ਲੇਖ ਦਾ ਸੰਖੇਪ ਸਾਰ : ਪੰਜਾਬ ਦੇ ਲੋਕ ਨਾਚ
ਪ੍ਰਸ਼ਨ : ਡਾ. ਜਗੀਰ ਸਿੰਘ ਨੂਰ ਦੇ ਲੇਖ ‘ਪੰਜਾਬ ਦੇ ਲੋਕ-ਨਾਚ’ ਦਾ ਸੰਖੇਪ ਸਾਰ ਲਿਖੋ।
ਉੱਤਰ : ਲੋਕ-ਨਾਚ ਇੱਕ ਤਰ੍ਹਾਂ ਦੀ ਲੋਕ-ਕਲਾ ਹੈ। ਲੋਕ-ਨਾਚ ਮਨੋਰੰਜਨ ਦਾ ਸਾਧਨ ਹੋਣ ਤੋਂ ਬਿਨਾਂ ਕਿਸੇ ਖਿੱਤੇ ਦੇ ਲੋਕਾਂ ਦੀ ਜੀਵਨ-ਤੌਰ ਦੇ ਵੱਖ-ਵੱਖ ਪੱਖਾਂ (ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ, ਇਤਿਹਾਸਿਕ) ਦੀਆਂ ਵਿਭਿੰਨ ਪਰਤਾਂ ਦਾ ਸਰੀਰਿਕ ਮੁਦਰਾਵਾਂ ਰਾਹੀਂ ਪ੍ਰਗਟਾਵਾ ਹੈ। ਪੰਜਾਬ ਵਿੱਚ ਪੰਜ ਹਜ਼ਾਰ ਪੂਰਵ ਈਸਵੀ ਦੇ ਸਮੇਂ ਤੋਂ ਲੋਕ-ਨਾਚ ਨੱਚਣ ਦੇ ਸਬੂਤ ਮਿਲਦੇ ਹਨ। ਪੰਜਾਬ ਦੇ ਲੋਕ-ਨਾਚਾਂ ਨੂੰ ਇਹਨਾਂ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ—
(ੳ) ਇਸਤਰੀਆਂ ਦੇ ਲੋਕ-ਨਾਚ
(ਅ) ਮਰਦਾਵੇਂ ਲੋਕ-ਨਾਚ।
ਇਸਤਰੀਆਂ ਦੇ ਲੋਕ-ਨਾਚ : ਪੰਜਾਬ ਦੀਆਂ ਔਰਤਾਂ ਦੇ ਲੋਕ-ਨਾਚ ਕੋਮਲਤਾ, ਸੁਹਜ, ਸਾਦਗੀ, ਰਵਾਨਗੀ ਅਤੇ ਲਚਕਤਾ ਨਾਲ ਭਰਪੂਰ ਹਨ। ਇਹ ਲੋਕ-ਨਾਚ ਸਧਾਰਨ ਸਾਜ਼ਾਂ, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਬਪੱਖੀ ਵਿਸ਼ਲੇਸ਼ਣ ਨੂੰ ਪੇਸ਼ ਕਰਨ ਵਾਲ਼ੇ ਲੋਕ-ਗੀਤਾਂ ਰਾਹੀਂ ਪੇਸ਼ ਕੀਤੇ ਜਾਂਦੇ ਹਨ। ਹੁਣ ਅਸੀਂ ਇਸਤਰੀਆਂ ਦੇ ਪ੍ਰਮੁੱਖ ਲੋਕ-ਨਾਚਾਂ ਬਾਰੇ ਸੰਖੇਪ ਵਿੱਚ ਜ਼ਿਕਰ ਕਰਾਂਗੇ।
ਗਿੱਧਾ : ਪੰਜਾਬ ਵਿੱਚ ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋਂ ਗਿੱਧਾ ਪ੍ਰਮੁੱਖ ਹੈ। ਇਹ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ ਅਤੇ ਵਲਵਲਿਆਂ ਆਦਿ ਨੂੰ ਪ੍ਰਗਟਾਉਣ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜ੍ਹੀਆਂ ਮੁਟਿਆਰਾਂ ਤਾਲੀ ਮਾਰਦੀਆਂ ਹਨ। ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਉਸ ਦੇ ਸਾਥ ਵਿੱਚ ਅਵਾਜ਼ ਚੁੱਕਦੀਆਂ ਹਨ। ਦੋ ਮੁਟਿਆਰਾਂ ਦਾ ਜੁੱਟ ਘੇਰੇ ਦੇ ਵਿਚਕਾਰ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਣ ਵਾਲੀਆਂ ਮੁਦਰਾਵਾਂ ਦਾ ਪ੍ਰਦਰਸ਼ਨ ਕਰਦਾ ਹੈ। ਗਿੱਧੇ ਦੀ ਧੀਮੀ ਚਾਲ ਨੂੰ ਤੇਜ਼ ਕਰਨ ਲਈ ਬੋਲੀਆਂ ਉਚਾਰੀਆਂ ਜਾਂਦੀਆਂ ਹਨ; ਜਿਵੇਂ :
ਹਾਰੀਂ ਨਾ ਮਲਵੈਣੇ, ਗਿੱਧਾ ਹਾਰ ਗਿਆ ।
ਸੰਮੀ : ਸੰਮੀ ਸਾਂਝੇ ਪੰਜਾਬ ਦੇ ਪੱਛਮੀ ਭਾਗ (ਜੋ ਹੁਣ ਪਾਕਿਸਤਾਨ ਵਿੱਚ ਹੈ) ਦੀਆਂ ਬਾਰਾਂ ਵਿੱਚ ਪ੍ਰਚਲਿਤ ਰਿਹਾ ਹੈ। ਇਹ ਗਿੱਧੇ ਵਾਂਗ ਘੇਰਾ ਬਣਾ ਕੇ ਨੱਚਿਆ ਜਾਂਦਾ ਹੈ, ਪਰ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਵੱਖ ਹੁੰਦੀਆਂ ਹਨ। ਘੇਰੇ ਵਿੱਚੋਂ ਕੁਝ ਇਸਤਰੀਆਂ ਖਲੋ ਕੇ ਹੱਥ ਅਤੇ ਬਾਹਾਂ ਉੱਪਰ ਵੱਲ ਕਰਦੀਆਂ ਹਨ ਅਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਸੁਰੀਲੀ ਅਵਾਜ਼ ਵਿੱਚ ਗੀਤ ਦੇ ਬੋਲ ਅਲਾਪਦੀਆਂ ਹਨ :
ਖਲੀ ਦੇਨੀ ਆਂ ਸੁਨੇਹੜਾ।
ਖਲੀ ਦੇਨੀ ਆਂ ਸੁਨੇਹੜਾ, ਇਸ ਬਟੇਰੇ ਨੂੰ।
ਕਿੱਕਲੀ : ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਨਿੱਕੀਆਂ ਕੁੜੀਆਂ ਮਨ-ਪਰਚਾਵੇ ਲਈ ਕਿਸੇ ਖ਼ੁਸ਼ੀ ਦੇ ਮੌਕੇ ‘ਤੇ ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਇਹ ਲੋਕ-ਨਾਚ ਨਿੱਕੇ-ਨਿੱਕੇ ਲੋਕ-ਗੀਤਾਂ ਨਾਲ ਨੱਚ ਲੈਂਦੀਆਂ ਹਨ। ਕਿੱਕਲੀ ਦਾ ਪ੍ਰਚਲਿਤ ਗੀਤ ਇਸ ਪ੍ਰਕਾਰ ਹੈ :
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਪੰਜਾਬ ਵਿੱਚ ਇਸਤਰੀਆਂ ਦੇ ਕੁਝ ਅਲੋਪ ਹੋ ਰਹੇ ਲੋਕ-ਨਾਚਾਂ ਵਿੱਚ ਹੁੱਲੇ-ਹੁਲਾਰੇ, ਲੁੱਡੀ ਅਤੇ ਧਮਾਲ ਵਰਨਣ ਯੋਗ ਹਨ। ਟਿੱਪਰੀ ਜਾਂ ਡੰਡਾਸ, ਫੜੂਹਾ, ਘੁੰਮਰ ਅਤੇ ਸਪੇਰਾ ਜਾਂ ਨਾਗ ਨਾਂ ਦੇ ਲੋਕ-ਨਾਚਾਂ ਦੀ ਅਸਲ ਪ੍ਰਕਿਰਤੀ ਸਮੇਂ ਦੇ ਮਾਰੂ ਝੱਖੜਾਂ ਵਿੱਚ ਖਿੰਡ ਗਈ ਹੈ।
ਮਰਦਾਵੇਂ ਲੋਕ-ਨਾਚ : ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਮੁੱਖ ਮਰਦਾਵੇਂ ਲੋਕ-ਨਾਚ ਇਸ ਪ੍ਰਕਾਰ ਹਨ :
ਭੰਗੜਾ : ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਵਿੱਚ ਭੰਗੜਾ ਪ੍ਰਮੁੱਖ ਨਾਚ ਹੈ। ਇਹ ਪੰਜਾਬ ਦੇ ਗੱਭਰੂਆਂ ਦਾ ਮੁੱਖ ਲੋਕ-ਨਾਚ ਹੈ। ਇਸ ਲੋਕ-ਨਾਚ ਵਿੱਚ ਤਕੜੇ ਸਰੀਰ ਦਾ ਪ੍ਰਦਰਸ਼ਨ, ਜੋਸ਼, ਬਹਾਦਰੀ ਅਤੇ ਹੌਸਲੇ ਭਰਪੂਰ ਨਾਚ-ਮੁਦਰਾਵਾਂ ਦੁਆਰਾ ਕੀਤਾ ਜਾਂਦਾ ਹੈ। ਭੰਗੜਾ ਢੋਲ ਦੀ ਸਰਲ ਤਾਲ ‘ਤੇ ਨੱਚਿਆ ਜਾਂਦਾ ਹੈ। ਇਹ ਖ਼ੁਸ਼ੀ ਦੇ ਹਰ ਮੌਕੇ ‘ਤੇ ਪਾਇਆ ਜਾ ਸਕਦਾ ਹੈ। ਭੰਗੜੇ ਦੀ ਟੋਲੀ ਵਿੱਚੋਂ ਹੀ ਨਚਾਰ ਜਾਂ ਢੋਲਚੀ ਬੋਲੀ ਉਚਾਰਦਾ ਹੈ। ਬਾਕੀ ਲੋੜ ਅਨੁਸਾਰ ਉਸ ਦਾ ਸਾਥ ਦਿੰਦੇ ਹਨ। ਭੰਗੜੇ ਦੀ ਇੱਕ ਬੋਲੀ ਇਸ ਪ੍ਰਕਾਰ ਹੈ :
ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਇਹ ਬੰਨ੍ਹਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ।
ਝੂੰਮਰ : ਝੂੰਮਰ ਪੱਛਮੀ ਪੰਜਾਬ ਦੀ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲ੍ਹਾਰਾਂ ਨੂੰ ਪ੍ਰਗਟ ਕਰਨ ਵਾਲਾ ਪ੍ਰਸਿੱਧ ਲੋਕ-ਨਾਚ ਹੈ। ਝੂਮ-ਝੂਮ ਕੇ ਨੱਚਣ ਕਾਰਨ ਇਸ ਦਾ ਨਾਂ ਝੂੰਮਰ ਪੈ ਗਿਆ। ਇਸ ਨਾਚ ਨੂੰ ਸਮੂਹਿਕ ਰੂਪ ਵਿੱਚ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਲ ‘ਤੇ ਨੱਚਦੇ ਰਹੇ ਹਨ। ਇਸ ਤਾਲਾਂ (ਮੱਠੀ ਤਾਲ, ਤੇਜ਼ ਤਾਲ, ਬਹੁਤ ਹੀ ਤੇਜ਼ ਤਾਲ) ਅਧੀਨ ਨੱਚਿਆ ਜਾਂਦਾ ਹੈ। ਝੂੰਮਰ ਦੇ ਇੱਕ ਗੀਤ ਦੀ ਉਦਾਹਰਨ ਇਸ ਪ੍ਰਕਾਰ ਹੈ :
ਚੀਣਾ ਇੰਜ ਛੜੀਂਦਾ ਲਾਲ, ਚੀਣਾ ਇੰਜ ਛੜੀਂਦਾ ਹੋ…..
ਮੋਹਲਾ ਇੰਜ ਮਰੀਂਦਾ ਲਾਲ, ਮੋਹਲਾ ਇੰਜ ਮਰੀਂਦਾ ਹੋ…..
ਲੁੱਡੀ : ਲੁੱਡੀ ਨਾਂ ਦਾ ਲੋਕ-ਨਾਚ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ-ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਲਚਕ ਅਤੇ ਮਸਤੀ ਨਾਲ਼ ਭਰਪੂਰ ਅਦਾਵਾਂ ਵਾਲ਼ਾ ਸਰਲ-ਸਹਿਜ ਨਾਚ ਹੋਣ ਕਾਰਨ ਇਸ ਨੂੰ ਇਸਤਰੀ-ਨਾਚ ਵੀ ਸਮਝਿਆ ਜਾਂਦਾ ਰਿਹਾ ਹੈ। ਲੁੱਡੀ ਮੂਲ ਰੂਪ ਵਿੱਚ ਜਿੱਤ ਦੀ ਖ਼ੁਸ਼ੀ ਦਾ ਨਾਚ ਹੈ। ਇਸ ਲਈ ਵੀ ਇਸ ਨਾਚ ਲਈ ਢੋਲ ਦੇ ਤਾਲ ਦੀ ਲੋੜ ਮੰਨੀ ਜਾਂਦੀ ਹੈ। ਲੁੱਡੀ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ ਸਗੋਂ ਮਸਤੀ ਵਿੱਚ ਆਏ ਨਚਾਰ ਆਪਣੇ ਮੂੰਹੋਂ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਦੇ ਹਨ; ਜਿਵੇਂ :
ਸ਼….. ਸ਼…..ਸ਼….. ਸ਼, ਹੀ….. ਹੀ….. ਹੀ….. ਹੀ
ਪੰਜਾਬ ਵਿੱਚ ਮਰਦਾਂ ਦੇ ਕੁਝ ਹੋਰ ਨਾਚ ਵੀ ਹਨ। ਪੂਰਬੀ ਪੰਜਾਬ ਵਿੱਚ ਮਾਲਵੇ ਵਿੱਚ ਮਰਦਾਂ ਦਾ ਗਿੱਧਾ ਜਾਂ ਮਲਵਈਆਂ ਦਾ ਗਿੱਧਾ/ਚੋਬਰਾਂ ਦਾ ਗਿੱਧਾ ਪ੍ਰਚਲਿਤ ਹੈ। ਇਸ ਲੋਕ-ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਹੁੰਦੀਆਂ ਹਨ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਹੁੰਦੀ ਹੈ। ਇਹ ਲੋਕ-ਨਾਚ ਕਾਫ਼ੀ ਹਰਮਨ ਪਿਆਰਾ ਹੋ ਰਿਹਾ ਹੈ। ਧਮਾਲ ਨਾਂ ਦਾ ਲੋਕ-ਨਾਚ ਪੁਰਾਣੇ ਸਮੇਂ ਤੋਂ ਸੂਫ਼ੀਆਂ-ਸੰਤਾਂ ਦੇ ਡੇਰਿਆਂ ‘ਤੇ ਨੱਚਿਆ ਜਾਂਦਾ ਰਿਹਾ ਹੈ। ਤੇਜ਼ ਗਤੀ ਵਾਲ਼ਾ ਇਹ ਲੋਕ-ਨਾਚ ਹੁਣ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਿਤ ਹੋ ਗਿਆ ਹੈ। ਖਲੀ, ਹੇਮੜੀ, ਡੰਡਾਸ, ਅਖਾੜਾ, ਗਤਕਾ, ਪਠਾਣੀਆਂ, ਫੁੰਮਣੀਆਂ ਵਰਗੇ ਲੋਕ-ਨਾਚ ਲਗਪਗ ਖ਼ਤਮ ਹੋ ਗਏ ਲੱਗਦੇ ਹਨ। ਭਗਤ-ਨਾਚ, ਜੰਗਮ-ਨਾਚ, ਨਾਮਧਾਰੀ-ਨਾਚ, ਅਤੇ ਬਾਹਾਂ ਸੁਥਰਾ-ਨਾਚ, ਮਰਕਤ-ਨਾਚ, ਗੁੱਗਾ-ਨਾਚ ਆਦਿ ਲੋਕ-ਨਾਚ ਵੀ ਲਗਪਗ ਅਲੋਪ ਹੋ ਚੁੱਕੇ ਹਨ।
ਇਸ ਤਰ੍ਹਾਂ ਪੰਜਾਬ ਵਿੱਚ ਇਸਤਰੀਆਂ ਅਤੇ ਮਰਦਾਂ ਦੇ ਵੱਖ-ਵੱਖ ਲੋਕ-ਨਾਚ ਪ੍ਰਚਲਿਤ ਰਹੇ ਹਨ।