ਜਾਂਞੀ ਓਸ ਪਿੰਡੋਂ….. ਲਾਲੀ ਵੀ ਨਾ।
ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ
ਜਾਂਞੀ ਓਸ ਪਿੰਡੋਂ ਆਏ, ਜਿੱਥੇ ਰੁੱਖ ਵੀ ਨਾ।
ਇਹਨਾਂ ਦੇ ਤੌੜਿਆਂ ਵਰਗੇ ਮੂੰਹ, ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ, ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ, ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ, ਜਿੱਥੇ ਟਾਹਲੀ ਵੀ ਨਾ!
ਇਹਨਾਂ ਦੇ ਪੀਲੇ ਡੱਡੂ ਮੂੰਹ, ਉੱਤੇ ਲਾਲੀ ਵੀ ਨਾ।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਸ ਸਿੱਠਣੀ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਜਾਂਞੀਆਂ ਨੂੰ ਮਜ਼ਾਕ ਕਰਦੀਆਂ ਹਨ।
ਵਿਆਖਿਆ : ਕੁੜੀ ਦੇ ਵਿਆਹ ‘ਤੇ ਜਾਂਞੀਆਂ ਨੂੰ ਸਿੱਠਣੀ ਦਿੰਦੀਆਂ (ਮਖੌਲ ਕਰਦੀਆਂ) ਮੇਲਣਾਂ/ਸ਼ਰੀਕਣਾਂ ਆਖਦੀਆਂ ਹਨ ਕਿ ਜਾਂਞੀ ਉਸ ਪਿੰਡੋਂ ਆਏ ਹਨ ਜਿੱਥੇ (ਕੋਈ) ਰੁੱਖ ਵੀ ਨਹੀਂ। ਇਹਨਾਂ ਦੇ ਮੂੰਹ ਤੌੜਿਆਂ ਵਰਗੇ ਹਨ ਅਤੇ ਮੂੰਹਾਂ ਉੱਤੇ ਕੋਈ ਮੁੱਛ ਵੀ ਨਹੀਂ। ਜਾਂਞੀ ਉਸ ਪਿੰਡੋਂ ਆਏ ਹਨ ਜਿੱਥੇ ਕੋਈ ਤੂਤ ਦਾ ਰੁੱਖ ਵੀ ਨਹੀਂ ਹੈ। ਇਹਨਾਂ ਦੇ ਮੂੰਹ ਖੱਪੜਾਂ ਵਰਗੇ ਹਨ ਤੇ ਮੂੰਹਾਂ ‘ਤੇ ਕੋਈ ਰੂਪ ਭਾਵ ਸੁੰਦਰਤਾ ਨਹੀਂ। ਜਾਂਞੀ ਉਸ ਪਿੰਡੋਂ ਆਏ ਹਨ ਜਿੱਥੇ ਕੋਈ ਟਾਹਲੀ ਵੀ ਨਹੀਂ ਹੈ। ਇਹਨਾਂ ਦੇ ਪੀਲੇ ਡੱਡੂ ਵਰਗੇ ਮੂੰਹ ਹਨ ਤੇ ਉੱਤੇ ਕੋਈ ਲਾਲੀ ਵੀ ਨਹੀਂ ਹੈ। ਭਾਵ ਉਹ ਤਾਂ ਬਿਮਾਰ ਜਿਹੇ ਦਿਖਾਈ ਦਿੰਦੇ ਹਨ।