ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਭਾਰਤ ਜੀਵਨ-ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ-ਏਜੰਟ ਬਣਨ ਲਈ ਪੱਤਰ ਲਿਖੋ।
1211, ਅਜੀਤ ਨਗਰ,
……………….ਸ਼ਹਿਰ।
ਮਿਤੀ : 20 ਮਾਰਚ, 20…
ਸੇਵਾ ਵਿਖੇ
ਮੈਨੇਜਰ ਸਾਹਿਬ,
ਭਾਰਤ ਜੀਵਨ-ਬੀਮਾ ਨਿਗਮ,
ਜਲੰਧਰ ਸ਼ਹਿਰ।
ਵਿਸ਼ਾ : ਭਾਰਤ ਜੀਵਨ-ਬੀਮਾ ਨਿਗਮ ਦਾ ਏਜੰਟ ਬਣਨ ਸੰਬੰਧੀ।
ਸ੍ਰੀਮਾਨ ਜੀ,
ਮੈਂ. ਬੀ.ਕਾੱਮ. ਪਾਸ ਇੱਕ ਬੇਰੁਜ਼ਗਾਰ ਨੌਜਵਾਨ ਹਾਂ ਅਤੇ ਭਾਰਤ ਜੀਵਨ-ਬੀਮਾ ਨਿਗਮ ਦਾ ਪ੍ਰਵਾਨਿਤ ਏਜੰਟ ਬਣਨ ਦਾ ਇੱਛਕ ਹਾਂ। ਮੈਨੂੰ ਇੱਕ ਪ੍ਰਾਈਵੇਟ ਫਰਮ ਦੇ ਏਰੀਆ ਏਜੰਟ ਦੇ ਤੌਰ ‘ਤੇ ਲਗਪਗ ਤਿੰਨ ਸਾਲ ਤੱਕ ਕੰਮ ਕਰਨ ਦਾ ਤਜਰਬਾ ਹੈ ਜਿਸ ਕਾਰਨ ਮੇਰੀ ਸ਼ਹਿਰ ਵਿੱਚ ਚੰਗੀ ਵਾਕਫ਼ੀਅਤ ਹੈ ਅਤੇ ਮੈਂ ਆਪ ਨੂੰ ਚੰਗਾ ਬਿਜ਼ਨਸ ਦੇ ਸਕਦਾ ਹਾਂ। ਇਸ ਸੰਬੰਧ ਵਿੱਚ ਮੈਂ ਆਪ ਜੀ ਤੋਂ ਅੱਗੇ ਦਿੱਤੀ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ :
(ੳ) ਭਾਰਤ ਜੀਵਨ-ਬੀਮਾ ਨਿਗਮ ਦਾ ਏਜੰਟ ਬਣਨ ਲਈ ਲੋੜੀਂਦੀਆਂ ਸ਼ਰਤਾਂ ਕੀ ਹਨ? ਕੀ ਇਸ ਲਈ ਕੋਈ ਯੋਗਤਾ ਟੈੱਸਟ ਪਾਸ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ?
(ਅ) ਤੁਹਾਡਾ ਏਜੰਟ ਬਣਨ ਲਈ ਕਿਸੇ ਕਿਸਮ ਦੀ ਟ੍ਰੇਨਿੰਗ ਦੀ ਲੋੜ ਹੈ? ਜੇਕਰ ਅਜਿਹਾ ਹੈ ਤਾਂ ਇਸ ਸੰਬੰਧੀ ਕੀ ਲੋੜੀਂਦੀਆਂ ਸ਼ਰਤਾਂ ਹਨ?
(ੲ) ਕੀ ਤੁਹਾਡਾ ਏਜੰਟ ਬਣਨ ਲਈ ਕੋਈ ਸਕਿਉਰਿਟੀ ਜਮ੍ਹਾ ਕਰਾਉਣ ਦੀ ਲੋੜ ਹੈ ਜਾਂ ਨਹੀਂ?
ਆਸ ਹੈ ਤੁਸੀਂ ਉਪਰੋਕਤ ਜਾਣਕਾਰੀ ਦੇ ਕੇ ਧੰਨਵਾਦੀ ਬਣਾਓਗੇ। ਮੈਂ ਤੁਹਾਡੀਆਂ ਸ਼ਰਤਾਂ ਪੂਰੀਆਂ ਕਰਨ ਲਈ ਤਿਆਰ ਹਾਂ। ਜੇਕਰ ਮੈਨੂੰ ਭਾਰਤ ਜੀਵਨ-ਬੀਮਾ ਨਿਗਮ ਦੇ ਏਜੰਟ ਦੇ ਤੌਰ ‘ਤੇ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਮੈਂ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਾਂਗਾ ਅਤੇ ਆਪ ਜੀ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗਾ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ਸਤਿੰਦਰ ਕੁਮਾਰ