ਪਾਤਰ ਚਿਤਰਨ : ਮਹੇਸ਼ੀ ਦੀ ਮਾਂ
ਇਕ ਹੋਰ ਨਵਾਂ ਸਾਲ : ਮਹੇਸ਼ੀ ਦੀ ਮਾਂ
ਪ੍ਰਸ਼ਨ. ਮਹੇਸ਼ੀ ਦੀ ਮਾਂ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਮਹੇਸ਼ੀ ਦੀ ਮਾਂ ‘ਇਕ ਹੋਰ ਨਵਾਂ ਸਾਲ’ ਨਾਵਲ ਦੀ ਇਕ ਗੌਣ ਪਾਤਰ ਹੈ। ਉਹ ਆਪਣੇ ਮੁੰਡੇ ਮਹੇਸ਼ੀ ਲਈ ਕੁੜੀ ਵੇਖਣ ਜਾਣ ਖ਼ਾਤਰ ਵਿਚੋਲਣ ਲਾਜੋ ਦੇ ਨਾਲ ਬੰਤੇ ਦੇ ਰਿਕਸ਼ੇ ਵਿਚ ਬੈਠਦੀ ਹੈ। ਉਸ ਦਾ ਸਰੀਰ ਭਾਰਾ ਤੇ ਰੰਗ ਗੋਰਾ ਹੈ। ਉਸ ਦਾ ਮੁੰਡਾ ਅੱਠਵੀ ਫੇਲ੍ਹ ਤੇ ਅੱਖੋਂ ਭੈਂਗਾ ਹੈ। ਉਹ ਆਪਣੀ ਹੱਟੀ ਚਲਾਉਂਦਾ ਹੈ।
ਲਾਲਚੀ ਤੇ ਕੰਜੂਸ : ਉਹ ਬੜੀ ਲਾਲਚੀ ਜ਼ਨਾਨੀ ਹੈ। ਉਹ ਬੰਤੇ ਨੂੰ ਤਾਂ ਮਸਾਂ ਪੰਜਾਹ ਪੈਸੇ ਦੇਣੇ ਮੰਨਦੀ ਹੈ, ਪਰੰਤੂ ਵਿਚੋਲਣ ਨੂੰ ਪੁੱਛਦੀ ਹੈ ਕਿ ਕੁੜੀ ਵਾਲੇ ਦਾਜ ਵਿਚ ਕੀ ਕੁੱਝ ਦੇਣਗੇ।
ਕੁੜੀ ਦੀ ਥਾਂ ਮੁੰਡੇ ਨੂੰ ਮਹੱਤਵ ਦੇਣ ਵਾਲੀ : ਉਹ ਸਾਡੇ ਸਮਾਜ ਦੇ ਵਰਤਾਰੇ ਅਨੁਸਾਰ ਮੁੰਡੇ ਨੂੰ ਕੁੜੀ ਦੀ ਥਾਂ ਮਹੱਤਵ ਦਿੰਦੀ ਹੈ ਕਿ ਕਿਸੇ ਤਰ੍ਹਾਂ ਉਸ ਦੀ ਛੋਟੀ ਭੈਣ ਸ਼ੀਲਾ ਦੇ ਘਰ ਮੁੰਡਾ ਹੋ ਜਾਵੇ, ਜਿਸਦੇ ਉਪਰੋਥਲੀ ਤਿੰਨ ਕੁੜੀਆਂ ਹੋਈਆਂ ਹਨ। ਉਹ ਸਮਝਦੀ ਹੈ ਕਿ ਧੀਆਂ ਕਿੰਨੀਆਂ ਆਪਣੀਆਂ ਹੋਣ, ਫੇਰ ਵੀ ਬਗ਼ਾਨੀਆਂ ਹੁੰਦੀਆਂ ਹਨ, ਪਰ ਮੁੰਡਾ ਇਕ ਵੀ ਹੋਵੇ ਤਾਂ ਕੁੱਲ ਚਲਦੀ ਰਹਿੰਦੀ ਹੈ।
ਸੰਤਾਂ-ਸਾਧਾਂ ਦੇ ਟੋਟਕਿਆਂ ਵਿਚ ਯਕੀਨ ਰੱਖਣ ਵਾਲੀ ਤੇ ਅੰਧ-ਵਿਸ਼ਵਾਸੀ : ਉਹ ਆਪਣੀ ਭੈਣ ਨੂੰ ਮੁੰਡੇ ਨੂੰ ਜਨਮ ਦੇਣ ਦੇ ਯੋਗ ਬਣਾਉਣ ਲਈ ਸਾਧ ਦੀਆਂ ਪੁੜੀਆਂ ਪ੍ਰਾਪਤ ਕਰਨਾ ਚਾਹੁੰਦੀ ਹੈ। ਉਹ ਇਹ ਵੀ ਚਾਹੁੰਦੀ ਹੈ ਕਿ ਕਿਸੇ ਬਾਬੇ ਦੀ ਪੁੜੀ ਨਾਲ ਉਸ ਦੇ ਪਤੀ ਦੇ ਗੋਡਿਆਂ ਦਾ ਦਰਦ ਠੀਕ ਹੋ ਜਾਵੇ।
ਅੰਦਰਲੇ ਡਰ ਦੀ ਮਾਰੀ ਹੋਈ : ਉਹ ਆਪਣੇ ਅੰਦਰਲੇ ਡਰ ਦੀ ਮਾਰੀ ਹੋਈ ਹੈ। ਉਹ ਨਹੀਂ ਚਾਹੁੰਦੀ ਕਿ ਕਲ੍ਹ ਨੂੰ ਬਹੁਤੀ ਪੜ੍ਹੀ ਕੁੜੀ ਉਸ ਦੇ ਅੱਠਵੀਂ ਫੇਲ੍ਹ ਮੁੰਡੇ ਉੱਤੇ ਹਾਵੀ ਹੋਵੇ। ਉਹ ਚਾਹੁੰਦੀ ਹੈ ਕਿ ਕੁੜੀ ਦੀ ਪੜ੍ਹਾਈ ਬੰਦ ਕਰਾ ਦਿੱਤੀ ਜਾਵੇ। ਉਸ ਨੂੰ ਇਹ ਵੀ ਡਰ ਹੈ ਕਿ ਕਿਤੇ ਕੁੜੀ ਉਸ ਦੇ ਭੈਂਗੇ ਮੁੰਡੇ ਨੂੰ ਪਸੰਦ ਕਰਨ ਤੋਂ ਇਨਕਾਰ ਨਾ ਕਰ ਦੇਵੇ।
ਫਰੇਬ ਤੋਂ ਕੰਮ ਲੈਣ ਵਾਲੀ : ਉਹ ਪਹਿਲਾਂ ਤਾਂ ਇਸ ਗੱਲ ਨੂੰ ਪਸੰਦ ਨਹੀਂ ਕਰਦੀ ਕਿ ਕੁੜੀ ਉਸ ਦੇ ਮੁੰਡੇ ਨੂੰ ਦੇਖੋ, ਕਿਉਂਕਿ ਉਸ ਨੂੰ ਡਰ ਸੀ ਕਿ ਮੁੰਡੇ ਦੇ ਸਾਹਮਣੇ ਆਉਣ ਨਾਲ ਕੁੜੀ ਨੂੰ ਪਤਾ ਲੱਗ ਜਾਵੇਗਾ ਕਿ ਮੁੰਡਾ ਅੱਖੋਂ ਭੈਂਗਾ ਹੈ। ਫਿਰ ਉਹ ਵਿਚੋਲਣ ਲਾਜੋ ਨਾਲ ਸਲਾਹ ਬਣਾਉਂਦੀ ਹੈ ਕਿ ਮੁੰਡੇ ਨੂੰ ਧੁੱਪ ਦੀਆਂ ਐਨਕਾਂ ਲਾ ਕੇ ਗਰਮੀਆਂ ਵਿਚ ਦਿਖਾਇਆ ਜਾਵੇ।