ਪਾਤਰ ਚਿਤਰਨ : ਦਿਆਲਾ
ਇਕ ਹੋਰ ਨਵਾਂ ਸਾਲ : ਦਿਆਲਾ
ਪ੍ਰਸ਼ਨ. ਦਿਆਲੇ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਦਿਆਲਾ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗੌਣ ਪਾਤਰ ਹੈ। ਉਹ ਬੰਤੇ ਦਾ ਦੋਸਤ ਹੈ। ਉਹ ਵਿਆਹਿਆ ਹੋਇਆ ਸੀ, ਪਰ ਉਸ ਦੀ ਤੀਵੀਂ ਪੇਕੇ ਗਈ ਹੋਈ ਸੀ। ਬੰਤਾ ਤਾਰੋ ਦੇ ਦੋ-ਚਾਰ ਧੱਫੇ ਮਾਰਨ ਮਗਰੋਂ ਬੇਚੈਨ ਹੋਇਆ ਘਰੋਂ ਬਾਹਰ ਨਿਕਲ ਕੇ ਉਸ ਦੇ ਘਰ ਚਲਾ ਜਾਂਦਾ ਹੈ।
ਪਤਨੀ ਨਾਲ ਬੁਰਾ ਸਲੂਕ ਕਰਨ ਵਾਲਾ : ਬੰਤਾ ਜਦੋਂ ਦਿਆਲੇ ਦੇ ਘਰ ਪਹੁੰਚਦਾ ਹੈ, ਤਾਂ ਉਸ ਦੀ ਪਤਨੀ ਨੂੰ ਪੇਕੇ ਗਏ ਦੋ ਮਹੀਨੇ ਹੋ ਗਏ ਸਨ। ਉਹ ਬੰਤੇ ਨੂੰ ਦੱਸਦਾ ਹੈ ਕਿ ਉਹ ਕਦੇ-ਕਦੇ ਆਪਣੀ ਤੀਵੀਂ ਨੂੰ ਕੁੱਟ ਲੈਂਦਾ ਹੈ।
ਇਕੱਲਾ ਰਹਿ ਕੇ ਖ਼ੁਸ਼ : ਬੰਤੇ ਅਨੁਸਾਰ ਦਿਆਲਾ ਇਕੱਲਾ ਰਹਿ ਕੇ ਖ਼ੁਸ਼ ਰਹਿੰਦਾ ਹੈ। ਜਦੋਂ ਬੰਤਾ ਪੁੱਛਦਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਪੇਕਿਆਂ ਤੋਂ ਕਦੋਂ ਲਿਆਉਣਾ ਹੈ, ਤਾਂ ਉਹ ਕਹਿੰਦਾ ਹੈ, “……….ਆਪਣਾ ਝੱਟ ਲੰਘੀ ਜਾਦੈ।”
ਅਸੰਵੇਦਨਸ਼ੀਲ : ਉਹ ਪਤਨੀ ਨੂੰ ਕੁੱਟਣ ਮਗਰੋਂ ਬੰਤੇ ਵਾਂਗ ਬੇਚੈਨ ਨਹੀਂ ਹੁੰਦਾ। ਉਹ ਬੰਤੇ ਨੂੰ ਤਾਰੋ ਦੇ ਧੱਫੇ ਮਾਰਨ ਪਿੱਛੇ ਬੇਚੈਨ ਤੇ ਉਦਾਸ ਹੋਇਆ ਦੇਖ ਕੇ ਕਹਿੰਦਾ ਹੈ, “ਛੱਡ ਪਰ੍ਹਾਂ ਇਹ ਗੱਲਾਂ, ਆਪਾਂ ਨਹੀਂ ਕਦੀ ਸੋਚਿਆ ਇਨ੍ਹਾਂ ਗੱਲਾਂ ਬਾਰੇ।’ ਉਸ ਦੇ ਅਸੰਵੇਦਨਸ਼ੀਲ ਹੋਣ ਦਾ ਕਾਰਨ ਇਹ ਹੈ ਕਿ ਉਹ ਸਮਝਦਾ ਹੈ ਕਿ ਜਿਹੜੀ ਭੁੱਖ-ਨੰਗ ਕਾਰਨ ਉਸ ਦਾ ਪਤਨੀ ਨਾਲ ਝਗੜਾ ਹੁੰਦਾ ਹੈ, ਉਹ ਪੂਰੀ ਮਿਹਨਤ ਕਰ ਕੇ ਵੀ ਉਸ ਨੂੰ ਦੂਰ ਕਰਨ ਤੋਂ ਅਸਮਰਥ ਹੈ।
ਹੱਕਾਂ ਲਈ ਸੰਘਰਸ਼ ਕਰਨ ਦਾ ਚਾਹਵਾਨ : ਉਹ ਬੰਤੇ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਰੋਟੀ-ਕੱਪੜੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਰਾਇਆਂ ਵਿਚ ਵਾਧਾ ਕਰਨਾ ਚਾਹੀਦਾ ਹੈ ਤੇ ਇਸ ਮੰਤਵ ਲਈ ਸਾਰੀਆਂ ਯੂਨੀਅਨਾਂ ਨੂੰ ਇਕ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਇਕ ਚੰਗਾ ਦੋਸਤ : ਉਹ ਬੰਤੇ ਦਾ ਚੰਗਾ ਦੋਸਤ ਹੈ। ਜਦੋਂ ਰਾਤ ਨੂੰ ਠੰਢ ਵਿਚ ਉਸ ਕੋਲ ਆਇਆ ਬੰਤਾ ਘਰ ਵਾਪਸ ਜਾਣਾ ਚਾਹੁੰਦਾ ਸੀ, ਤਾਂ ਉਹ ਉਸ ਨੂੰ ਚਾਹ ਪਿਲਾਉਣ ਮਗਰੋਂ ਤੇ ਉਸ ਨਾਲ ਦਿਲ ਦੀਆਂ ਗੱਲਾਂ ਕਰਨ ਮਗਰੋਂ ਉਸ ਨੂੰ ਆਪਣੇ ਰਿਕਸ਼ੇ ਉੱਤੇ ਬਿਠਾ ਕੇ ਘਰ ਛੱਡ ਕੇ ਆਉਂਦਾ ਹੈ।
ਰੁਮਾਂਟਿਕ ਰੁਚੀਆਂ ਵਾਲਾ : ਦਿਆਲਾ ਬੰਤੇ ਵਾਂਗ ਹੀ ਰੁਮਾਂਟਿਕ ਰੁਚੀਆਂ ਵਾਲਾ ਹੈ। ਉਸ ਨੂੰ ਪ੍ਰੋਫੈਸਰਨੀ ਨੂੰ ਆਪਣੇ ਰਿਕਸ਼ੇ ਵਿਚ ਚੜ੍ਹਾ ਕੇ ਇਧਰ-ਉਧਰ ਲਿਜਾਦਿਆਂ ਬਹੁਤ ਖ਼ੁਸ਼ੀ ਮਿਲਦੀ ਹੈ।