ਕਾਰ-ਵਿਹਾਰ ਦੇ ਪੱਤਰ : ਸ਼ਾਖਾ ਪ੍ਰਬੰਧਕ ਨੂੰ ਪੱਤਰ
ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਕਿਸੇ ਨਜ਼ਦੀਕੀ ਬੈਂਕ ਤੋਂ ਸ੍ਵੈ-ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਸ਼ਾਖਾ-ਪ੍ਰਬੰਧਕ ਨੂੰ ਪੱਤਰ ਲਿਖੋ।
ਪਿੰਡ ਤੇ ਡਾਕਘਰ………,
ਜ਼ਿਲ੍ਹਾ……………..।
ਮਿਤੀ : 25 ਅਪਰੈਲ, 20….
ਸੇਵਾ ਵਿਖੇ
ਸ਼ਾਖਾ-ਪ੍ਰਬੰਧਕ ਸਾਹਿਬ,
ਪੰਜਾਬ ਨੈਸ਼ਨਲ ਬੈਂਕ,
…………….ਸ਼ਹਿਰ।
ਵਿਸ਼ਾ : ਸ੍ਵੈ-ਰੁਜ਼ਗਾਰ ਲਈ ਕਰਜ਼ਾ ਲੈਣ ਬਾਰੇ।
ਸ੍ਰੀਮਾਨ ਜੀ,
ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਸਨਿਮਰ ਬੇਨਤੀ ਹੈ ਕਿ ਮੈਂ ਬੀ. ਵੀ. ਐੱਸ-ਸੀ. (ਬੈਚਲਰ ਆਫ਼ ਵੈਟਰਨਰੀ ਸਾਇੰਸ) ਦੀ ਡਿਗਰੀ ਪ੍ਰਾਪਤ ਇੱਕ ਬੇਰੁਜ਼ਗਾਰ ਨੌਜਵਾਨ ਹਾਂ। ਤਿੰਨ ਸਾਲਾਂ ਤੱਕ ਯਤਨ ਕਰਨ ‘ਤੇ ਵੀ ਮੈਨੂੰ ਕੋਈ ਨੌਕਰੀ ਨਹੀਂ ਮਿਲੀ। ਹੁਣ ਮੈਂ ਇੱਕ ਮੁਰਗੀਖ਼ਾਨਾ ਖੋਲ੍ਹਣਾ ਚਾਹੁੰਦਾ ਹਾਂ ਅਤੇ ਇਸ ਕਿੱਤੇ ਦੇ ਸੰਬੰਧ ਵਿੱਚ ਸ੍ਵੈ-ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦਾ ਹਾਂ। ਇਹ ਕੰਮ/ਕਿੱਤਾ ਸ਼ੁਰੂ ਕਰਨ ਲਈ ਸਾਡੇ ਕੋਲ ਹੇਠ ਦਿੱਤੀਆਂ ਸਹੂਲਤਾਂ ਹਨ :
(ੳ) ਮੁਰਗੀਖ਼ਾਨਾ ਖੋਲ੍ਹਣ ਲਈ ਸਾਡੇ ਕੋਲ ਆਪਣੀ ਲੋੜੀਂਦੀ ਜ਼ਮੀਨ ਹੈ।
(ਅ) ਇਸ ਕੰਮ ਲਈ ਅਸੀਂ ਲਗਪਗ ਇੱਕ ਲੱਖ ਰੁਪਏ ਦੀ ਰਕਮ ਕੋਲੋਂ ਲਗਾ ਸਕਦੇ ਹਾਂ।
(ੲ) ਮੁਰਗੀਆਂ ਦੀ ਫ਼ੀਡ ਅਤੇ ਲੋੜੀਂਦੀਆਂ ਦਵਾਈਆਂ . ਸ਼ਹਿਰ (ਜੋ ਸਾਡੇ ਪਿੰਡ ਤੋਂ ਲਗਪਗ 5 ਕਿਲੋਮੀਟਰ ਦੀ ਦੂਰੀ ‘ਤੇ ਹੈ। ਤੋਂ ਅਸਾਨੀ ਨਾਲ ਅਤੇ ਵਾਜਬ ਕੀਮਤ ‘ਤੇ ਪ੍ਰਾਪਤ ਹੋ ਸਕਦੀਆਂ ਹਨ।
(ਸ) ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਆਂਡਿਆਂ ਦੀ ਬਹੁਤ ਜ਼ਿਆਦਾ ਖਪਤ ਹੈ। ਇਸ ਲਈ ਆਂਡੇ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਆਸ ਹੈ ਤੁਸੀਂ ਵੇਰਵੇ ਸਹਿਤ ਜਾਣਕਾਰੀ ਦਿਓਗੇ ਕਿ ਜੇਕਰ ਮੈਂ 2,000 ਮੁਰਗੀਆਂ ਦਾ ਫ਼ਾਰਮ ਖੋਲ੍ਹਣਾ ਚਾਹਾਂ ਤਾਂ ਬੈਂਕ ਮੈਨੂੰ ਕਿੰਨਾ ਕਰਜ਼ਾ ਦੇ ਸਕਦਾ ਹੈ? ਇਹ ਕਰਜ਼ਾ ਪ੍ਰਾਪਤ ਕਰਨ ਦੀ ਕੀ ਪ੍ਰਕਿਰਿਆ ਹੋਵੇਗੀ? ਇਸ ਕਰਜ਼ੇ ‘ਤੇ ਕਿੰਨਾ ਵਿਆਜ ਲਿਆ ਜਾਏਗਾ ਅਤੇ ਇਸ ਦੀ ਵਾਪਸੀ ਦੀਆਂ ਕੀ ਸ਼ਰਤਾਂ ਹੋਣਗੀਆਂ? ਕੀ ਬੈਂਕ ਇਸ ਕਰਜ਼ੇ ‘ਤੇ ਕੋਈ ਸਬਸਿਡੀ ਵੀ ਦਿੰਦਾ ਹੈ ਜਾਂ ਨਹੀਂ? ਕਰਜ਼ਾ ਲੈਣ ਲਈ ਕਿਨ੍ਹਾਂ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੈ?
ਆਸ ਹੈ ਤੁਸੀਂ ਇਸ ਸੰਬੰਧ ਵਿੱਚ ਵਿਸਤਾਰ ਵਿੱਚ ਜਾਣਕਾਰੀ ਦੇ ਕੇ ਧੰਨਵਾਦੀ ਬਣਾਓਗੇ।
ਧੰਨਵਾਦ ਸਹਿਤ
ਤੁਹਾਡਾ ਵਿਸ਼ਵਾਸਪਾਤਰ,
ਨਵਨੀਤ ਸਿੰਘ