CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਸਲੀਕਾ


ਜੀਵਨ ਵਿੱਚ ਵਿਚਰਦਿਆਂ ਦੂਸਰਿਆਂ ਨਾਲ਼ ਸੁਚੱਜੇ ਢੰਗ ਨਾਲ ਵਰਤੋਂ-ਵਿਹਾਰ ਕਰਨਾ ਹੀ ਸਲੀਕਾ ਹੈ। ਇਹ ਮਨੁੱਖ ਦੇ ਸੱਭਿਅਕ ਹੋਣ ਦਾ ਹੀ ਦੂਜਾ ਨਾਂ ਹੈ। ਇਸ ਦੇ ਸ਼ਬਦੀ ਅਰਥ ਚੰਗਾ ਢੰਗ, ਆਚਾਰ, ਤਮੀਜ਼, ਸੁਘੜਤਾ ਅਤੇ ਤਹਿਜ਼ੀਬ ਆਦਿ ਹਨ । ਇਸ ਤਰ੍ਹਾਂ ਸਲੀਕਾ ਬੋਲ- ਚਾਲ, ਖਾਣ-ਪੀਣ, ਬੈਠਣ-ਉੱਠਣ, ਕਿਸੇ ਕੰਮ ਨੂੰ ਢੰਗ/ਤਰਤੀਬ ਨਾਲ ਕਰਨ ਗੱਲ ਕੀ ਇਹ ਸਾਡੇ ਹਰ ਵਿਹਾਰ ਨਾਲ ਸੰਬੰਧਿਤ ਹੈ। ਇਸ ਤਰ੍ਹਾਂ ਸਲੀਕਾ ਇੱਕ ਸੁਚੱਜੀ ਜੀਵਨ-ਜਾਚ ਦਾ ਨਾਂ ਹੈ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਲੀਕਾ ਸਿਖਾਉਣ। ਇਸ ਲਈ ਜ਼ਰੂਰੀ ਹੈ ਕਿ ਉਹਨਾਂ ਵਿੱਚ ਵੀ ਸਲੀਕੇ ਦੀ ਇਹ ਭਾਵਨਾ ਹੋਵੇ। ਜਿਸ ਘਰ ਵਿੱਚ ਮਾਂ-ਬਾਪ ਸਲੀਕੇ ਤੋਂ ਕੰਮ ਲੈਂਦੇ ਹਨ ਉੱਥੇ ਬੱਚੇ ਵੀ ਇਹ ਗੁਣ ਧਾਰਨ ਕਰਦੇ ਹਨ। ਸਾਨੂੰ ਘਰ ਅਤੇ ਘਰ ਤੋਂ ਬਾਹਰ ਸਾਰਿਆਂ ਨਾਲ ਸਲੀਕੇ ਨਾਲ ਬੋਲਣਾ ਚਾਹੀਦਾ ਹੈ। ਸਾਡੀ ਬੋਲ-ਚਾਲ ਤੋਂ ਬਿਨਾਂ ਸਾਡੇ ਖਾਣ-ਪੀਣ ਅਤੇ ਵਰਤੋਂ-ਵਿਹਾਰ ਦੇ ਢੰਗ ਵਿੱਚ ਵੀ ਸਲੀਕਾ ਹੋਣਾ ਚਾਹੀਦਾ ਹੈ। ਸਾਨੂੰ ਦੂਸਰਿਆਂ ਨਾਲ ਇਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਸਾਡੀ ਬੋਲ-ਚਾਲ ਅਤੇ ਸਾਡੇ ਵਿਹਾਰ ਤੋਂ ਕੋਈ ਤੰਗੀ ਜਾਂ ਕਠਿਨਾਈ ਮਹਿਸੂਸ ਨਾ ਹੋਵੇ। ਸਾਨੂੰ ਆਪਣੇ ਤੋਂ ਵੱਡਿਆਂ ਲਈ ਹੀ ਸਲੀਕੇ ਨੂੰ ਅਪਣਾਉਣ ਦੀ ਲੋੜ ਨਹੀਂ ਸਗੋਂ ਆਪਣੇ ਤੋਂ ਛੋਟਿਆਂ ਨੂੰ ਵੀ ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ। ਅਸਲ ਵਿੱਚ ਸਾਡੀ ਵਰਤੋਂ-ਵਿਹਾਰ ਦੇ ਹਰ ਕੰਮ ਵਿੱਚ ਸਲੀਕਾ ਹੋਣਾ ਚਾਹੀਦਾ ਹੈ। ਸਲੀਕੇ ਵਿੱਚ ਰਹਿ ਕੇ ਜਿੱਥੇ ਅਸੀਂ ਆਪਣੇ ਜੀਵਨ ਨੂੰ ਸੁਖੀ ਅਤੇ ਸਫਲ ਬਣਾਉਂਦੇ ਹਾਂ ਉੱਥੇ ਦੂਜਿਆਂ ਨੂੰ ਵੀ ਖ਼ੁਸ਼ੀ ਪ੍ਰਦਾਨ ਕਰਦੇ ਹਾਂ। ਇਹ ਖ਼ੁਸ਼ੀ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਸਲੀਕੇ ਦਾ ਗੁਣ ਧਾਰਨ ਕਰਨਾ ਚਾਹੀਦਾ ਹੈ।


ਸਲੀਕਾ