ਪੈਰਾ ਰਚਨਾ : ਹੱਥਾਂ ਬਾਝ ਕਰਾਰਿਆਂ ਵੈਰੀ ਹੋਇ ਨਾ ਮਿੱਤ
ਇਸ ਤੁਕ ਦਾ ਅਰਥ ਇਹ ਹੈ ਕਿ ਜਿੰਨਾ ਚਿਰ ਅਸੀਂ ਆਪਣੇ ਵੈਰੀ ਨਾਲ ਸਖ਼ਤੀ ਨਾਲ ਨਾ ਨਿਪਟੀਏ, ਉਹ ਓਨੀ ਦੇਰ ਤਕ ਸਿੱਧਾ ਨਹੀਂ ਹੁੰਦਾ। ਜੇਕਰ ਤੁਸੀਂ ਸ਼ਰਾਫ਼ਤ ਤੋਂ ਕੰਮ ਲੈਂਦੇ ਹੋਏ ਵੈਰੀ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਕਰਦੇ ਚਲੇ ਜਾਵੋਗੇ ਤੇ ਇਹ ਖ਼ਿਆਲ ਕਰੋਗੇ ਕਿ ਲੜਨਾ ਚੰਗਾ ਨਹੀਂ ਕਿਉਂਕਿ ਇਸ ਨਾਲ ਕਿਸੇ ਨੂੰ ਵੀ ਸ਼ੋਭਾ ਨਹੀਂ ਮਿਲਦੀ, ਤਾਂ ਤੁਹਾਡਾ ਦੁਸ਼ਮਣ ਟੁੱਟੇ ਛਿੱਤਰ ਵਾਂਗ ਅੱਗੇ ਹੀ ਅੱਗੇ ਵਧਦਾ ਜਾਵੇਗਾ। ਉਹ ਤੁਹਾਡੀ ਸ਼ਰਾਫ਼ਤ ਦਾ ਮਤਲਬ ਇਹੋ ਸਮਝੇਗਾ ਕਿ ਤੁਸੀਂ ਉਸ ਕੋਲੋ ਡਰਦੇ ਹੋ। ਦੁਨੀਆ ਭਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜ਼ੁਲਮ ਤੇ ਜਬਰ ਕਰਨ ਵਾਲੇ ਹਾਕਮਾਂ ਅਤੇ ਇਕ ਦੇਸ਼ ਉੱਪਰ ਧੱਕੇਸ਼ਾਹੀ ਨਾਲ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਉਦੋਂ ਹੀ ਠੱਲ੍ਹ ਪੈ ਸਕੀ, ਜਦੋਂ ਮਜ਼ਲੂਮਾਂ ਨੇ ਉਨ੍ਹਾਂ ਨਾਲ ਦੋ ਹੱਥ ਕਰਨ ਲਈ ਲੱਕ ਬੰਨ੍ਹ ਕ ਦੁੱਖ ਤਾਂ ਵੱਡੇ-ਵੱਡੇ ਲਿਆ। ਸਿੱਖ ਗੁਰੂਆਂ ਉੱਪਰ ਮੁਗ਼ਲ ਹਾਕਮਾਂ ਨੇ ਅਕਹਿ ਜ਼ੁਲਮ ਢਾਹੇ। ਅੰਤ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਹੀਲੇ ਨਾਕਾਮ ਹੋਏ ਦੇਖ ਕੇ ਜ਼ੁਲਮ ਦਾ ਅੰਤ ਕਰਨ ਲਈ ਆਪਣੇ ਸਿੱਖਾਂ ਦੇ ਹੱਥ ਤਲਵਾਰ ਫੜਾ ਦਿੱਤੀ, ਜਿਸ ਨੇ ਮੁਗ਼ਲ ਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਇਸੇ ਪ੍ਰਕਾਰ ਸੰਸਾਰ ਦੇ ਅਮਨ ਪਸੰਦਾਂ ਨੇ ਹਿਟਲਰ ਵਰਗੇ ਨਾਜ਼ੀ ਦਾ ਮੂੰਹ ਭੰਨਿਆ ਤੇ ਆਪਣੇ ਹੱਕਾਂ ਦੀ ਰੱਖਿਆ ਕੀਤੀ। ਸਪੱਸ਼ਟ ਹੈ ਕਿ ਵੈਰੀ ਕਰਾਰੇ ਹੱਥਾਂ ਤੋਂ ਬਿਨਾਂ ਸਿੱਧੇ ਰਾਹ ਨਹੀਂ ਪੈਂਦਾ, ਸਗੋਂ ਉੱਤੇ ਹੀ ਉੱਤੇ ਚੜ੍ਹਦਾ ਜਾਂਦਾ ਹੈ, ਪਰ ਜੇਕਰ ਇੱਟ ਚੁੱਕਦੇ ਨੂੰ ਪੱਥਰ ਦਿਖਾਓ, ਤਾਂ ਉਹ ਮੂਤ ਦੀ ਝੱਗ ਵਾਂਗ ਬੈਠ ਜਾਂਦਾ ਹੈ। ਇਸ ਲਈ ਸਾਨੂੰ ਵੈਰੀ ਨੂੰ ਸਿੱਧੇ ਰਾਹੇ ਪਾਉਣ ਲਈ ਆਪਣੇ ਡੌਲੇ ਮਜ਼ਬੂਤ ਕਰਨੇ ਚਾਹੀਦੇ ਹਨ ਤੇ ਉਸ ਦਾ ਮੂੰਹ ਮੋੜਨ ਲਈ ਜਦੋਂ ਹਰ ਹੀਲਾ ਨਾਕਾਮ ਰਹਿ ਜਾਏ, ਤਾਂ ਤਾਕਤ ਦੀ ਵਰਤੋਂ ਨੂੰ ਹੀ ਠੀਕ ਸਮਝਣਾ ਚਾਹੀਦਾ ਹੈ।