ਸੰਖੇਪ ਰਚਨਾ : ਲੋਕ ਕਲਾ
ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਵੀ ਦਿਓ-
ਸਰੀਰਕ ਲੋੜਾਂ ਵਾਂਗ ਮਨੁੱਖ ਦੀਆਂ ਕੁੱਝ ਮਾਨਸਿਕ ਲੋੜਾਂ ਵੀ ਹਨ, ਜਿਨ੍ਹਾਂ ਦੀ ਤ੍ਰਿਪਤੀ ਸੁਹਜ ਰਸ ਨਾਲ ਹੁੰਦੀ ਹੈ। ਸੁਹਜ ਨੂੰ ਮਾਨਣ ਦੀ ਇੱਛਾ ਨੇ ਕਲਾ ਨੂੰ ਜਨਮ ਦਿੱਤਾ। ਉਹ ਕਲਾ, ਜਿਸ ਨੂੰ ਆਦਿ ਕਾਲ ਤੋਂ ਅਨੇਕਾਂ ਕਿਰਤੀਆਂ ਨੇ ਆਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ, ਪਕਾਇਆ ਤੇ ਨਿਖਾਰਿਆ ਅਤੇ ਜੋ ਪਰੰਪਰਾ ਦੀ ਧਾਰਾ ਦਾ ਅੰਗ ਬਣ ਕੇ ਵਿਗਸੀ, ਲੋਕ-ਕਲਾ ਅਖਵਾਈ। ਲੋਕ-ਕਲਾ ਦੀ ਵੱਡੀ ਸਿਫ਼ਤ ਇਹ ਹੈ ਕਿ ਇਹ ਸੁਹਜ ਰਸ ਦੀ ਤ੍ਰਿਪਤੀ ਕਰਨ ਦੇ ਨਾਲ ਉਪਯੋਗੀ ਵੀ ਹੁੰਦੀ ਹੈ ਅਤੇ ਜੀਵਨ ਵਿਚ ਸਹਿਜ ਰੂਪ ਵਿਚ ਰਚੀ ਹੁੰਦੀ ਹੈ। ਲੋਕ-ਕਲਾ ਜੀਵਨ ਦੀਆਂ ਲੋੜਾਂ ਵਿਚੋਂ ਉਪਜੀ ਹੋਣ ਕਰਕੇ ਜਨ-ਜੀਵਨ ਤੇ ਸਭਿਆਚਾਰ ਨਾਲ ਇਕ ਰਸ ਹੁੰਦੀ ਹੈ। ਇਸ ਦਾ ਸੁਹਜ ਤੇ ਫਲਨ ਜਾਤੀ ਦੀਆਂ ਕਲਾ-ਰੁਚੀਆਂ ਦਾ ਬੌਧਿਕ ਹੈ। ਲੋਕ-ਕਲਾ ਪਿੰਡਾਂ ਦੇ ਅੱਲ੍ਹੜ ਲੋਕਾਂ ਦੀਆਂ ਅੰਤ੍ਰੀਵ ਖ਼ਾਹਿਸ਼ਾਂ, ਭਾਵਨਾਵਾਂ ਤੇ ਤਜਰਬਿਆਂ ਦਾ ਸੁਭਾਵਿਕ ਪ੍ਰਗਟਾਵਾ ਹੈ ਅਤੇ ਇਸ ਵਿਚ ਸਦੀਆਂ ਤੋਂ ਚਲੀਆਂ ਆ ਰਹੀਆਂ ਰੁਚੀਆਂ ਸਹਿਜ ਭਾਵ ਵਿਚ ਹੀ ਪ੍ਰਫੁੱਲਤ ਹੁੰਦੀਆਂ ਹਨ। ਪੀੜ੍ਹੀਆਂ ਦਾ ਅਨੁਭਵ ਖੁਰ-ਖੁਰ ਕੇ ਇਸ ਕਲਾ ਨੂੰ ਨਿਖਾਰਦਾ ਤੇ ਸੰਵਾਰਦਾ ਰਿਹਾ ਹੈ। ਭਾਵੇਂ ਵੇਖਣ ਵਿਚ ਲੋਕ-ਕਲਾ ਸਾਦੀ ਜਿਹੀ ਲਗਦੀ ਹੈ, ਪਰ ਇਸ ਵਿਚ ਕਲਾ ਦੀ ਇਕ ਪ੍ਰਬਲ ਕਣੀ ਹੁੰਦੀ ਹੈ, ਜੋ ਇਸ ਦੀ ਛਬੀ ਨੂੰ ਮਨਮੋਹਣਾ ਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਉੱਤਰ- ਸਿਰਲੇਖ : ਲੋਕ-ਕਲਾ ।
ਸੰਖੇਪ-ਰਚਨਾ : ਮਨੁੱਖ ਦੀਆਂ ਮਾਨਸਿਕ ਲੋੜਾਂ ਦੀ ਤ੍ਰਿਪਤੀ ਕਰਨ ਵਾਲੇ ਸੁਹਜ ਨੂੰ ਮਾਨਣ ਦੀ ਇੱਛਾ ਨੇ ਕਲਾ ਨੂੰ ਜਨਮ ਦਿੱਤਾ, ਜੋ ਆਦਿ-ਕਾਲ ਤੋਂ ਕਿਰਤੀ ਹੱਥਾਂ ਵਿਚ ਪੱਕ ਕੇ ਪਰੰਪਰਾ ਬਣਦੀ ਹੋਈ ਲੋਕ-ਕਲਾ ਅਖਵਾਈ। ਇਹ ਉਪਯੋਗੀ ਵੀ ਹੁੰਦੀ ਹੈ ਤੇ ਜਨ-ਜੀਵਨ ਨਾਲ ਇਕ-ਰਸ ਹੁੰਦੀ ਹੈ। ਇਸ ਦਾ ਸੁਹਜ ਜਾਤੀ ਦੀਆਂ ਕਲਾ-ਰੁਚੀਆਂ ਦਾ ਬੋਧਕ ਹੁੰਦਾ ਹੈ। ਪੀੜ੍ਹੀਆਂ ਦਾ ਅਨੁਭਵ ਇਸ ਨੂੰ ਨਿਖ਼ਾਰਦਾ ਤੇ ਸੁਆਰਦਾ ਹੈ। ਇਸ ਵਿਚ ਸਾਦੀ ਪਰ ਕਲਾ ਦੀ ਪ੍ਰਬਲ ਕਣੀ ਮੌਜੂਦ ਹੁੰਦੀ ਹੈ।