ਪੈਰਾ ਰਚਨਾ : ਅਨੁਸ਼ਾਸਨਹੀਣਤਾ
ਅਨੁਸ਼ਾਸਨਹੀਣਤਾ ਤੋਂ ਭਾਵ ਹੈ ਨਿਯਮਾਂ ਵਿੱਚ ਨਾ ਰਹਿਣਾ। ਅੱਜ ਸਾਡਾ ਸਮਾਜ ਆਦਰਸ਼ਹੀਣ ਹੋ ਕੇ ਅਨੁਸ਼ਾਸਨਹੀਣਤਾ ਦਾ ਸ਼ਿਕਾਰ ਹੋ ਚੁੱਕਾ ਹੈ। ਅਨੁਸ਼ਾਸਨਹੀਣਤਾ ਨੂੰ ਆਧੁਨਿਕਤਾ ਦਾ ਨਾਂ ਦੇ ਕੇ ਅਸੀਂ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਦਾ ਮਖੌਲ ਉਡਾ ਰਹੇ ਹਾਂ। ਪਰ ਜ਼ਰਾ ਸੋਚੋ ਕਿ ਜੇਕਰ ਸੂਰਜ ਆਪਣੇ ਨਿਯਮ ਛੱਡ ਦੇਵੇ ਤਾਂ ਕੀ ਹੋਵੇਗਾ? ਜੇਕਰ ਸਮੁੰਦਰ ਆਪਣੀ ਮਰਯਾਦਾ ਵਿੱਚ ਨਾ ਰਹੇ ਤਾਂ ਕੀ ਪਰਲੋ ਨਹੀਂ ਆਏਗੀ? ਕੁਦਰਤੀ ਨਿਜ਼ਾਮ ਦੀ ਨਿਯਮਬੱਧਤਾ ‘ਤੇ ਹੀ ਮਨੁੱਖ ਦੀ ਹੋਂਦ ਟਿਕੀ ਹੋਈ ਹੈ। ਪਰ ਮਨੁੱਖ ਵਿੱਚ ਆਪਣੇ ਤੌਰ ‘ਤੇ ਵੀ ਅਨੁਸ਼ਾਸਨ ਹੋਣਾ ਜ਼ਰੂਰੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਚੰਗਾ ਹੋਵੇ ਅਤੇ ਸਾਨੂੰ ਸਾਡੇ ਸਾਰੇ ਹੱਕ ਪ੍ਰਾਪਤ ਹੋਣ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਸਮਾਜ, ਦੇਸ ਅਤੇ ਪਰਿਵਾਰ ਪ੍ਰਤਿ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਈਏ। ਸਮਾਜਿਕ ਰਵਾਇਤਾਂ, ਪਰਿਵਾਰਿਕ ਮਰਯਾਦਾ ਅਤੇ ਪ੍ਰਸ਼ਾਸਨਿਕ ਕਨੂੰਨਾਂ ਦੀ ਪਾਲਣਾ ਕਰ ਕੇ ਹੀ ਅਸੀਂ ਚੰਗੇ ਨਾਗਰਿਕ ਬਣ ਸਕਦੇ ਹਾਂ। ਅਸੀਂ ਆਪਣੇ ਆਪ ਵਿੱਚ ਅਨੁਸ਼ਾਸਨ ਰੱਖਣ ਦੀ ਥਾਂ ਸਗੋਂ ਦੇਖਾ-ਦੇਖੀ ਅਨੁਸ਼ਾਸਨਹੀਣ ਹੁੰਦੇ ਜਾ ਰਹੇ ਹਾਂ। ਸਾਨੂੰ ਚਾਹੀਦਾ ਹੈ ਕਿ ਸਮਾਜ ਵਿੱਚ ਕਿਸੇ ਵੀ ਕਿਸਮ ਦੀ ਹੋ ਰਹੀ ਅਨੁਸ਼ਾਸਨਹੀਣਤਾ ਨੂੰ ਰੋਕਣ ਦਾ ਯਤਨ ਕਰੀਏ। ਅੱਜ ਮਰਯਾਦਾ ਭੰਗ ਕਰਨਾ ‘ਇਨਕਲਾਬ’ ਮੰਨਿਆ ਜਾਂਦਾ ਹੈ ਤੇ ਕਨੂੰਨ ਦੀ ਉਲੰਘਣਾ ਨੂੰ ‘ਦਲੇਰੀ’ ਦਾ ਨਾਂ ਦਿੱਤਾ ਜਾਂਦਾ ਹੈ। ਸਮਾਜ ਉਸ ਮਨੁੱਖ ਨੂੰ ‘ਲਕੀਰ ਦਾ ਫ਼ਕੀਰ’ ਜਾਂ ‘ਡਰਪੋਕ’ ਕਹਿ ਕੇ ਉਸ ਦਾ ਮਖੌਲ ਉਡਾਉਂਦਾ ਹੈ ਜਿਹੜਾ ਰਵਾਇਤਾਂ ਦਾ ਅਤੇ ਕਨੂੰਨ ਦਾ ਪਾਲਣ ਕਰਦਾ ਹੈ। ਮਨੁੱਖ ਪਰਿਵਾਰ ਤੋਂ ਹੀ ਅਨੁਸ਼ਾਸਨਹੀਣਤਾ ਸਿੱਖਦਾ ਹੈ। ਜੇਕਰ ਪਰਿਵਾਰ ਦੇ ਮੋਢੀ ਅਨੁਸ਼ਾਸਨ ਪ੍ਰੇਮੀ ਨਹੀਂ ਹਨ ਤਾਂ ਉਸ ਪਰਿਵਾਰ ਵਿੱਚ ਪਲਣ ਵਾਲਾ ਉਹਨਾਂ ਸੰਸਕਾਰਾਂ ਨੂੰ ਹੀ ਅਪਣਾਏਗਾ ਜੋ ਉਸ ਨੂੰ ਵਿਰਾਸਤ ਵਿੱਚ ਮਿਲੇ ਹਨ। ਸਾਡਾ ਸਮਾਜਿਕ ਢਾਂਚਾ ਤੇ ਸਾਡੀ ਵਿੱਦਿਅਕ ਪ੍ਰਣਾਲੀ ਵੀ ਇਸ ਅਨੁਸ਼ਾਸਨਹੀਣਤਾ ਲਈ ਬਹੁਤ ਹੱਦ ਤੱਕ ਜੁੰਮੇਵਾਰ ਹੈ। ਅੱਜ ਦਾ ਵਿਦਿਆਰਥੀ ਨਿਰਾਸ਼ ਤੇ ਦਿਸ਼ਾਹੀਣ ਹੋਇਆ ਗ਼ਲਤ ਅਤੇ ਗ਼ੈਰ-ਕਨੂੰਨੀ ਢੰਗਾਂ ਨਾਲ ਅਪਣੀ ਮੰਜ਼ਲ ਪ੍ਰਾਪਤ ਕਰਨ ਦੀ ਕੋਸ਼ਸ਼ ਵਿੱਚ ਹੈ। ਅਨੁਸ਼ਾਸਨਹੀਣਤਾ ਵਿਦਿਆਰਥੀਆਂ ਵਿੱਚ ਹੀ ਨਹੀਂ ਸਗੋਂ ਰਾਜਸੀ ਨੇਤਾਵਾਂ, ਅਮਨ-ਕਨੂੰਨ ਲਾਗੂ ਕਰਨ ਵਾਲਿਆਂ ਅਤੇ ਪੜ੍ਹੇ-ਲਿਖੇ ਸਮਾਜ-ਸੁਧਾਰਕਾਂ ਵਿੱਚ ਵੀ ਇਹ ਘਰ ਕਰ ਚੁੱਕੀ ਹੈ। ਪਰ ਇਸ ਅਨੁਸ਼ਾਸਨਹੀਣਤਾ ਨੂੰ ਦੂਰ ਕਰਨ ਦੀ ਲੋੜ ਹੈ। ਤਾਂ ਹੀ ਸਾਡਾ ਦੇਸ ਅਤੇ ਸਮਾਜ ਤਰੱਕੀ ਕਰ ਸਕੇਗਾ।