ਲੇਖ ਰਚਨਾ : ਸਾਡੇ ਤਿਉਹਾਰ
ਜਾਣ-ਪਛਾਣ : ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ‘ਤਿਉਹਾਰ’ ਉਸ ਖ਼ਾਸ ਦਿਨ-ਵਾਰ ਨੂੰ ਕਹਿੰਦੇ ਹਨ, ਜਿਸ ਦਿਨ ਕੋਈ ਇਤਿਹਾਸਿਕ, ਮਿਥਿਹਾਸਿਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ। ਇਨ੍ਹਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਘਟਨਾਵਾਂ ਤੇ ਰੁੱਤਾਂ ਨਾਲ ਹੁੰਦਾ ਹੈ। ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਨੂੰ ਮਨਾਉਣ ਲਈ ਆਮ ਤੌਰ ‘ਤੇ ਮੇਲੇ ਲਗਦੇ ਹਨ, ਧਾਰਮਿਕ ਗ੍ਰੰਥਾਂ ਦੇ ਪਾਠ, ਤੀਰਥ-ਇਸ਼ਨਾਨ, ਮਠਿਆਈਆਂ, ਖੇਡਾਂ, ਤਮਾਸ਼ਿਆਂ, ਨਾਚਾਂ ਤੇ ਭੰਗੜਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤਿਉਹਾਰ ਦਾ ਦਿਨ ਚਾਅ, ਉਮੰਗ, ਰਾਗ-ਰੰਗ ਤੇ ਖ਼ੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਸਾਲ ਵਿਚ ਕੋਈ ਹੀ ਮਹੀਨਾ ਅਜਿਹਾ ਹੁੰਦਾ ਹੋਵੇਗਾ, ਜਦੋਂ ਇਕ ਜਾਂ ਦੋ ਤਿਉਹਾਰ ਨਾ ਮਨਾਏ ਜਾਂਦੇ ਹੋਣ।
ਲੋਹੜੀ : ਜੇਕਰ ਅਸੀਂ ਸਾਲ ਭਰ ਦੇ ਤਿਉਹਾਰਾਂ ਵਲ ਨਜ਼ਰ ਮਾਰੀਏ, ਤਾਂ ਮਹਾਨਤਾ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਜਨਵਰੀ ਦੇ ਨਾਲ ਨਵੇਂ ਸਾਲ ਦੇ ਆਰੰਭ ਹੁੰਦਿਆਂ ਹੀ ਲੋਹੜੀ ਦਾ ਤਿਉਹਾਰ ਨੇੜੇ ਢੁੱਕ ਰਿਹਾ ਹੁੰਦਾ ਹੈ। ਹਰ ਰੋਜ਼ ਲੋਹੜੀ ਮੰਗਦੇ ਮੁੰਡੇ-ਕੁੜੀਆਂ ਤ੍ਰਿਕਾਲਾਂ ਵੇਲੇ ਆਪਣੇ ਗੀਤਾਂ ਨਾਲ ਵਾਤਾਵਰਨ ਨੂੰ ਗੁੰਜਾ ਦਿੰਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ (ਆਮ ਕਰਕੇ 13 ਜਨਵਰੀ) ਨੂੰ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰੀਂ ਮੁੰਡੇ ਦਾ ਜਨਮ ਹੋਇਆ ਹੋਵੇ, ਉਨ੍ਹਾਂ ਦੇ ਘਰ ਇਹ ਦਿਨ ਵਿਸ਼ੇਸ਼ ਖ਼ੁਸ਼ੀਆਂ ਭਰਪੂਰ ਹੁੰਦਾ ਹੈ। ਇਨ੍ਹਾਂ ਘਰਾਂ ਵਿਚ ਮੁੰਡੇ ਦੇ ਜਨਮ ਦੀ ਖ਼ੁਸ਼ੀ ਵਿਚ ਇਕ ਦਿਨ ਪਹਿਲਾਂ ਹੀ ਲੋਹੜੀ ਵੰਡਣੀ ਆਰੰਭ ਕਰ ਦਿੱਤੀ ਜਾਂਦੀ ਹੈ। ਲੋਹੜੀ ਵਾਲੇ ਦਿਨ ਇਸ ਘਰ ਵਿਚ, ਜਿੱਥੇ ਲੋਹੜੀ ਮੰਗਣ ਵਾਲੇ ਟੋਲੀਆਂ ਬਣਾ-ਬਣਾ ਕੇ ਆਉਂਦੇ ਹਨ, ਇਕ ਵੱਡੀ ਧੂਣੀ ਲਾ ਕੇ ਗੀਤ ਗਾਏ ਤੇ ਨਾਚ-ਨੱਚੇ ਜਾਂਦੇ ਹਨ। ਰਿਉੜੀਆਂ, ਮੂੰਗਫਲੀ, ਚਿੜਵੇ ਤੇ ਬੱਕਲੀਆਂ ਵੰਡੀਆਂ ਤੇ ਖਾਧੀਆਂ ਜਾਂਦੀਆਂ ਹਨ।
ਮਾਘੀ : ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਹੁੰਦਾ ਹੈ। ਇਸ ਦਿਨ ਲੋਕ ਹਰਦੁਆਰ, ਪ੍ਰਯਾਗ ਤੇ ਬਨਾਰਸ ਆਦਿ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਦੇ ਹਨ। ਪੰਜਾਬ ਵਿਚ ਮੁਕਸਤਰ ਵਿਖੇ ਮਾਘੀ ਦਾ ਮੇਲਾ ਲਗਦਾ ਹੈ।
ਬਸੰਤ : ਇਸ ਪਿੱਛੋਂ ਜਨਵਰੀ ਦੇ ਅਖੀਰ ਜਾਂ ਫ਼ਰਵਰੀ ਦੇ ਆਰੰਭ ਵਿਚ ਬਸੰਤ ਪੰਚਮੀਂ ਦਾ ਤਿਉਹਾਰ ਆਉਂਦਾ ਹੈ। ਇਹ ਸਿਆਲ ਦੀ ਰੁੱਤ ਦੇ ਜਾਣ ਤੇ ਬਹਾਰ ਦੀ ਰੁੱਤ ਦੇ ਆਉਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ-ਆਈ ਬਸੰਤ ਤੇ ਪਾਲਾ ਉਡੰਤ’। ਘਰਾਂ ਵਿਚ ਲੋਕ ਬਸੰਤੀ ਰੰਗ ਦਾ ਹਲਵਾ ਬਣਾਉਂਦੇ ਹਨ। ਮਰਦ ਬਸੰਤੀ ਪੱਗਾਂ ਬੰਨ੍ਹਦੇ ਹਨ ਤੇ ਇਸਤਰੀਆਂ ਬਸੰਤੀ ਚੁੰਨੀਆਂ ਲੈਂਦੀਆਂ ਹਨ। ਲੋਕ ਪਤੰਗ ਵੀ ਉਡਾਉਂਦੇ ਹਨ। ਸ਼ਿਵਰਾਤਰੀ ਦਾ ਤਿਉਹਾਰ ਵੀ ਇਸੇ ਮਹੀਨੇ ਵਿਚ ਹੀ ਮਨਾਇਆ ਜਾਂਦਾ ਹੈ।
ਹੋਲੀ : ਮਾਰਚ ਦੇ ਮਹੀਨੇ ਵਿਚ ਇਕ-ਦੂਜੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ ਸਿੱਖ ਹੋਲਾ-ਮਹੱਲਾ ਮਨਾਉਂਦੇ ਹਨ। ਇਸ ਸੰਬੰਧ ਵਿਚ ਆਨੰਦਪੁਰ ਸਾਹਿਬ ਵਿਚ ਭਾਰੀ ਮੇਲਾ ਲਗਦਾ ਹੈ। ਇਨ੍ਹਾਂ ਦਿਨਾਂ ਵਿਚ ਹੀ ਮਾਤਾ ਦੇ ਨਰਾਤੇ ਆਉਂਦੇ ਹਨ ਤੇ ਮਾਤਾ ਦਾ ਪੂਜਨ ਕੀਤਾ ਜਾਂਦਾ ਹੈ। ਅਪਰੈਲ ਦੇ ਮਹੀਨੇ ਵਿਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ। ਇਸ ਮੌਕੇ ਉੱਪਰ ਕਣਕਾਂ ਪੱਕਣ ਦੀ ਖ਼ੁਸ਼ੀ ਵਿਚ ਥਾਂ-ਥਾਂ ਮੇਲੇ ਲਗਦੇ ਹਨ ਤੇ ਭੰਗੜੇ ਪੈਂਦੇ ਹਨ। ਇਹ ਤਿਉਹਾਰ ਪੰਜਾਬੀ ਜੀਵਨ ਵਿਚ ਬਹੁਤ ਹੀ ਮਹੱਤਵ ਰੱਖਦਾ ਹੈ। ਕਵੀਆਂ ਨੇ ਇਸ ਨਾਲ ਸੰਬੰਧਿਤ ਮੇਲਿਆਂ ਦੀ ਰੌਣਕ ਤੇ ਖ਼ੁਸ਼ੀ ਨੂੰ ਆਪਣੀਆਂ ਕਵਿਤਾਵਾਂ ਵਿਚ ਬੜੇ ਤੀਬਰ ਭਾਵਾਂ ਨਾਲ ਬਿਆਨ ਕੀਤਾ ਹੈ।
ਰੱਖੜੀ : ਇਸ ਪਿੱਛੋਂ ਜੁਲਾਈ ਵਿਚ ਜਨਮ-ਅਸ਼ਟਮੀ ਤੇ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸੰਬੰਧ ਭਗਵਾਨ ਕ੍ਰਿਸ਼ਨ ਦੇ ਜਨਮ-ਦਿਨ ਨਾਲ ਹੈ। ਇਸ ਤੋਂ ਅਗਲੇ ਦਿਨ ਗੁੱਗੇ ਦੀ ਪੂਜਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਰੱਖੜੀ ਦੇ ਦਿਨ ‘ਤੇ ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ੍ਹਦੀਆਂ ਹਨ। ਇਨ੍ਹਾਂ ਦਿਨਾਂ ਵਿਚ ਸਾਵਣ ਦਾ ਮਹੀਨਾ ਹੋਣ ਕਰਕੇ
ਪੰਜਾਬ ਦੇ ਪਿੰਡਾਂ ਵਿਚ ਗਿੱਧਿਆਂ ਨਾਲ ਭਰਪੂਰ ਤੀਆਂ ਲੱਗਦੀਆਂ ਹਨ।
ਦੁਸਹਿਰਾ, ਦੀਵਾਲੀ : ਸਤੰਬਰ ਵਿਚ ਸਰਾਧਾਂ ਦੇ ਦਿਨ ਹੁੰਦੇ ਹਨ। ਇਨ੍ਹਾਂ ਦਿਨਾਂ ਵਿਚ ਪਿਤਰਾਂ ਦੀ ਯਾਦ ਵਿਚ ਬ੍ਰਾਹਮਣਾਂ ਨੂੰ ਭੋਜਨ ਆਦਿ ਛਕਾਏ ਜਾਂਦੇ ਹਨ। ਇਨ੍ਹਾਂ ਤੋਂ ਮਗਰੋਂ ਖ਼ੁਸ਼ੀਆਂ ਨਾਲ ਭਰਪੂਰ ਨਰਾਤੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਲੋਕ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਹਨ, ਪੂਜਾ ਕਰਦੇ ਹਨ ਤੇ ਕੰਜਕਾਂ ਬਿਠਾਉਂਦੇ ਹਨ। ਇਨ੍ਹਾਂ ਦਿਨਾਂ ਵਿਚ ਹੀ ਰਾਤ ਨੂੰ ਰਾਮ-ਲੀਲ੍ਹਾ ਲੱਗਦੀ ਹੈ। ਦੁਸਹਿਰੇ ਦਾ ਤਿਉਹਾਰ ਆਮ ਕਰਕੇ ਅਕਤੂਬਰ ਵਿਚ ਤੇ ਦੀਵਾਲੀ ਦਾ ਤਿਉਹਾਰ ਇਸ ਤੋਂ ਵੀਹ ਦਿਨ ਮਗਰੋਂ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਰਾਵਣ ਉੱਤੇ ਸ੍ਰੀ ਰਾਮ ਚੰਦਰ ਦੀ ਜਿੱਤ ਦੀ ਖ਼ੁਸ਼ੀ ਵਿਚ ਦੁਸਹਿਰਾ, ਪਰ ਰਾਮ ਚੰਦਰ ਦੇ ਬਨਵਾਸ ਤੋਂ ਪਰਤਣ ਦੀ ਖ਼ੁਸ਼ੀ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਦਿਨ ਭਾਰੀ ਮੇਲਾ ਲਗਦਾ ਹੈ। ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ। ਦੀਵਾਲੀ ਸਭ ਤੋਂ ਵੱਧ ਖ਼ੁਸ਼ੀ ਦਾ ਤਿਉਹਾਰ ਹੈ। ਲੋਕ ਮਕਾਨਾਂ ਦੀਆਂ ਸਫ਼ਾਈਆਂ ਕਰਦੇ ਹਨ, ਮਠਿਆਈ ਖ਼ਰੀਦਦੇ ਤੇ ਵੰਡਦੇ ਹਨ। ਲਛਮੀ ਦੀ ਪੂਜਾ ਕੀਤੀ ਜਾਂਦੀ ਹੈ। ਦੁਕਾਨਦਾਰ ਨਵੇਂ ਵਹੀ-ਖਾਤੇ ਸ਼ੁਰੂ ਕਰਦੇ ਹਨ। ਦੁਸਹਿਰਾ ਅਤੇ ਦੀਵਾਲੀ ਦੇ ਵਿਚਕਾਰ ਕਰਵਾ ਚੌਥ ਦਾ ਤਿਉਹਾਰ ਹੁੰਦਾ ਹੈ, ਜਿਸ ਦਿਨ ਇਸਤਰੀਆਂ ਵਰਤ ਰੱਖ ਕੇ ਆਪਣੇ ਪਤੀ ਦੀ ਸੁਖ ਮੰਗਦੀਆਂ ਹਨ।
ਗੁਰਪੁਰਬ : ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ-ਦਿਨ ਅਤੇ ਜਨਵਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਨਗਰ ਕੀਰਤਨ ਕੱਢ ਕੇ, ਦੀਵਾਨ ਸਜਾ ਕੇ ਤੇ ਲੰਗਰ ਵਰਤਾ ਕੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਤੋਂ ਬਿਨਾਂ ਮੁਸਲਮਾਨਾਂ ਦੀ ਈਦ ਸਾਲ ਵਿਚ ਦੋ ਵਾਰੀ ਮਨਾਈ ਜਾਂਦੀ ਹੈ-ਈਦੁਲ-ਫ਼ਿਤਰ ਤੇ ਈਦੁਲ ਜੁਹਾ। 25 ਦਸੰਬਰ ਨੂੰ ਈਸਾਈ ਕ੍ਰਿਸਮਿਸ ਦਾ ਤਿਉਹਾਰ ਮਨਾਉਂਦੇ ਹਨ। ਇਸੇ ਪ੍ਰਕਾਰ ਰਿਸ਼ੀ ਬਾਲਮੀਕ, ਮਹਾਤਮਾ ਬੁੱਧ, ਭਗਵਾਨ ਮਹਾਂਵੀਰ, ਗੁਰੂ ਰਵਿਦਾਸ ਤੇ ਹੋਰਨਾਂ ਧਰਮਾਂ ਤੇ ਸੰਪਰਦਾਵਾਂ ਦੇ ਮੁਖੀਆਂ ਦੇ ਜਨਮ-ਦਿਨ ਵੀ ਸ਼ਰਧਾਲੂਆਂ ਵਲੋਂ ਤਿਉਹਾਰ ਦੇ ਰੂਪ ਵਿਚ ਮਨਾਏ ਜਾਂਦੇ ਹਨ।
ਮਹੱਤਵ : ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਤਿਉਹਾਰਾਂ ਦੀਆਂ ਖ਼ੁਸ਼ੀਆਂ ਨਾਲ ਓਤ-ਪੋਤ ਹੈ। ਇਹ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਹ ਸਾਡੇ ਜੀਵਨ ਨੂੰ ਰੂਹਾਨੀ ਖ਼ੁਸ਼ੀ ਅਤੇ ਖੇੜੇ ਨਾਲ ਭਰ ਕੇ ਸਿਹਤਮੰਦ ਅਤੇ ਅਰੋਗ ਬਣਾਉਂਦੇ ਹਨ।