CBSEEducationPunjab School Education Board(PSEB)Story Writing (ਕਹਾਣੀ ਰਚਨਾ)

ਕਹਾਣੀ-ਰਚਨਾ : ਖ਼ਰਗੋਸ਼ ਤੇ ਕੱਛੂਕੁੰਮਾ


ਸਹਿਜ ਪੱਕੇ ਸੋ ਮੀਠਾ ਹੋਏ


ਇਕ ਜੰਗਲ ਵਿਚ ਇਕ ਖ਼ਰਗੋਸ਼ ਰਹਿੰਦਾ ਸੀ। ਉਸ ਦੇ ਘਰ ਦੇ ਨੇੜੇ ਹੀ ਇਕ ਛੱਪੜ ਵਿਚ ਇਕ ਕੱਛੂਕੁੰਮਾ ਰਹਿੰਦਾ ਸੀ। ਖ਼ਰਗੋਸ਼ ਨੂੰ ਆਪਣੀ ਤੇਜ਼ ਚਾਲ ਉੱਤੇ ਬੜਾ ਮਾਣ ਸੀ। ਉਹ ਕੱਛੂਕੁੰਮੇ ਦੀ ਹੌਲੀ ਚਾਲ ਦਾ ਬੜਾ ਮਖ਼ੌਲ ਉਡਾਉਂਦਾ ਰਹਿੰਦਾ ਸੀ। ਕੱਛੂਕੁੰਮੇ ਨੂੰ ਖ਼ਰਗੋਸ਼ ਦਾ ਇਹ ਮਖ਼ੌਲ ਬਹੁਤ ਬੁਰਾ ਲਗਦਾ ਸੀ। ਇਕ ਦਿਨ ਉਸ ਨੇ ਖ਼ਰਗੋਸ਼ ਨੂੰ ਕਿਹਾ ਕਿ ਉਹ ਦੌੜ ਵਿਚ ਉਸ ਦਾ ਮੁਕਾਬਲਾ ਕਰ ਕੇ ਵੇਖੇ। ਖ਼ਰਗੋਸ਼ ਨੇ ਇਹ ਗੱਲ ਝਟਪਟ ਮੰਨ ਲਈ।

ਦੋਵੇਂ ਦੌੜ ਲਾਉਣ ਲਈ ਤਿਆਰ ਹੋ ਗਏ। ਦੋਹਾਂ ਨੇ ਜਿੱਥੇ ਪਹੁੰਚਣਾ ਸੀ, ਉਹ ਥਾਂ ਮਿੱਥ ਲਈ ਗਈ। ਖ਼ਰਗੋਸ਼ ਬਹੁਤ ਤੇਜ਼ ਦੌੜਿਆ। ਉਹ ਕੱਛੂਕੁੰਮੇ ਨੂੰ ਬਹੁਤੇ ਪਿੱਛੇ ਛੱਡ ਗਿਆ। ਕਾਫ਼ੀ ਅੱਗੇ ਜਾ ਕੇ ਉਸ ਨੇ ਆਰਾਮ ਕਰਨਾ ਚਾਹਿਆ। ਉਸ ਦਾ ਖ਼ਿਆਲ ਸੀ ਕਿ ਸੁਸਤ ਚਾਲ ਵਾਲਾ ਕੱਛੂਕੁੰਮਾ ਉਸ ਨਾਲੋਂ ਕਦੇ ਵੀ ਅੱਗੇ ਨਹੀਂ ਲੰਘ ਸਕਦਾ। ਉਹ ਇਕ ਦਰੱਖ਼ਤ ਦੀ ਸੰਘਣੀ ਛਾਂ ਹੇਠ ਲੇਟ ਗਿਆ ਅਤੇ ਘੂਕ ਨੀਂਦੇ ਸੌਂ ਗਿਆ।

ਕੱਛੂਕੁੰਮੇ ਨੇ ਆਪਣੀ ਦੌੜ ਜਾਰੀ ਰੱਖੀ। ਰਸਤੇ ਵਿਚ ਉਸ ਨੇ ਖ਼ਰਗੋਸ਼ ਨੂੰ ਸੁੱਤਾ ਪਿਆ ਦੇਖਿਆ। ਉਸ ਨੇ ਆਰਾਮ ਨਾ ਕੀਤਾ ਅਤੇ ਅੱਗੇ ਚਲਦਾ ਗਿਆ।

ਤ੍ਰਿਕਾਲਾਂ ਪੈਣ ‘ਤੇ ਖ਼ਰਗੋਸ਼ ਸੁੱਤਾ ਉੱਠਿਆ ਉਹ ਤੇਜ਼ ਦੌੜਿਆ ਅਤੇ ਝਟ-ਪਟ ਨਿਸ਼ਾਨੇ ਉੱਤੇ ਪੁੱਜ ਗਿਆ, ਪਰ ਕੱਛੂਕੁੰਮਾ ਉਸ ਤੋਂ ਵੀ ਪਹਿਲਾਂ ਉੱਥੇ ਪੁੱਜ ਚੁੱਕਾ ਸੀ । ਕੱਛੂਕੁੰਮਾ ਦੌੜ ਜਿੱਤ ਗਿਆ ਅਤੇ ਖ਼ਰਗੋਸ਼ ਬਹੁਤ ਸ਼ਰਮਿੰਦਾ ਹੋਇਆ।

ਸਿੱਖਿਆ : ਸਹਿਜ ਪੱਕੇ ਸੋ ਮੀਠਾ ਹੋਏ ।