ਪਿੰਡਾਂ ਵਿਚੋਂ………..ਦੋ ਮੁਟਿਆਰਾਂ ਚੱਲੀਆਂ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ : ਪ੍ਰਸੰਗ ਸਹਿਤ ਵਿਆਖਿਆ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਲੱਲੀਆਂ।
ਉੱਥੋਂ ਦੇ ਦੋ ਬਲਦ ਸੁਣੀਂਦੇ,
ਗਲ਼ ਉਹਨਾਂ ਦੇ ਟੱਲੀਆਂ।
ਭੱਜ-ਭੱਜ ਕੇ ਉਹ ਮੱਕੀ ਬੀਜਦੇ,
ਗਿੱਠ-ਗਿੱਠ ਲੱਗੀਆਂ ਛੱਲੀਆਂ।
ਮੇਲਾ ਮੁਕਸਰ ਦਾ
ਦੋ ਮੁਟਿਆਰਾਂ ਚੱਲੀਆਂ………….।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਸਿਰਲੇਖ ਹੇਠ ਦਰਜ ਹਨ। ਇਸ ਬੋਲੀ ਵਿੱਚ ਦੱਸਿਆ ਗਿਆ ਹੈ ਕਿ ਫ਼ਸਲ ਬੀਜਣ ਅਤੇ ਇਸ ਦੀ ਪ੍ਰਾਪਤੀ ਵਿੱਚ ਜਿੱਥੇ ਕਿਸਾਨ ਦੀ ਮਿਹਨਤ ਕੰਮ ਕਰਦੀ ਹੈ ਉੱਥੇ ਉਸ ਦੇ ਬਲਦਾਂ ਦਾ ਵੀ ਭਰਪੂਰ ਹਿੱਸਾ ਹੁੰਦਾ ਹੈ। ਫ਼ਸਲ ਦੀ ਪ੍ਰਾਪਤੀ ਦੀ ਖ਼ੁਸ਼ੀ ਅਧੂਰੀ ਰਹਿ ਜਾਂਦੀ ਹੈ ਜੇਕਰ ਕਿਸਾਨ ਮੇਲੇ ਨਾ ਜਾਵੇ।
ਵਿਆਖਿਆ : ਪਿੰਡਾਂ ਵਿੱਚੋਂ ਪਿੰਡ ਲੱਲੀਆਂ ਨਾਂ ਦਾ ਸੁਣੀਂਦਾ ਹੈ। ਇੱਥੋਂ ਦੇ ਦੋ ਬਲਦ ਸੁਣੇ ਜਾਂਦੇ ਹਨ (ਸੁਣੀਂਦੇ ਹਨ) ਜਿਨ੍ਹਾਂ ਦੇ ਗਲ ਵਿੱਚ ਟੱਲੀਆਂ ਹਨ। ਉਹ ਭੱਜ-ਭੱਜ ਕੇ ਮੱਕੀ ਬੀਜਦੇ ਹਨ। ਫ਼ਸਲ ਹੋਣ ‘ਤੇ ਗਿੱਠ-ਗਿੱਠ ਲੰਮੀਆਂ ਛੱਲੀਆਂ ਲੱਗਦੀਆਂ ਹਨ। ਮੁਕਤਸਰ ਦਾ ਮੇਲਾ ਦੇਖਣ ਲਈ ਇੱਥੋਂ ਦੀਆਂ ਦੋ ਮੁਟਿਆਰਾਂ ਚੱਲੀਆਂ ਹਨ। ਇਸ ਤਰ੍ਹਾਂ ਇਸ ਬੋਲੀ ਵਿੱਚ ਫ਼ਸਲ ਦੀ ਪ੍ਰਾਪਤੀ ਵਿੱਚ ਬਲਦਾਂ ਦੀ ਭੂਮਿਕਾ ਦਾ ਜ਼ਿਕਰ ਹੈ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿੱਚ ਭਰਪੂਰ ਫ਼ਸਲ ਲੈਣ ਲਈ ਕੌਣ-ਕੌਣ ਉਤਸ਼ਾਹ ਨਾਲ ਕੰਮ ਕਰਦੇ ਹਨ?
ਉੱਤਰ : ਭਰਪੂਰ ਫ਼ਸਲ ਉਤਸ਼ਾਹ ਨਾਲ ਕੀਤੇ ਕੰਮ ਨਾਲ ਹੀ ਪ੍ਰਾਪਤ ਹੁੰਦੀ ਹੈ। ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿੱਚ ਕਿਸਾਨ/ਕਿਰਤੀ ਅਤੇ ਉਹਨਾਂ ਦੇ ਬਲਦ ਭਰਪੂਰ ਫ਼ਸਲ ਲੈਣ ਲਈ ਉਤਸ਼ਾਹ ਨਾਲ ਕੰਮ ਕਰਦੇ ਹਨ।
ਪ੍ਰਸ਼ਨ 2. ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿੱਚ ਕਿਸਾਨ ਦੀ ਕਿਰਤ, ਉਸ ਦੇ ਬਲਦ, ਭਰਪੂਰ ਫ਼ਸਲ ਤੇ ਤਿਉਹਾਰ ਸਾਰੇ ਇੱਕ-ਮਿੱਕ ਹੋਏ ਹਨ। ਦੱਸੋ ਕਿਵੇਂ?
ਉੱਤਰ : ਫ਼ਸਲ ਬੀਜਣ ਅਤੇ ਇਸ ਦੀ ਪ੍ਰਾਪਤੀ ਵਿੱਚ ਜਿੱਥੇ ਕਿਸਾਨ ਦੀ ਸਰੀਰਿਕ ਮਿਹਨਤ ਕੰਮ ਕਰਦੀ ਹੈ ਉੱਥੇ ਉਸ ਦੇ ਬਲਦਾਂ ਦਾ ਵੀ ਭਰਪੂਰ ਹਿੱਸਾ ਹੁੰਦਾ ਹੈ। ਦੋਹਾਂ ਦੇ ਸਾਂਝੇ ਯਤਨਾਂ ਨਾਲ ਭਰਪੂਰ ਫ਼ਸਲ ਪ੍ਰਾਪਤ ਹੁੰਦੀ ਹੈ। ਫ਼ਸਲ ਦੀ ਪ੍ਰਾਪਤੀ ਦੀ ਇਹ ਖ਼ੁਸ਼ੀ ਅਧੂਰੀ ਰਹਿ ਜਾਂਦੀ ਹੈ ਜੇਕਰ ਕਿਸਾਨ ਤੇ ਉਸ ਦਾ ਪਰਿਵਾਰ ਮੇਲੇ ਨਾ ਜਾਵੇ। ਇਸ ਤਰ੍ਹਾਂ ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿੱਚ ਕਿਸਾਨ ਦੀ ਕਿਰਤ, ਉਸ ਦੇ ਬਲਦ, ਭਰਪੂਰ ਫ਼ਸਲ ਤੇ ਤਿਉਹਾਰ ਇੱਕ-ਮਿੱਕ ਹੋਏ ਹਨ।