CBSEEducationPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਇੱਕੀਵੀਂ ਸਦੀ ਦੀਆਂ ਚੁਣੌਤੀਆਂ


ਇੱਕੀਵੀਂ ਸਦੀ ਵਿੱਚ ਭਾਵੇਂ ਵਿਗਿਆਨ ਨੇ ਮਨੁੱਖ ਲਈ ਅਨੇਕਾਂ ਸਹੂਲਤਾਂ ਪੈਦਾ ਕੀਤੀਆਂ ਹਨ ਪਰ ਇਸ ਦੇ ਨਾਲ ਹੀ ਸਾਡੇ ਸਾਮ੍ਹਣੇ ਕੁਝ ਚੁਣੌਤੀਆਂ ਵੀ ਪੈਦਾ ਹੋਈਆਂ ਹਨ। ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਪੈਦਾ ਹੋਈ ਹੈ ਅਤੇ ਪ੍ਰਦੂਸ਼ਣ ਕਾਰਨ ਅਨੇਕਾਂ ਬਿਮਾਰੀਆਂ ਨੇ ਮਨੁੱਖ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਵਿਸ਼ਵ ਪੱਧਰ ‘ਤੇ ਅਮਨ ਅਤੇ ਸ਼ਾਂਤੀ ਦੀ ਸਮੱਸਿਆ ਪੈਦਾ ਹੋਈ ਹੈ ਅਤੇ ਇਲਾਕਾਈ ਪੱਖਪਾਤ ਵਧਿਆ ਹੈ। ਸੰਸਾਰ ਦੇ ਕਈ ਦੇਸਾਂ ਵਿੱਚ ਅੰਦਰੂਨੀ ਗੜਬੜ ਪੈਦਾ ਹੋ ਰਹੀ ਹੈ ਜਿਸ ਤੋਂ ਦੁਨੀਆ ਦੇ ਨਕਸ਼ੇ ‘ਤੇ ਨਵੇਂ ਦੇਸ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਡੇ ਦੇਸ ਵਿੱਚ ਵੀ ਇੱਕੀਵੀਂ ਸਦੀ ਨੇ ਕੁਝ ਚੁਣੌਤੀਆਂ ਪੈਦਾ ਕੀਤੀਆਂ ਹਨ। ਇੱਕ ਵੱਡੀ ਚੁਣੌਤੀ ਵਧ ਰਹੀਆਂ ਕੀਮਤਾਂ ਦੀ ਹੈ ਜਿਸ ਨੇ ਆਮ ਲੋਕਾਂ ਲਈ ਬਹੁਤ ਮੁਸ਼ਕਲਾਂ ਪੈਦਾ ਕੀਤੀਆਂ ਹਨ ਅਤੇ ਗ਼ਰੀਬ ਲੋਕਾਂ ਦਾ ਤਾਂ ਜਿਊਣਾ ਹੀ ਮੁਸ਼ਕਲ ਹੋ ਗਿਆ ਹੈ। ਵਧ ਰਹੀਆਂ ਕੀਮਤਾਂ ਨੂੰ ਜੇਕਰ ਸਖ਼ਤੀ ਨਾਲ ਨਾ ਰੋਕਿਆ ਗਿਆ ਅਤੇ ਜੇਕਰ ਇਸ ਸੰਬੰਧ ਵਿੱਚ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਇਹ ਇੱਕ ਬਹੁਤ ਵੱਡੀ ਚੁਣੌਤੀ ਬਣ ਜਾਵੇਗੀ। ਬਿਜਲੀ ਦਾ ਸੰਕਟ ਸਾਡੇ ਦੇਸ ਵਿੱਚ ਇੱਕ ਹੋਰ ਚੁਣੌਤੀ ਹੈ। ਕਈ ਪ੍ਰਾਂਤਾਂ ਵਿੱਚ ਲੋੜੀਂਦੀ ਬਾਰਸ਼ ਨਾ ਹੋਣ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਕਾਰਨ ਪੀਣ ਵਾਲੇ ਪਾਣੀ ਦੀ ਵੀ ਕਮੀ ਪੈਦਾ ਹੋ ਜਾਂਦੀ ਹੈ। ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਪਾਣੀ ਤੋਂ ਬਿਨਾਂ ਬਿਜਲੀ-ਉਤਪਾਦਨ ਦੇ ਹੋਰ ਸਾਧਨਾਂ ਅਤੇ ਵਿਸ਼ੇਸ਼ ਤੌਰ ‘ਤੇ ਸੂਰਜੀ ਊਰਜਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬੇਰੁਜ਼ਗਾਰੀ ਦੀ ਸਮੱਸਿਆ ਵੀ ਸਾਡੇ ਦੇਸ ਲਈ ਇੱਕ ਚੁਣੌਤੀ ਬਣੀ ਹੋਈ ਹੈ। ਇਸ ਸੰਬੰਧ ਵਿੱਚ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਾਡੇ ਦੇਸ ਵਿੱਚ ਇੱਕ ਹੋਰ ਵੱਡੀ ਚੁਣੌਤੀ ਔਰਤ ਦੀ ਸਮਾਜਿਕ ਸੁਰੱਖਿਆ ਦੀ ਹੈ। ਸਾਡੇ ਦੇਸ ਵਿੱਚ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਪੁੱਟੇ ਜਾਣੇ ਚਾਹੀਦੇ ਹਨ। ਕੁਦਰਤੀ ਆਫ਼ਤਾਂ ਨੇ ਵੀ ਸਾਡੇ ਲਈ ਚੁਣੌਤੀ ਪੈਦਾ ਕੀਤੀ ਹੋਈ ਹੈ। ਕਿਸੇ ਪਾਸੇ ਹੜ੍ਹ ਆਉਣ ਕਾਰਨ ਨੁਕਸਾਨ ਹੁੰਦਾ ਹੈ ਅਤੇ ਕਿਸੇ ਪਾਸੇ ਸੋਕੇ ਕਾਰਨ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ। ਦਿਨੋ ਦਿਨ ਵਧ ਰਹੀ ਅਬਾਦੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਜਿਸ ਨੇ ਸਾਡੇ ਲਈ ਅਨੇਕਾਂ ਸਮੱਸਿਆਵਾਂ ਪੈਦਾ ਕੀਤੀਆਂ ਹੋਈਆਂ ਹਨ। ਅਬਾਦੀ ‘ਤੇ ਕੰਟ੍ਰੋਲ ਹੋਣ ਨਾਲ ਸਾਡੀਆਂ ਅਨੇਕਾਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਇੱਕੀਵੀਂ ਸਦੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਨੂੰ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਸਭ ਦੇਸਾਂ ਨੂੰ ਇਹ ਕੋਸ਼ਸ਼ ਕਰਨੀ ਚਾਹੀਦੀ ਹੈ ਕਿ ਇੱਕੀਵੀਂ ਸਦੀ ਵਿੱਚ ਵਿਸ਼ਵ ਪੱਧਰ ਉੱਤੇ ਆਪਸੀ ਭਾਈਚਾਰੇ ਦੀ ਭਾਵਨਾ ਵਧੇ। ਇੱਕੀਵੀਂ ਸਦੀ ਵਿਚ ਜਿੱਥੇ ਸਾਨੂੰ ਆਪਣੇ ਕੁਦਰਤੀ ਸੋਮਿਆਂ ਨੂੰ ਸੰਜਮ ਨਾਲ ਵਰਤਣਾ ਹੋਵੇਗਾ ਉੱਥੇ ਸੂਰਜੀ ਊਰਜਾ ਵਰਗੇ ਸੋਮਿਆਂ ਦਾ ਹੋਰ ਲਾਭ ਲੈਣਾ ਪਵੇਗਾ। ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੀ ਘਟੇਗੀ। ਵਿਸ਼ਵ ਦੇ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਮਨ ਅਤੇ ਸ਼ਾਂਤੀ ਦੇ ਵਾਤਾਵਰਨ ਵਿੱਚ ਹੀ ਇੱਕੀਵੀਂ ਸਦੀ ਵਿੱਚ ਖ਼ੁਸ਼ਹਾਲੀ ਦਾ ਨਵਾਂ ਦੌਰ ਲਿਆ ਸਕਦੇ ਹਾਂ।


ਪ੍ਰਸ਼ਨ 1. ਕਿਸ ਕਾਰਨ ਅਨੇਕਾਂ ਬਿਮਾਰੀਆਂ ਨੇ ਮਨੁੱਖ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ?

(ੳ) ਗਰਮੀ

(ਅ) ਸਰਦੀ

(ੲ) ਪ੍ਰਦੂਸ਼ਣ

(ਸ) ਮਹਿੰਗਾਈ

ਪ੍ਰਸ਼ਨ 2. ਕਈ ਦੇਸ਼ਾਂ ਵਿੱਚ ਅੰਦਰੂਨੀ ਗੜਬੜ ਕਾਰਨ ਦੁਨੀਆ ਦੇ ਨਕਸ਼ੇ ‘ਤੇ ਕੀ ਪੈਦਾ ਹੋਣ ਦੀ ਸੰਭਾਵਨਾ ਹੈ?

(ੳ) ਨਵੇਂ ਖੇਤਰ

(ਅ) ਨਵੇਂ ਦੇਸ

(ੲ) ਨਵੇਂ ਕਬੀਲੇ

(ਸ) ਨਵੇਂ ਪ੍ਰਾਂਤ

ਪ੍ਰਸ਼ਨ 3. ਸਾਡੇ ਦੇਸ਼ ਵਿੱਚ ਵੀ ਇੱਕੀਵੀਂ ਸਦੀ ਨੇ ਕੀ ਪੈਦਾ ਕੀਤੀਆਂ ਹਨ?

(ੳ) ਲੜਾਈਆਂ

(ਅ) ਔਕੜਾਂ

(ੲ) ਚੁਣੌਤੀਆਂ

(ਸ) ਸ਼ੰਕੇ

ਪ੍ਰਸ਼ਨ 4. ਬਿਜਲੀ ਦਾ ਸੰਕਟ ਸਾਡੇ ਦੇਸ ਲਈ ਇੱਕ ਹੋਰ ਕੀ ਹੈ?

(ੳ) ਖ਼ਤਰਾ

(ਅ) ਔਕੜ

(ੲ) ਚੁਣੌਤੀ

(ਸ) ਮੁਸ਼ਕਲ

ਪ੍ਰਸ਼ਨ 5. ਕਈ ਪ੍ਰਾਂਤਾਂ ਵਿੱਚ ਕਿਸ ਕਾਰਨ ਬਿਜਲੀ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ?

(ੳ) ਬਾਰਸ਼ ਨਾ ਹੋਣ ਕਾਰਨ

(ਅ) ਬਾਰਸ਼ ਜ਼ਿਆਦਾ ਹੋਣ ਕਾਰਨ

(ੲ) ਬਿਜਲੀ ਜਾਣ ਕਾਰਨ

(ਸ) ਜ਼ਿਆਦਾ ਗਰਮੀ ਕਾਰਨ

ਪ੍ਰਸ਼ਨ 6. ਅਜਿਹੀ ਕਿਹੜੀ ਚੁਣੌਤੀ ਹੈ ਜਿਸ ਨੇ ਸਾਡੇ ਲਈ ਅਨੇਕਾਂ ਸਮੱਸਿਆਵਾਂ ਪੈਦਾ ਕੀਤੀਆਂ ਹਨ?

(ੳ) ਵਧਦੀ ਅਬਾਦੀ

(ਅ) ਵਧਦੀ ਮਹਿੰਗਾਈ

(ੲ) ਵਧਦੀ ਆਵਾਜਾਈ

(ਸ) ਵਧਦੀਆਂ ਘਟਨਾਵਾਂ

ਪ੍ਰਸ਼ਨ 7. ਇੱਕੀਵੀਂ ਸਦੀ ਵਿੱਚ ਸਾਨੂੰ ਆਪਣੇ ਕੁਦਰਤੀ ਸੋਮਿਆਂ ਨੂੰ ਕਿਵੇਂ ਵਰਤਣਾ ਚਾਹੀਦਾ ਹੈ?

(ੳ) ਤੇਜ਼ੀ ਨਾਲ

(ਅ) ਸੰਜਮ ਨਾਲ

(ੲ) ਹੌਲ਼ੀ-ਹੌਲ਼ੀ

(ਸ) ਅੰਨ੍ਹੇ-ਵਾਹ

ਪ੍ਰਸ਼ਨ 8. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

(ੳ) ਪ੍ਰਦੂਸ਼ਣ

(ਅ) ਬਿਜਲੀ ਸੰਕਟ

(ੲ) ਵਧਦੀ ਅਬਾਦੀ

(ਸ) ਇੱਕੀਵੀਂ ਸਦੀ ਦੀਆਂ ਚੁਣੌਤੀਆਂ