ਸੁਹਾਗ


ਪ੍ਰਸ਼ਨ : ਸੁਹਾਗ ਕੀ ਹੁੰਦਾ ਹੈ? ਇਸ ਨਾਲ ਜਾਣ-ਪਛਾਣ ਕਰਾਓ।

ਉੱਤਰ : ਸੁਹਾਗ ਲੋਕ-ਗੀਤ ਦੀ ਇੱਕ ਮਹੱਤਵਪੂਰਨ ਵੰਨਗੀ ਹੈ। ਵਿਆਹ ਸਮੇਂ ਕੁੜੀ ਦੇ ਘਰ ਗਾਏ ਜਾਣ ਵਾਲ਼ੇ ਲੋਕ-ਗੀਤਾਂ ਨੂੰ ਸੁਹਾਗ ਕਿਹਾ ਜਾਂਦਾ ਹੈ। ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਸੁਹਾਗ ਬਾਰੇ ਇਹ ਪਰਿਭਾਸ਼ਿਕ ਜਾਣਕਾਰੀ ਅੰਕਿਤ ਹੈ—

“ਇਹ ਲੋਕ- ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਤੇ ਸਹੁਰੇ ਘਰ ਨਾਲ ਇੱਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਿਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਦੇ ਪ੍ਰਗਟਾ ਦਾ ਮਾਧਿਅਮ ਬਣਦੇ ਹਨ।”

ਸੁਹਾਗ ਨਾਂ ਦੇ ਲੋਕ-ਗੀਤਾਂ ਵਿੱਚ ਕੁੜੀ ਦੇ ਪੇਕੇ ਘਰ ਦੇ ਵੱਖ-ਵੱਖ ਰਿਸ਼ਤਿਆਂ ਅਤੇ ਸਹੁਰੇ ਘਰ ਦੇ ਨਵੇਂ ਬਣੇ ਰਿਸ਼ਤਿਆਂ ਦਾ ਜ਼ਿਕਰ ਵਾਰ- ਵਾਰ ਆਉਂਦਾ ਹੈ। ਇਹਨਾਂ ਰਿਸ਼ਤਿਆਂ ਵਿੱਚ ਨਿੱਘ ਵੀ ਹੈ ਅਤੇ ਤਣਾਅ ਵੀ। ਜੀਵਨ ਦੇ ਸਮਾਜਿਕ ਅਤੇ ਆਰਥਿਕ ਪੱਖ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਰਿਸ਼ਤਿਆਂ ਵਿੱਚ ਅਸਰਦਾਰ ਦਿਖਾਈ ਦਿੰਦੇ ਹਨ। ਜਿੱਥੋਂ ਤੱਕ ਵਿਆਹ ਦੀ ਰੀਤ ਦਾ ਸੰਬੰਧ ਹੈ ਇਹ ਕੁੜੀ ਲਈ ਲਾਡਾਂ ਭਰੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਦੇ ਨਵੇਂ/ਅਣਦੇਖੇ ਸੰਸਾਰ ਵਿੱਚ ਪ੍ਰਵੇਸ਼ ਕਰਨ ਦਾ ਨਾਂ ਹੈ। ਇੱਕ ਕੁੜੀ ਲਈ ਪੇਕੇ ਘਰ ਦੀ ਸੁਰੱਖਿਆ ਦੇ ਮੁਕਾਬਲੇ ਸਹੁਰੇ ਘਰ ਦਾ ਵਾਤਾਵਰਨ ਓਪਰਾ ਹੁੰਦਾ ਹੈ ਜਿਸ ਪ੍ਰਤਿ ਕੁੜੀ ਦੇ ਮਨ ਵਿੱਚ ਕਈ ਤਰ੍ਹਾਂ ਦੇ ਸੰਸੇ ਹੁੰਦੇ ਹਨ। ਪਰ ਜੱਗ ਦੀ ਰੀਤ ਅਥਵਾ ਸਮਾਜਿਕ ਪ੍ਰਬੰਧ ਅਨੁਸਾਰ ਕੁੜੀ ਨੂੰ ਸਹੁਰੇ ਘਰ ਜਾਣਾ ਹੀ ਪੈਂਦਾ ਹੈ। ‘ਬਾਲਗ਼ ਇਸਤਰੀ ਲਈ ਸਹੁਰਾ-ਘਰ ਨਵੀਆਂ ਭੂਮਿਕਾਵਾਂ ਨਿਭਾਉਣ ਦੇ ਮੌਕੇ ਦਿੰਦਾ ਹੈ, ਇਸ ਲਈ ਉਸ ਦੇ ਮਨ ਵਿੱਚ ਚਾਵਾਂ ਦੇ ਭਾਵ ਵੀ ਰਲੇ ਹੁੰਦੇ ਹਨ।

ਇਹਨਾਂ ਲੋਕ-ਗੀਤਾਂ ਵਿਚਲੇ ਸਮਾਜਿਕ ਵਾਤਾਵਰਨ ਵਿੱਚ ਕੁੜੀ ਦੇ ਵਿਆਹ ਦਾ ਫ਼ੈਸਲਾ ਉਸ ਦਾ ਬਾਪ ਕਰਦਾ ਹੈ। ਬਹੁਤੇ ਸੁਹਾਗ ਅਜਿਹੇ ਹਨ ਜਿਨ੍ਹਾਂ ਵਿੱਚ ਧੀ ਬਾਬਲ ਨੂੰ ਹੀ ਸੰਬੋਧਨ ਕਰਦੀ ਹੈ। ਕੁੜੀ ਦਾ ਵਿਆਹ ਬਾਬਲ ਲਈ ਧਰਮ-ਕਾਰਜ ਹੁੰਦਾ ਹੈ ਜਿਸ ਨੂੰ ਕਰਨਾ ਪੁੰਨ ਹੁੰਦਾ ਹੈ ਅਤੇ ਇਸ ਨਾਲ ਜਸ ਵੀ ਹੁੰਦਾ ਹੈ। ਵਿਆਹ ਦੇ ਇਸ ਕਾਰਜ ਵਿੱਚ ਕੁੜੀ ਦੇ ਚਾਚੇ-ਤਾਏ, ਮਾਮੇ-ਨਾਨੇ ਅਤੇ ਨੇੜਲੇ ਰਿਸ਼ਤੇਦਾਰ ਆਦਿ ਸ਼ਾਮਲ ਹੋ ਜਾਂਦੇ ਹਨ। ਇਹ ਕਾਰਜ ਪਰਿਵਾਰ ਅਤੇ ਸਾਕ-ਸੰਬੰਧੀਆਂ ਲਈ ਸਾਂਝੀ ਜ਼ੁੰਮੇਵਾਰੀ ਬਣਿਆ ਹੁੰਦਾ ਹੈ।

ਸੁਹਾਗ ਨਾਂ ਦੇ ਲੋਕ-ਗੀਤਾਂ ਵਿੱਚ ਧੀ ਲਈ ਬਾਬਲ ਰਾਜਾ ਅਤੇ ਉਸ ਦਾ ਘਰ ਮਹਿਲ ਹੁੰਦਾ ਹੈ। ਪਰ ਇਹ ਰਾਜਾ/ਬਾਬਲ ਧੀ ਨੂੰ ਵਿਆਹ ਕੇ ਨਿਵ ਜਾਂਦਾ ਹੈ। ਧੀ ਦੇ ਵਿਛੜਨ ਸਮੇਂ ਪਰਿਵਾਰ ਅਤੇ ਕਬੀਲੇ ਦੇ ਸਭ ਲੋਕ ਛਮ-ਛਮ ਰੋਂਦੇ ਹਨ।

ਸੁਹਾਗ ਦੇ ਗੀਤ ਕੁੜੀਆਂ ਅਤੇ ਇਸਤਰੀਆਂ ਵੱਲੋਂ ਰਲ ਕੇ ਗਾਏ ਜਾਂਦੇ ਹਨ। ਗਾਏ ਜਾਣ ਦੀ ਲੋੜ ਅਨੁਸਾਰ ਇਹਨਾਂ ਲੋਕ-ਗੀਤਾਂ ਵਿੱਚ ਸ਼ਬਦਾਂ ਜਾਂ ਵਾਕੰਸ਼ਾਂ ਆਦਿ ਦਾ ਦੁਹਰਾਅ ਹੁੰਦਾ ਹੈ। ਗਾਉਣ ਦੀਆਂ ਲੋੜਾਂ ਕਾਰਨ ਸ਼ਬਦਾਂ ਦਾ ਕੁਝ ਰੂਪ ਵੀ ਬਦਲ ਜਾਂਦਾ ਹੈ ; ਜਿਵੇਂ ਦੇਵੀਂ ਤੋਂ ਦੇਈਂ ਅਤੇ ਨਿਵਿਆਂ ਤੋਂ ਨਿਮਿਆਂ ਆਦਿ। ਇਸੇ ਤਰ੍ਹਾਂ ਰਸ ਦੀ ਜ਼ਰੂਰਤ ਅਨੁਸਾਰ ਸਾਡੇ ਲਈ ਸਾਡੜੇ, ਬੇਟੀ ਲਈ ਬੇਟੜੀ ਅਤੇ ਵੱਡਾ ਲਈ ਵੱਡੜਾ ਆਦਿ ਸ਼ਬਦ ਵੀ ਵਰਤੇ ਜਾਂਦੇ ਹਨ। ਸੁਹਾਗ ਰੂਪੀ ਇਹ ਲੋਕ-ਗੀਤ ਬਣਤਰ ਦੇ ਪੱਖੋਂ ਸਰਲ ਹਨ। ਦੁਹਰਾਅ ਪ੍ਰਕਿਰਤੀ ਦੀਆਂ ਨਿਰਮਲ ਛੋਹਾਂ ਅਤੇ ਲੈਅ ਤੇ ਰਵਾਨੀ ਇਹਨਾਂ ਗੀਤਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ।