CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਇੱਕ੍ਹੀਵੀਂ ਸਦੀ ਦੀਆਂ ਚੁਨੌਤੀਆਂ


ਇੱਕੀਵੀਂ ਸਦੀ ਵਿੱਚ ਭਾਵੇਂ ਵਿਗਿਆਨ ਨੇ ਮਨੁੱਖ ਲਈ ਅਨੇਕਾਂ ਸਹੂਲਤਾਂ ਪੈਦਾ ਕੀਤੀਆਂ ਹਨ ਪਰ ਇਸ ਦੇ ਨਾਲ ਹੀ ਸਾਡੇ ਸਾਮ੍ਹਣੇ ਕੁਝ ਚੁਨੌਤੀਆਂ ਵੀ ਪੈਦਾ ਹੋਈਆਂ ਹਨ। ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਪੈਦਾ ਹੋਈ ਹੈ ਅਤੇ ਪ੍ਰਦੂਸ਼ਣ ਕਾਰਨ ਅਨੇਕਾਂ ਬਿਮਾਰੀਆਂ ਨੇ ਮਨੁੱਖ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਵਿਸ਼ਵ ਪੱਧਰ ‘ਤੇ ਅਮਨ ਅਤੇ ਸ਼ਾਂਤੀ ਦੀ ਸਮੱਸਿਆ ਪੈਦਾ ਹੋਈ ਹੈ ਅਤੇ ਇਲਾਕਾਈ ਪੱਖਪਾਤ ਵਧਿਆ ਹੈ। ਸੰਸਾਰ ਦੇ ਕਈ ਦੇਸਾਂ ਵਿੱਚ ਅੰਦਰੂਨੀ ਗੜਬੜ ਪੈਦਾ ਹੋ ਰਹੀ ਹੈ। ਸਾਡੇ ਦੇਸ ਵਿੱਚ ਵੀ ਇੱਕ੍ਹੀਵੀਂ ਸਦੀ ਨੇ ਕੁਝ ਚੁਨੌਤੀਆਂ ਪੈਦਾ ਕੀਤੀਆਂ ਹਨ। ਇੱਕ ਵੱਡੀ ਚੁਨੌਤੀ ਵਧ ਰਹੀਆਂ ਕੀਮਤਾਂ ਦੀ ਹੈ ਜਿਸ ਨੇ ਆਮ ਲੋਕਾਂ ਲਈ ਬਹੁਤ ਮੁਸ਼ਕਲਾਂ ਪੈਦਾ ਕੀਤੀਆਂ ਹਨ ਅਤੇ ਗ਼ਰੀਬ ਲੋਕਾਂ ਦਾ ਤਾਂ ਜਿਊਂਣਾ ਹੀ ਮੁਸ਼ਕਲ ਹੋ ਗਿਆ ਹੈ। ਵਧ ਰਹੀਆਂ ਕੀਮਤਾਂ ਨੂੰ ਜੇਕਰ ਸਖ਼ਤੀ ਨਾਲ ਨਾ ਰੋਕਿਆ ਗਿਆ ਅਤੇ ਜੇਕਰ ਇਸ ਸੰਬੰਧ ਵਿੱਚ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਇਹ ਇੱਕ ਬਹੁਤ ਵੱਡੀ ਚੁਨੌਤੀ ਬਣ ਜਾਵੇਗੀ। ਬਿਜਲੀ ਦਾ ਸੰਕਟ ਸਾਡੇ ਦੇਸ ਵਿੱਚ ਇੱਕ ਹੋਰ ਚੁਨੌਤੀ ਹੈ। ਕਈ ਪ੍ਰਾਂਤਾਂ ਵਿੱਚ ਲੋੜੀਂਦੀ ਬਾਰਸ਼ ਨਾ ਹੋਣ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਕਾਰਨ ਪੀਣ ਵਾਲੇ ਪਾਣੀ ਦੀ ਵੀ ਕਮੀ ਪੈਦਾ ਹੋ ਜਾਂਦੀ ਹੈ। ਇਸ ਚੁਨੌਤੀ ਦਾ ਮੁਕਾਬਲਾ ਕਰਨ ਲਈ ਪਾਣੀ ਤੋਂ ਬਿਨਾਂ ਬਿਜਲੀ-ਉਤਪਾਦਨ ਦੇ ਹੋਰ ਸਾਧਨਾਂ ਅਤੇ ਵਿਸ਼ੇਸ਼ ਤੌਰ ‘ਤੇ ਸੂਰਜੀ ਊਰਜਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬੇਰੁਜ਼ਗਾਰੀ ਦੀ ਸਮੱਸਿਆ ਵੀ ਸਾਡੇ ਦੇਸ ਲਈ ਇੱਕ ਚੁਨੌਤੀ ਬਣੀ ਹੋਈ ਹੈ। ਇਸ ਸੰਬੰਧ ਵਿੱਚ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਾਡੇ ਦੇਸ ਵਿੱਚ ਇੱਕ ਹੋਰ ਵੱਡੀ ਚੁਨੌਤੀ ਔਰਤ ਦੀ ਸਮਾਜਿਕ ਸੁਰੱਖਿਆ ਦੀ ਹੈ। ਸਾਡੇ ਦੇਸ ਵਿੱਚ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ। ਬਲਾਤਕਾਰ ਦੀਆਂ ਦਿਨੋ-ਦਿਨ ਵਧ ਰਹੀਆਂ ਘਟਨਾਵਾਂ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਪੁੱਟੇ ਜਾਣੇ ਚਾਹੀਦੇ ਹਨ। ਕੁਦਰਤੀ ਆਫ਼ਤਾਂ ਨੇ ਵੀ ਸਾਡੇ ਲਈ ਚੁਨੌਤੀ ਪੈਦਾ ਕੀਤੀ ਹੋਈ ਹੈ। ਕਿਸੇ ਪਾਸੇ ਹੜ੍ਹ ਆਉਣ ਕਾਰਨ ਨੁਕਸਾਨ ਹੁੰਦਾ ਹੈ ਅਤੇ ਕਿਸੇ ਪਾਸੇ ਸੋਕੇ ਕਾਰਨ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ। ਦਿਨੋ ਦਿਨ ਵਧ ਰਹੀ ਅਬਾਦੀ ਸਾਡੇ ਲਈ ਸਭ ਤੋਂ ਵੱਡੀ ਚੁਨੌਤੀ ਹੈ ਜਿਸ ਨੇ ਸਾਡੇ ਲਈ ਅਨੇਕਾਂ ਸਮੱਸਿਆਵਾਂ ਪੈਦਾ ਕੀਤੀਆਂ ਹੋਈਆਂ ਹਨ। ਅਬਾਦੀ ‘ਤੇ ਕੰਟਰੋਲ ਹੋਣ ਨਾਲ ਸਾਡੀਆਂ ਅਨੇਕਾਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਇੱਕੀਵੀਂ ਸਦੀ ਦੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਸਾਨੂੰ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਸਭ ਦੇਸਾਂ ਨੂੰ ਇਹ ਕੋਸ਼ਸ਼ ਕਰਨੀ ਚਾਹੀਦੀ ਹੈ ਕਿ ਇੱਕੀਵੀਂ ਸਦੀ ਵਿੱਚ ਵਿਸ਼ਵ ਪੱਧਰ ਉੱਤੇ ਆਪਸੀ ਭਾਈਚਾਰੇ ਦੀ ਭਾਵਨਾ ਵਧੇ। ਇੱਕੀਵੀਂ ਸਦੀ ਵਿਚ ਜਿੱਥੇ ਸਾਨੂੰ ਆਪਣੇ ਕੁਦਰਤੀ ਸੋਮਿਆਂ ਨੂੰ ਸੰਜਮ ਨਾਲ ਵਰਤਣਾ ਹੋਵੇਗਾ ਉੱਥੇ ਸੂਰਜੀ ਊਰਜਾ ਵਰਗੇ ਸੋਮਿਆ ਦਾ ਹੋਰ ਲਾਭ ਲੈਣਾ ਪਵੇਗਾ। ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੀ ਘਟੇਗੀ। ਵਿਸ਼ਵ ਦੇ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਅਮਨ ਅਤੇ ਸ਼ਾਂਤੀ ਦੇ ਵਾਤਾਵਰਨ ਵਿੱਚ ਹੀ ਇੱਕ੍ਹੀਵੀਂ ਸਦੀ ਵਿੱਚ ਖ਼ੁਸ਼ਹਾਲੀ ਦਾ ਨਵਾਂ ਦੌਰ ਲਿਆ ਸਕਦੇ ਹਾਂ।