ਅਤੇ ਉੱਥੋਂ ਫਿਰ ਬੱਦਲਾਂ ਦੇ ਰੂਪ ਵਿੱਚ ਉੱਡ ਕੇ ਪਹਾੜਾਂ ਉੱਤੇ ਮੀਂਹ ਦੇ ਰੂਪ ਵਿੱਚ ਵਰ੍ਹਨ ਦੀ ਕਹਾਣੀ ਨੂੰ ਬਿਆਨ ਕਰਦਿਆਂ ਮਨੁੱਖ ਦੇ ਪ੍ਰਭੂ ਤੋਂ ਵਿਛੜਨ ਤੇ ਫਿਰ ਮਿਲਣ ਦੇ ਰਹੱਸ ਨੂੰ ਪੇਸ਼ ਕੀਤਾ ਹੈ।
ਵਿਆਖਿਆ : ਕਵੀ ਕਹਿੰਦਾ ਹੈ ਕਿ ਪਾਣੀ ਦਾ ਕੰਮ ਪਹਾੜ ਤੋਂ ਸਮੁੰਦਰ ਵਲ ਆਉਣਾ, ਜਾਣਾ ਤੇ ਇਸ ਤਰ੍ਹਾਂ ਮੁੜ-ਮੁੜ ਫੇਰੇ ਪਾਉਣਾ ਹੈ। ਇਹ ਚਲਦਾ ਰਹਿੰਦਾ ਹੈ ਤੇ ਜ਼ਰਾ ਅਰਾਮ ਨਹੀਂ ਕਰਦਾ। ਇਹ ਆਪਣੇ ਮਾਲਕ ਦੇ ਹੁਕਮ ਵਿਚ ਬੱਝਾ ਫੁਹਾਰੇ ਵਾਂਗ ਚੜ੍ਹਦਾ ਤੇ ਲਹਿੰਦਾ ਰਹਿੰਦਾ ਹੈ। ਇਸ ਤਰ੍ਹਾਂ ਨਦੀ ਦਾ ਪਾਣੀ ਵਹਿੰਦਾ ਜਾਂਦਾ ਹੈ। ਕੁੱਝ ਇਸੇ ਤਰ੍ਹਾਂ ਦਾ ਹਾਲ ਹੀ ਮਨੁੱਖੀ ਜੀਵਨ ਦਾ ਹੈ।