CBSEEducationPunjab School Education Board(PSEB)Story Writing (ਕਹਾਣੀ ਰਚਨਾ)

ਕਹਾਣੀ : ਘੁੱਗੀ ਅਤੇ ਸ਼ਹਿਦ ਦੀ ਮੱਖੀ


ਇਕ ਦਿਨ ਇਕ ਸ਼ਹਿਦ ਦੀ ਮੱਖੀ ਇਕ ਨਦੀ ਦੇ ਕਿਨਾਰੇ ਉੱਤੇ ਪਾਣੀ ਪੀ ਰਹੀ ਸੀ। ਅਚਾਨਕ ਜ਼ੋਰ ਦਾ ਪਾਣੀ ਆਇਆ ਤੇ ਉਸ ਨੂੰ ਰੋੜ ਕੇ ਲੈ ਗਿਆ। ਨੇੜੇ ਹੀ ਦਰੱਖ਼ਤ ਉੱਤੇ ਬੈਠੀ ਇਕ ਘੁੱਗੀ ਇਹ ਸਾਰਾ ਕੁੱਝ ਦੇਖ ਰਹੀ ਸੀ। ਉਸ ਨੂੰ ਸ਼ਹਿਦ ਦੀ ਮੱਖੀ ਉੱਤੇ ਬਹੁਤ ਤਰਸ ਆਇਆ। ਉਸ ਨੇ ਦਰੱਖ਼ਤ ਉੱਤੋਂ ਇਕ ਵੱਡਾ ਪੱਤਾ ਤੋੜਿਆ ਅਤੇ ਸ਼ਹਿਦ ਦੀ ਮੱਖੀ ਮੋਹਰੇ ਲਿਆ ਸੁੱਟਿਆ। ਸ਼ਹਿਦ ਦੀ ਮੱਖੀ ਪੱਤੇ ਉੱਤੇ ਚੜ੍ਹ ਗਈ। ਉਸ ਨੇ ਪੱਤੇ ਉੱਤੇ ਬੈਠ ਕੇ ਆਪਣੇ ਖੰਭ ਛੱਡੇ ਅਤੇ ਉੱਡ ਗਈ। ਉਸ ਨੇ ਘੁੱਗੀ ਦਾ ਬਹੁਤ ਧੰਨਵਾਦ ਕੀਤਾ।

ਇਕ ਦਿਨ ਸ਼ਹਿਦ ਦੀ ਮੱਖੀ ਇੱਧਰ-ਉੱਧਰ ਉੱਡ ਰਹੀ ਸੀ। ਉਸ ਨੇ ਦੇਖਿਆ ਕਿ ਇਕ ਸ਼ਿਕਾਰੀ ਬੰਦੂਕ ਦਾ ਨਿਸ਼ਾਨਾ ਘੁੱਗੀ ਵਲ ਸੇਧ ਰਿਹਾ ਹੈ। ਸ਼ਹਿਦ ਦੀ ਮੱਖੀ ਘੁੱਗੀ ਦੇ ਅਹਿਸਾਨ ਦਾ ਬਦਲਾ ਚੁਕਾਉਣਾ ਚਾਹੁੰਦੀ ਸੀ। ਉਹ ਇਕ-ਦਮ ਸ਼ਿਕਾਰੀ ਦੇ ਕੋਲ ਪਹੁੰਚੀ ਅਤੇ ਉਸ ਦੇ ਹੱਥ ਉੱਤੇ ਡੰਗ ਮਾਰਿਆ। ਇਸ ਤਰ੍ਹਾਂ ਸ਼ਿਕਾਰੀ ਦਾ ਨਿਸ਼ਾਨਾ ਉੱਕ ਗਿਆ। ਘੁੱਗੀ ਬਚ ਗਈ ਅਤੇ ਝਟਪਟ ਉੱਡ ਗਈ। ਉਸ ਨੇ ਸ਼ਹਿਦ ਦੀ ਮੱਖੀ ਦਾ ਧੰਨਵਾਦ ਕੀਤਾ।

ਸਿੱਖਿਆ : ‘ਅੰਤ ਭਲੇ ਦਾ ਭਲਾ।’