ਸਹਿਕਾਰੀ ਸਭਾਵਾਂ ਨੂੰ ਪੱਤਰ
ਤੁਸੀਂ ਪਿੰਡ ਦੀਆਂ ਕੁਝ ਗ੍ਰਹਿਣੀਆਂ ‘ਸੈਲਫ਼ ਹੈੱਲਪ’ ਗਰੁੱਪ ਸ਼ੁਰੂ ਕਰਨ ਲਈ ਇੱਛਕ ਹੋ। ਇਸ ਬਾਰੇ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਨੂੰ ਪੱਤਰ ਲਿਖੋ।
ਪਿੰਡ ਤੇ ਡਾਕਘਰ………….,
ਤਹਿਸੀਲ………..,
ਜ਼ਿਲ੍ਹਾ…………।
ਮਿਤੀ : 3 ਮਾਰਚ, 20…..
ਸੇਵਾ ਵਿਖੇ
ਡਿਪਟੀ ਰਜਿਸਟਰਾਰ,
ਸਹਿਕਾਰੀ ਸਭਾਵਾਂ,
ਜਲੰਧਰ ਸ਼ਹਿਰ।
ਵਿਸ਼ਾ : ‘ਸੈਲਫ਼ ਹੈਲਪ ਗਰੁੱਪ ਬਣਾਉਣ ਲਈ ਜਾਣਕਾਰੀ ਸੰਬੰਧੀ।
ਸ੍ਰੀਮਾਨ ਜੀ,
ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਸੀਂ ਪਿੰਡ ਦੀਆਂ ਕੁਝ ਪੜ੍ਹੀਆਂ-ਲਿਖੀਆਂ ਗ੍ਰਹਿਣੀਆਂ ਮਿਲ ਕੇ ‘ਸੈਲਫ਼ ਹੈੱਲਪ’ ਗਰੁੱਪ ਬਣਾਉਣ ਦੀਆਂ ਇੱਛਕ ਹਾਂ। ਅਸੀਂ ਇਸ ਨੂੰ ਇੱਕ ਸਹਿਕਾਰੀ ਸਭਾ ਵਜੋਂ ਰਜਿਸਟਰ ਕਰਵਾਉਣਾ ਚਾਹੁੰਦੀਆਂ ਹਾਂ। ਇਸ ਸੰਬੰਧ ਵਿੱਚ ਜੇਕਰ ਤੁਸੀਂ ਹੇਠ ਦਿੱਤੀ ਜਾਣਕਾਰੀ ਦੇ ਸਕੋ ਤਾਂ ਇਸ ਲਈ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ :
(ੳ) ‘ਸੈਲਫ਼ ਹੈਲਪ’ ਗਰੁੱਪ ਵਿੱਚ ਵੱਧ ਤੋਂ ਵੱਧ ਕਿੰਨੀਆਂ ਗ੍ਰਹਿਣੀਆਂ ਸ਼ਾਮਲ ਹੋ ਸਕਦੀਆਂ ਹਨ? ਇਹ ਗਿਣਤੀ ਘੱਟ ਤੋਂ ਘੱਟ ਕਿੰਨੀ ਹੋ ਸਕਦੀ ਹੈ?
(ਅ) ਇਸ ਗਰੁੱਪ ਦੀ ਮੈਂਬਰ ਬਣਨ ਲਈ ਕਿਹੜੀਆਂ ਸ਼ਰਤਾਂ ਹੋਣਗੀਆਂ?
(ੲ) ‘ਸੈਲਫ਼ ਹੈਲਪ’ ਗਰੁੱਪ ਬਣਾਉਣ ਦੀ ਪ੍ਰਕਿਰਿਆ ਕੀ ਹੋਵੇਗੀ?
(ਸ) ਜੇਕਰ ਇਹ ਗਰੁੱਪ ਸਹਿਕਾਰੀ ਪੱਧਰ ‘ਤੇ ਕੋਈ ਕੰਮ-ਧੰਦਾ ਸ਼ੁਰੂ ਕਰਨਾ ਚਾਹੇ ਤਾਂ ਉਸ ਲਈ ਕੀ ਨਿਯਮ ਅਤੇ ਸ਼ਰਤਾਂ ਹੋਣਗੀਆ ਇਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਸਹਾਇਤਾ ਜਾਂ ਸਬਸਿਡੀ ਮਿਲਦੀ ਹੈ ਜਾਂ ਨਹੀਂ?
(ਹ) ਜੇਕਰ ਇਸ ਗਰੁੱਪ ਵਿੱਚ ਇਸਤਰੀਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਵਿਕਾਸ ਲਈ ਕੋਈ ਕਦਮ ਉਠਾਉਣਾ ਚਾਹੇ ਤਾਂ ਇਸ ਲਈ ਸਰਕਾਰ ਵੱਲੋਂ ਕੀ ਸਹਾਇਤਾ ਮਿਲ ਸਕਦੀ ਹੈ?
ਆਸ ਹੈ ਤੁਸੀਂ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਲੋੜੀਂਦੀ ਜਾਣਕਾਰੀ ਦੇ ਕੇ ਧੰਨਵਾਦੀ ਬਣਾਓਗੇ। ਜੇਕਰ ਤੁਸੀਂ ਸਾਨੂੰ ਸੁਸਾਇਟੀਜ਼ ਐਕਣ ਦੀ ਕਾਪੀ ਭੇਜ ਸਕੋ ਤਾਂ ਅਸੀਂ ਆਪ ਜੀ ਦੀਆਂ ਬਹੁਤ ਧੰਨਵਾਦੀ ਹੋਵਾਂਗੀਆਂ।
ਧੰਨਵਾਦ ਸਹਿਤ,
ਆਪ ਜੀ ਦੀਆਂ ਵਿਸ਼ਵਾਸਪਾਤਰ,
ਸਰਬਜੀਤ ਕੌਰ ਅਤੇ ਸਾਥਣਾਂ।