ਲੇਖ ਰਚਨਾ : ਅੱਖੀਂ ਡਿੱਠਾ ਮੈਚ
ਲੇਖ ਰਚਨਾ : ਫੁੱਟਬਾਲ ਦਾ ਮੈਚ
ਸਾਡੀ ਟੀਮ ਦਾ ਮੈਚ ਖੇਡਣ ਜਾਣਾ : ਐਤਵਾਰ ਦਾ ਦਿਨ ਸੀ। ਪਿਛਲੇ ਦੋ ਦਿਨਾਂ ਤੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਮੈਦਾਨ ਵਿਚ ਫੁੱਟਬਾਲ ਦੇ ਮੈਚ ਹੋ ਰਹੇ ਸਨ। ਬਹੁਤ ਸਾਰੀਆਂ ਟੀਮਾਂ ਜਿੱਤੀਆਂ ਤੇ ਹਾਰੀਆਂ। ਅੱਜ ਫਾਈਨਲ ਮੈਚ ਸਾਡੇ ਸਕੂਲ ਦੀ ਟੀਮ ਅਤੇ ਦੁਆਬਾ ਹਾਈ ਸਕੂਲ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ।
ਖਿਡਾਰੀਆਂ ਦਾ ਆਉਣਾ : ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਪੁੱਜ ਗਏ। ਮੈਂ ਆਪਣੇ ਸਕੂਲ ਦੀ ਟੀਮ ਦਾ ਕੈਪਟਨ ਸਾਂ। ਇਸ ਮੈਚ ਦੇ ਰੈਫ਼ਰੀ ਪ੍ਰਸਿੱਧ ਫੁੱਟਬਾਲ ਖਿਡਾਰੀ ਸ: ਦਰਸ਼ਨ ਸਿੰਘ ਸਨ। ਉਨ੍ਹਾਂ ਨੇ ਠੀਕ ਸਮੇਂ ‘ਤੇ ਵਿਸਲ ਵਜਾਈ ਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਮੈਦਾਨ ਵਿਚ ਆ ਗਈਆਂ। ਦੁਆਬਾ ਹਾਈ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ। ਟਾਸ ਅਸੀਂ ਜਿੱਤਿਆ। ਰੈਫ਼ਰੀ ਨੇ ਦੋਹਾਂ ਟੀਮਾਂ ਨੂੰ ਖੇਡ ਦੇ ਕੁੱਝ ਨਿਯਮ ਦੱਸੇ। ਫਿਰ ਸਾਰੇ ਖਿਡਾਰੀ ਖੇਡ ਦੇ ਮੈਦਾਨ ਵਿਚ ਖਿੰਡ ਗਏ ਤੇ ਉਨ੍ਹਾਂ ਨੇ ਆਪਣੀਆਂ-ਆਪਣੀਆਂ ਪੁਜ਼ੀਸ਼ਨਾਂ ਸੰਭਾਲ ਲਈਆਂ।
ਮੈਚ ਦਾ ਆਰੰਭ : ਰੈਫ਼ਰੀ ਨੇ ਵਿਸਲ ਵਜਾਈ ਤੇ ਅੱਖ ਫਰਕਣ ਦੇ ਸਮੇਂ ਵਿਚ ਹੀ ਖੇਡ ਆਰੰਭ ਹੋ ਗਈ। ਦੋਹਾਂ ਟੀਮਾਂ ਦੇ ਖਿਡਾਰੀ ਚੰਗੀ ਖੇਡ ਦਿਖਾ ਰਹੇ ਸਨ। ਮੈਚ ਦੇਖਣ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵੀ ਜ਼ਿਆਦਾ ਸੀ। ਮੈਨੂੰ ਆਪਣੀ ਖੇਡ ਤੇ ਆਪਣੇ ਬਾਕੀ ਖਿਡਾਰੀ ਸਾਥੀਆਂ ਉੱਤੇ ਬਹੁਤ ਮਾਣ ਸੀ। ਪਹਿਲਾਂ ਤਾਂ 10 ਕੁ ਮਿੰਟ ਸਾਡੀ ਟੀਮ ਦੇ ਕਾਫ਼ੀ ਜ਼ੋਰ ਲਾਉਣ ਦੇ ਬਾਵਜੂਦ ਦੁਆਬਾ ਹਾਈ ਸਕੂਲ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵਲ ਹੀ ਰੱਖਿਆ। ਸਾਡਾ ਛਿੰਦਾ ਰਾਈਟ-ਆਉਟ ਖੇਡਦਾ ਸੀ। ਉਸ ਕੋਲ ਬਾਲ ਆਇਆ, ਤਾਂ ਉਹ ਜਲਦੀ ਹੀ ਮੈਦਾਨ ਦੀਆਂ ਹੱਦਾਂ ਦੇ ਨਾਲ-ਨਾਲ ਉਨ੍ਹਾਂ ਦੇ ਗੋਲਾਂ ਪਾਸ ਪੁੱਜ ਗਿਆ। ਉਸ ਨੇ ਮੈਨੂੰ ਬਾਲ ਅਜੇ ਦਿੱਤਾ ਹੀ ਸੀ ਕਿ ਉਨ੍ਹਾਂ ਦੇ ਫੁਲ ਬੈਕ ਨੇ ਮੇਰੇ ਪਾਸੋਂ ਬਾਲ ਖੋਹ ਲਿਆ ਅਤੇ ਇੰਨੀ ਜ਼ੋਰ ਨਾਲ ਕਿੱਕ ਮਾਰੀ ਕਿ ਬਾਲ ਮੁੜ ਸਾਡੇ ਗੋਲਾਂ ਵਿਚ ਆ ਗਿਆ। ਸਾਨੂੰ ਡਰ ਲਗਣ ਲੱਗ ਪਿਆ ਕਿ ਕਿਤੇ ਗੋਲ ਨਾ ਹੋ ਜਾਵੇ। ਪਰ ਸਾਡਾ ਗੋਲਚੀ ਬਹੁਤ ਚੌਕੰਨਾ ਸੀ। ਬਾਲ ਉਸ ਦੇ ਕੋਲ ਪੁੱਜਾ ਹੀ ਸੀ ਕਿ ਉਸ ਨੇ ਫੜ ਲਿਆ। ਅਚਾਨਕ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ ।
ਸਾਡੇ ਸਿਰ ਗੋਲ ਹੋਣਾ : ਸਾਡੇ ਪੀ.ਟੀ. ਆਈ. ਅਧਿਆਪਕ ਨੇ ਸਾਨੂੰ ਚੰਗੀ ਖੇਡ ਖੇਡਣ ਲਈ ਕੁੱਝ ਚੇਤਾਵਨੀਆਂ ਦਿੱਤੀਆਂ। ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰੀ ਆਰੰਭ ਹੋ ਗਈ। ਇਸ ਵਾਰ ਖੇਡ ਇਕ ਦਮ ਹੀ ਬਹੁਤ ਤੇਜ਼ ਹੋ ਗਈ। ਉਨ੍ਹਾਂ ਦੇ ਲੈਫਟ-ਆਊਟ ਨੇ ਅਜਿਹੀ ਕਿੱਕ ਮਾਰੀ ਕਿ ਬਾਲ ਉਨ੍ਹਾਂ ਦੇ ਕੈਪਟਨ ਕੋਲ ਪੁੱਜ ਗਿਆ। ਦਰਸ਼ਕਾਂ ਨੇ ਤਾੜੀਆਂ ਵਜਾਈਆਂ। ਅਚਾਨਕ ਹੀ ਬਾਲ ਸਾਡੇ ਫੁੱਲ ਬੈਕ ਕੋਲੋਂ ਹੁੰਦਾ ਹੋਇਆ ਸਾਡੇ ਗੋਲਾਂ ਵਿਚੋਂ ਲੰਘ ਗਿਆ ਤੇ ਸਾਡੇ ਸਿਰ ਇਕ ਗੋਲ ਹੋ ਗਿਆ। ਹੁਣ ਉਨ੍ਹਾਂ ਦੀ ਚੜ੍ਹ ਬਹੁਤ ਜ਼ਿਆਦਾ ਮਚ ਗਈ।
ਗੋਲ ਉਤਾਰਨਾ : ਸਮਾਂ ਕੇਵਲ 10 ਮਿੰਟ ਹੀ ਰਹਿ ਗਿਆ ਸੀ। ਟੀਮ ਦਾ ਕੈਪਟਨ ਹੋਣ ਦੇ ਨਾਤੇ ਮੇਰਾ ਖੂਨ ਖੋਲ ਰਿਹਾ ਸੀ। ਮੈਂ ਬਹੁਤ ਤੇਜ਼ੀ ਨਾਲ ਬਾਲ ਕੱਢ ਕੇ ਝੱਟ ਹੀ ਗੋਲਡੀ ਨੂੰ ਦੇ ਦਿੱਤਾ। ਉਸ ਨੇ ਬਾਲ ਉਨ੍ਹਾਂ ਦੇ ਦੋ ਖਿਡਾਰੀਆਂ ਵਿਚੋਂ ਕੱਢ ਕੇ ਰਾਈਟ-ਆਊਟ ਨੂੰ ਦੇ ਦਿੱਤਾ। ਉਸ ਨੇ ਨੁੱਕਰ ਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ। ਤਾੜੀਆਂ ਦੀ ਕੋਈ ਹੱਦ ਨਾ ਰਹੀ। ਸਾਡੀਆਂ ਆਸਾਂ ਫੇਰ ਜਾਗ ਪਈਆਂ।
ਮੈਚ ਜਿੱਤਣਾ : ਇਸ ਵੇਲੇ ਖੇਡ ਬਹੁਤ ਗਰਮਜ਼ੋਸ਼ੀ ਨਾਲ ਖੇਡੀ ਜਾ ਰਹੀ ਸੀ। ਅਚਾਨਕ ਬਾਲ ਮੁੜ ਸਾਡੇ ਗੋਲਾਂ ਵਿਚ ਪੁੱਜ ਗਿਆ। ਜੇਕਰ ਸਾਡਾ ਗੋਲਚੀ ਚੁਸਤੀ ਤੋਂ ਕੰਮ ਨਾ ਲੈਂਦਾ, ਤਾਂ ਗੋਲ ਹੋ ਜਾਂਦਾ। ਇਸ ਪਿੱਛੋਂ ਬਾਲ ਮੇਰੇ ਕੋਲ ਆ ਗਿਆ। ਮੈਂ ਸੈਂਟਰ ਵਿਚੋਂ ਅਜਿਹੀ ਜ਼ੋਰਦਾਰ ਕਿੱਕ ਮਾਰੀ ਕਿ ਉਨ੍ਹਾਂ ਦੇ ਗੋਲਚੀ ਨੇ ਤਾਂ ਰੋਕ ਲਈ, ਪਰ ਬਾਲ ਤਿਲਕ ਕੇ ਗੋਲਾਂ ਵਿਚੋਂ ਲੰਘ ਗਿਆ। ਰੈਫਰੀ ਨੇ ਵਿਸਲ ਵਜਾ ਕੇ ਗੋਲ ਦਾ ਐਲਾਨ ਕਰ ਦਿੱਤਾ। ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ। ਅਸੀਂ ਮੈਚ ਜਿੱਤ ਗਏ ਤੇ ਇਨ੍ਹਾਂ ਮੈਚਾਂ ਵਿਚ ਜ਼ਿਲ੍ਹੇ ਭਰ ਵਿਚੋਂ ਫ਼ਸਟ ਰਹੇ। ਅਗਲੇ ਦਿਨ ਸਾਡੇ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ।