ਯੂਨੀਫ਼ਾਰਮ ਖਰੀਦਣ ਬਾਰੇ ਪੱਤਰ
ਤੁਹਾਡੇ ਸਕੂਲ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਯੂਨੀਫਾਰਮ ਖ਼ਰੀਦਣ ਲਈ ਗ੍ਰਾਂਟ ਆਈ ਹੈ। ਵੇਰਵੇ ਦੱਸਦੇ ਹੋਏ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਕਿਸੇ ਫ਼ਰਮ ਤੋਂ ਕੁਟੇਸ਼ਨ ਦੀ ਮੰਗ ਕਰੋ।
ਪ੍ਰਿੰਸੀਪਲ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
……………… ਸ਼ਹਿਰ।
ਹਵਾਲਾ ਨੰਬਰ : ਜੀ 1731,
ਮਿਤੀ : 16 ਮਾਰਚ, 20……….
ਮੈਸਰਜ਼ ਗਰਗ ਯੂਨੀਫ਼ਾਰਮ ਹਾਊਸ,
ਮੇਨ ਬਜ਼ਾਰ,
……………… ਸ਼ਹਿਰ।
ਵਿਸ਼ਾ : ਯੂਨੀਫਾਰਮ ਸਪਲਾਈ ਕਰਨ ਲਈ ਕੁਟੇਸ਼ਨ ਦੀ ਮੰਗ।
ਸ੍ਰੀਮਾਨ ਜੀ,
ਅਸੀਂ ਆਪਣੇ ਸਕੂਲ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਦੋ ਸੌ ਵਿਦਿਆਰਥੀਆਂ ਦੀ ਯੂਨੀਫਾਰਮ ਸਪਲਾਈ ਕਰਨ ਲਈ ਕੁਟੇਸ਼ਨ ਦੀ ਮੰਗ ਕਰਦੇ ਹਾਂ। ਇਸ ਸੰਬੰਧ ਵਿੱਚ ਲੋੜੀਂਦੀ ਜਾਣਕਾਰੀ ਅਤੇ ਸ਼ਰਤਾਂ ਇਸ ਪ੍ਰਕਾਰ ਹਨ :
(ੳ) ਦੋ ਸੋ ਲੜਕਿਆਂ ਲਈ ਪੈਂਟ ਅਤੇ ਕਮੀਜ਼ (ਪੂਰੀ ਬਾਂਹ ਦੀ) ਅਤੇ ਇਹਨਾਂ ਦੋ ਸੌ ਵਿੱਚੋਂ ਸੌ ਵਿਦਿਆਰਥੀਆਂ ਦੀ ਯੂਨੀਫ਼ਾਰਮ ਵਿੱਚ ਪਗੜੀ ਵੀ ਸ਼ਾਮਲ ਹੋਵੇਗੀ।
(ਅ) ਯੂਨੀਫ਼ਾਰਮ ਦਾ ਨਮੂਨਾ (ਸਿਲਾਈ ਦਾ ਨਮੂਨਾ, ਕੱਪੜੇ ਦੀ ਕਿਸਮ ਆਦਿ) ਕਿਸੇ ਵੀ ਕੰਮ-ਕਾਰ ਵਾਲੇ ਦਿਨ ਸਕੂਲ ਦੇ ਦਫ਼ਤਰ ਵਿੱਚ ਆ ਕੇ ਦੇਖਿਆ ਜਾ ਸਕਦਾ ਹੈ। ਯੂਨੀਫ਼ਾਰਮ ਦੀ ਸਪਲਾਈ ਬਿਲਕੁਲ ਇਸੇ ਆਧਾਰ ‘ਤੇ ਕਰਨੀ ਹੋਵੇਗੀ।
(ੲ) ਯੂਨੀਫ਼ਾਰਮ ਲਈ ਕੱਪੜਾ ਤੁਹਾਡੀ ਫ਼ਰਮ ਵੱਲੋਂ ਖ਼ਰੀਦਿਆ ਜਾਵੇਗਾ ਅਤੇ ਕੱਪੜੇ ਦੀ ਕਿਸਮ ਅਤੇ ਰੰਗ ਆਦਿ ਦੀ ਪ੍ਰਵਾਨਗੀ ਨਿਮਨ ਹਸਤਾਖਰੀ ਤੋਂ ਲੈਣੀ ਹੋਵੇਗੀ। ਕੱਪੜੇ ਦਾ ਸੈਂਪਲ ਸਕੂਲ ਦੇ ਦਫ਼ਤਰ ਵਿੱਚ ਜਮ੍ਹਾ ਕਰਵਾਉਣਾ ਪਏਗਾ।
(ਸ) ਹਰ ਯੂਨੀਫ਼ਾਰਮ ਦੀ ਸਿਲਾਈ ਵਿਦਿਆਰਥੀ ਦੇ ਮੇਚੇ ਅਨੁਸਾਰ ਕਰਵਾਉਣੀ ਹੋਵੇਗੀ। ਵਿਦਿਆਰਥੀਆਂ ਦਾ ਮੇਚਾ ਤੁਹਾਡੇ ਦਰਜ਼ੀ ਵੱਲੋਂ ਸਕੂਲ ਆ ਕੇ ਲਿਆ ਜਾਵੇਗਾ।
(ਹ) ਸਾਰੀਆਂ ਹੀ ਯੂਨੀਫ਼ਾਰਮਾਂ ਲਈ ਵਰਤਿਆ ਜਾਣ ਵਾਲਾ ਕੱਪੜਾ ਇੱਕ ਹੀ ਲਾਟ ਦਾ ਹੋਵੇਗਾ।
(ਕ) ਕਿਸੇ ਵੀ ਹੋਰ ਜਾਣਕਾਰੀ ਲਈ ਸਕੂਲ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
(ਖ) ਇਸ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ ਪੰਦਰਾਂ ਦਿਨ ਦੇ ਅੰਦਰ-ਅੰਦਰ ਕੁਟੇਸ਼ਨ ਨਿਮਨ ਹਸਤਾਖਰੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ।
ਆਪ ਦਾ ਹਿਤੂ,
ਸਰਵਣ ਸਿੰਘ
ਪ੍ਰਿੰਸੀਪਲ।