CBSEEducationPunjab School Education Board(PSEB)ਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਜਾਦੂ ਦਾ ਖੇਲ੍ਹ


ਜਾਦੂ ਦਾ ਖੇਲ੍ਹ ਵੀ ਆਪਣੇ-ਆਪ ਵਿੱਚ ਬਹੁਤ ਦਿਲਚਸਪ ਹੁੰਦਾ ਹੈ। ਜਾਦੂ ਦਾ ਭਾਵ ਹੈ ਹੋਣੀ ਨੂੰ ਅਣਹੋਣੀ ਅਤੇ ਅਣਹੋਣੀ ਨੂੰ ਹੋਣੀ ਬਣਾ ਦੇਣਾ। ਪਰ ਅੱਜ ਦੇ ਯੁੱਗ ਵਿੱਚ ਜਾਦੂ ਸ਼ਬਦ ਦਾ ਅਰਥ ਹੱਥ ਦੀ ਸਫ਼ਾਈ ਅਤੇ ਨਜ਼ਰ-ਬੰਦੀ ਤੱਕ ਹੀ ਸੀਮਿਤ ਰਹਿ ਗਿਆ ਹੈ। ਪਿਛਲੇ ਦਿਨੀਂ ਸਾਡੇ ਸਕੂਲ ਵਿੱਚ ਇੱਕ ਜਾਦੂਗਰ ਜਾਦੂ ਦਾ ਖੇਲ੍ਹ ਦਿਖਾਉਣ ਲਈ ਆਇਆ। ਉਸ ਦਾ ਪਹਿਰਾਵਾ ਅਜੀਬ ਜਿਹਾ ਸੀ। ਉਸ ਨੇ ਕਾਲ਼ਾ ਕੋਟ ਪਾਇਆ ਹੋਇਆ ਸੀ ਅਤੇ ਉਸ ਦੇ ਸਿਰ ‘ਤੇ ਕਾਲ਼ਾ ਲੰਮਾ ਟੋਪ ਸੀ। ਸਾਰੇ ਬੱਚੇ ਅਤੇ ਅਧਿਆਪਕ ਇੱਕ ਵੱਡੇ ਹਾਲ ਕਮਰੇ ਵਿੱਚ ਇਕੱਠੇ ਹੋਏ ਸਨ। ਸਭ ਤੋਂ ਪਹਿਲਾਂ ਜਾਦੂਗਰ ਨੇ ਆਪਣਾ ਹੱਥ ਹਵਾ ਵਿੱਚ ਹਿਲਾ ਕੇ ਇੱਕ ਸੋਟੀ ਕੱਢੀ। ਸਾਰਿਆਂ ਨੇ ਖ਼ੁਸ਼ੀ ਨਾਲ ਤਾੜੀਆਂ ਵਜਾਈਆਂ। ਸਾਰੇ ਹੈਰਾਨ ਸਨ ਕਿ ਇਹ ਸੋਟੀ ਕਿਥੋਂ ਆ ਗਈ। ਜਾਦੂਗਰ ਦਾ ਹਰ ਖੇਲ੍ਹ ਹੈਰਾਨ ਕਰਨ ਵਾਲਾ ਸੀ। ਉਸ ਨੇ ਇੱਕ ਖ਼ਾਲੀ ਡੱਬੇ ਉੱਤੇ ਸੋਟੀ ਘੁਮਾ ਕੇ ਅਤੇ ਫੂਕਾਂ ਮਾਰ ਕੇ ਉਸ ਵਿੱਚੋਂ ਫੁੱਲਾਂ ਦਾ ਗੁਲਦਸਤਾ ਕੱਢਿਆ ਅਤੇ ਸਾਡੇ ਸਕੂਲ ਦੇ ਹੈਡਮਾਸਟਰ ਸਾਹਿਬ ਨੂੰ ਭੇਟ ਕੀਤਾ। ਜਾਦੂਗਰ ਨੇ ਹੈਰਾਨ ਕਰਨ ਵਾਲ਼ੇ ਖੋਲ੍ਹ ਦਿਖਾ ਕੇ ਕਾਫ਼ੀ ਵਾਹ-ਵਾਹ ਪ੍ਰਾਪਤ ਕੀਤੀ। ਉਸ ਨੇ ਕੁਝ ਖ਼ਤਰਨਾਕ ਖੇਲ੍ਹ ਵੀ ਦਿਖਾਏ। ਉਸ ਨੇ ਗਲੇ ਨਾਲ ਲੋਹੇ ਦੀ ਸਲਾਖ ਮੋੜ ਕੇ ਦਿਖਾਈ ਅਤੇ ਅੱਖਾਂ ਬੰਨ੍ਹ ਕੇ ਮੋਟਰ-ਸਾਈਕਲ ਚਲਾ ਕੇ ਦਿਖਾਇਆ। ਇਹਨਾਂ ਖ਼ਤਰਨਾਕ ਖੇਲ੍ਹਾਂ ਨੂੰ ਦੇਖ ਕੇ ਸਾਰਿਆਂ ਨੇ ਜ਼ੋਰ-ਜ਼ੋਰ ਦੀ ਤਾੜੀਆਂ ਮਾਰੀਆਂ। ਅੰਤ ਵਿੱਚ ਸਾਡੇ ਹੈਡਮਾਸਟਰ ਸਾਹਿਬ ਨੇ ਜਾਦੂਗਰ ਦਾ ਧੰਨਵਾਦ ਕੀਤਾ ਅਤੇ ਉਸ ਦੀ ਪ੍ਰਸੰਸਾ ਕੀਤੀ। ਹਰ ਕੋਈ ਜਾਦੂਗਰ ਦੇ ਖੇਲ੍ਹ ਦੀ ਚਰਚਾ ਕਰ ਰਿਹਾ ਸੀ ਅਤੇ ਉਸ ਦੇ ਕਮਾਲ ‘ਤੇ ਹੈਰਾਨ ਸੀ।