ਘਰ ਜਾ ਆਪਣੇ : ਪਾਤਰ-ਚਿਤਰਨ
ਘਰ ਜਾ ਆਪਣੇ : ਜੀਤੋ
ਪ੍ਰਸ਼ਨ 1. ਕਹਾਣੀ ‘ਘਰ ਜਾ ਆਪਣੇ’ ਦੀ ਪਾਤਰ ਜੀਤੋ ਦਾ ਪਾਤਰ-ਚਿਤਰਨ 125-150 ਸ਼ਬਦਾਂ ਵਿੱਚ ਕਰੋ।
ਉੱਤਰ : ਜੀਤੋ ਇਸ ਕਹਾਣੀ ਦੀ ਮੁੱਖ ਪਾਤਰ ਹੈ। ਉਹ ਸੰਵੇਦਨਸ਼ੀਲ ਕੁੜੀ ਹੈ। ਉਹ ਆਪਣੇ ਘਰ-ਪਰਿਵਾਰ ਨਾਲ ਪਿਆਰ ਕਰਦੀ ਹੈ। ਜੀਤੋ ਦਾ ਵਿਆਹ ਜਦੋਂ ਪੱਕਾ ਹੋ ਜਾਂਦਾ ਹੈ ਤਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਆਪਣੇ ਬਚਪਨ ਨੂੰ ਯਾਦ ਕਰਦੀ, ਗੁੱਡੀਆਂ ਪਟੋਲਿਆਂ ਨਾਲ ਖੇਡੇ ਸਮੇਂ ਨੂੰ ਚੇਤੇ ਕਰਦੀ ਹੈ। ਤ੍ਰਿੰਞਣਾਂ ‘ਚ ਰਲ-ਮਿਲ ਕੇ ਬੈਠਣ ਵਾਲੀਆਂ ਆਪਣੀਆਂ ਸਹੇਲੀਆਂ ਨੂੰ ਯਾਦ ਕਰਦੀ ਉਹ ਉਦਾਸ ਹੋ ਜਾਂਦੀ ਹੈ। ਉਹ ਆਪਣੇ ਵੀਰ ਨੂੰ ਬਹੁਤ ਪਿਆਰ ਕਰਦੀ ਹੈ। ਉਸ ਦਾ ਭਰਾ ਵੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਦੀ ਵਿਦਾਇਗੀ ਸਮੇਂ ਉਦਾਸ ਹੋ ਜਾਂਦਾ ਹੈ। ਉਹ ਚਾਹੁੰਦੀ ਹੈ ਕਿ ਡੋਲੀ ਦੇ ਨਾਲ ਉਸ ਦਾ ਭਰਾ ਹੀ ਜਾਵੇ। ਉਹ ਇਸ ਗੱਲ ਕਰਕੇ ਜ਼ਿਦ ‘ਤੇ ਅੜ ਜਾਂਦੀ ਹੈ। ਅਖੀਰ ਉਸ ਦਾ ਭਰਾ ਉਸ ਦੀ ਇਸ ਜ਼ਿਦ ਨੂੰ ਪੂਰੀ ਕਰਦਾ ਹੈ ਤੇ ਨਾਲ ਜਾਣ ਦਾ ਫ਼ੈਸਲਾ ਕਰ ਲੈਂਦਾ ਹੈ।
ਘਰ ਜਾ ਆਪਣੇ : ਜੀਤੋ ਦਾ ਵੀਰ
ਪ੍ਰਸ਼ਨ 2. ਜੀਤੋ ਦੇ ਵੀਰ ਦਾ ਪਾਤਰ-ਚਿਤਰਨ 125-150 ਸ਼ਬਦਾਂ ਵਿੱਚ ਕਰੋ।
ਉੱਤਰ : ਜੀਤੋ ਦਾ ਵੀਰ ਇੱਕ ਜ਼ੁੰਮੇਵਾਰ ਨੌਜਵਾਨ ਹੈ। ਉਹ ਆਪਣੀ ਭੈਣ ਦੇ ਵਿਆਹ ਦੇ ਸਾਰੇ ਕੰਮਾਂ ਨੂੰ ਪੂਰੀ ਜ਼ੁੰਮੇਵਾਰੀ ਨਾਲ ਨਿਭਾਉਂਦਾ ਹੈ। ਵਿਆਹ ਦਾ ਸਾਰਾ ਕੰਮ ਉਸੇ ਦੇ ਸਿਰ ‘ਤੇ ਹੀ ਹੈ। ਇੱਕ ਕੰਮ ਤੋਂ ਬਾਅਦ ਦੂਜੇ ਕੰਮ ਦੀ ਚਿੰਤਾ ਉਸ ਦੇ ਸਿਰ ਉੱਤੇ ਹੈ। ਘਰ ਆਏ ਪ੍ਰਾਹੁਣਿਆਂ ਅਤੇ ਬਰਾਤ ਦੀ ਸਾਰੀ ਜ਼ੁੰਮੇਵਾਰੀ ਉਸ ਉੱਪਰ ਹੀ ਹੈ। ਉਹ ਆਪਣੀ ਭੈਣ ਜੀਤੋ ਨੂੰ ਬਹੁਤ ਪਿਆਰ ਕਰਦਾ ਹੈ। ਉਹ ਉਸ ਤੋਂ ਅੱਠ-ਦਸ ਸਾਲ ਵੱਡਾ ਹੈ। ਉਸ ਨੂੰ ਜੀਤੋ ਦੇ ਦੂਰ ਵਿਆਹੇ ਜਾਣ ਦਾ ਬਹੁਤ ਦੁੱਖ ਹੁੰਦਾ ਹੈ। ਉਹ ਉਸ ਦਾ ਵਿਆਹ ਬਹੁਤ ਰੀਝਾਂ ਨਾਲ ਕਰਦਾ ਹੈ। ਉਹ ਬਹੁਤ ਸੰਵੇਦਨਸ਼ੀਲ ਹੈ। ਉਹ ਵਿਆਹ ਦੀ ਉਮਰ ਹੋਣ ‘ਤੇ ਅਣਜਾਣ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਉਹ ਸੋਚਦਾ ਹੈ ਕਿ ਉਹ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਹੈ ਜਿਸ ਨੂੰ ਉਹ ਨੇੜਿਓਂ ਜਾਣਦਾ ਹੀ ਨਹੀਂ। ਉਹ ਆਪਣੀ ਭੈਣ ਦੀ ਜ਼ਿਦ ਪੂਰੀ ਕਰਦਾ ਹੈ। ਉਹ ਬਹੁਤੀ ਵਾਰੀ ਆਪਣਾ ਫ਼ੈਸਲਾ ਬਦਲਦਾ ਨਹੀਂ ਪਰ ਜੀਤੋ ਨਾਲ ਸਹੁਰੇ ਜਾਣ ਵਾਲਾ ਫ਼ੈਸਲਾ ਭੈਣ ਦੇ ਪਿਆਰ ਕਾਰਨ ਬਦਲ ਲੈਂਦਾ ਹੈ।