ਪੈਰਾ ਰਚਨਾ : ਸਫ਼ਾਈ
ਸਫ਼ਾਈ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਅਰੋਗ ਰਹਿਣ ਲਈ ਸਾਨੂੰ ਸਾਰਿਆਂ ਨੂੰ ਸਫ਼ਾਈ ਦੇ ਮਹੱਤਵ ਨੂੰ ਜਾਣਨ ਦੀ ਲੋੜ ਹੈ। ਮਨੁੱਖ ਨੂੰ ਨਾ ਕੇਵਲ ਆਪਣੇ ਸਰੀਰ ਦੀ ਹੀ ਸਫ਼ਾਈ ਰੱਖਣੀ ਚਾਹੀਦੀ ਹੈ ਸਗੋਂ ਆਪਣੇ ਘਰ ਅਤੇ ਆਲ਼ੇ-ਦੁਆਲੇ ਨੂੰ ਵੀ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਨ੍ਹਾਈਏ ਅਤੇ ਸਾਫ਼-ਸੁਥਰੇ ਕੱਪੜੇ ਪਾਈਏ। ਸਰੀਰ ਨੂੰ ਅਰੋਗ ਰੱਖਣ ਲਈ ਦੰਦਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਨ੍ਹਾਉਣ ਸਮੇਂ ਸਾਨੂੰ ਸਾਫ਼-ਸੁਥਰੇ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ। ਗੰਦੇ ਅਥਵਾ ਦੂਸਰੇ ਦੇ ਤੌਲੀਏ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਡੀ ਖ਼ੁਰਾਕ ਵੀ ਸਾਫ਼-ਸੁਥਰੀ ਹੋਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਖਾਣ-ਪੀਣ ਵਾਲੀਆਂ ਚੀਜ਼ਾਂ ਢਕ ਕੇ ਰੱਖੀਏ ਤਾਂ ਜੋ ਇਹਨਾਂ ‘ਤੇ ਮੱਖੀਆਂ ਆਦਿ ਨਾ ਬੈਠਣ। ਖਾਣਾ ਖਾਣ ਤੋਂ ਪਹਿਲਾਂ ਸਾਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਪੀਣ ਵਾਲਾ ਪਾਣੀ ਵੀ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਘਰ ਦੀ ਵੀ ਸਫ਼ਾਈ ਰੱਖੀਏ। ਘਰਾਂ ਦੇ ਫਰਸ਼ ਆਦਿ ਦੀ ਸਫ਼ਾਈ ਸਮੇਂ ਫਿਨਾਇਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਮੱਖੀਆਂ ਅਤੇ ਮੱਛਰ ਆਦਿ ਦੂਰ ਰਹਿਣ। ਘਰ ਵਿੱਚ ਹਰ ਚੀਜ਼ ਥਾਂ ਸਿਰ ਪਈ ਹੋਣੀ ਚਾਹੀਦੀ ਹੈ ਅਤੇ ਕੂੜਾ ਆਦਿ ਸੁੱਟਣ ਲਈ ਖ਼ਾਸ ਜਗ੍ਹਾ ਹੋਣੀ ਚਾਹੀਦੀ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਘਰ ਦਾ ਕੂੜਾ ਢਕ ਕੇ ਰੱਖੀਏ ਅਤੇ ਇਸ ਨੂੰ ਜਲਦੀ ਹੀ ਕਮੇਟੀ ਦੁਆਰਾ ਨਿਸ਼ਚਿਤ ਥਾਂ ‘ਤੇ ਸੁਟਵਾਉਣ ਦਾ ਪ੍ਰਬੰਧ ਕਰੀਏ। ਘਰ ਤੋਂ ਬਿਨਾਂ ਸਾਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਕੋਸ਼ਸ਼ ਕਰਨੀ ਚਾਹੀਦੀ ਹੈ ਕਿ ਘਰ ਤੋਂ ਬਾਹਰ ਦੀਆਂ ਨਾਲੀਆਂ ਸਾਫ਼ ਰਹਿਣ ਤੇ ਗਲੀਆਂ ਵਿੱਚ ਗੰਦਗੀ ਦੇ ਢੇਰ ਨਾ ਲੱਗਣ। ਜੇਕਰ ਲੋੜ ਪਵੇ ਤਾਂ ਨਗਰ-ਪਾਲਕਾ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਸਫ਼ਾਈ ਦਾ ਪ੍ਰਬੰਧ ਹੋ ਸਕੇ ਅਤੇ ਕਿਸੇ ਬਿਮਾਰੀ ਦਾ ਖ਼ਤਰਾ ਪੈਦਾ ਨਾ ਹੋਵੇ। ਬਰਸਾਤ ਦੇ ਦਿਨਾਂ ਵਿੱਚ ਤਾਂ ਸਾਨੂੰ ਸਫ਼ਾਈ ਵੱਲ ਹੋਰ ਵੀ ਜ਼ਿਆਦਾ ਬਿਆਨ ਦੇਣਾ ਚਾਹੀਦਾ ਹੈ। ਬਰਸਾਤ ਦੇ ਦਿਨਾਂ ਵਿੱਚ ਮੱਖੀਆਂ-ਮੱਛਰਾਂ ਤੋਂ ਬਚਣ ਲਈ ਡੀ.ਡੀ.ਟੀ. ਦੀ ਵਰਤੋਂ ਕਰਨੀ ਚਾਹੀਦੀ ਹੈ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਰਵਜਨਿਕ ਥਾਵਾਂ ਤੇ ਜਾਣ ਸਮੇਂ ਸਫ਼ਾਈ ਰੱਖਣ ਵਿੱਚ ਸਹਿਯੋਗ ਦੇਣ ਅਤੇ ਕੂੜਾ-ਕਰਕਟ ਤੇ ਫਲਾਂ ਦੇ ਫਿਲਕੇ ਆਦਿ ਨਿਸ਼ਚਤ ਥਾਂਵਾਂ ‘ਤੇ ਹੀ ਸੁੱਟਣ। ਸਫ਼ਾਈ ਰੱਖਣ ਵਿੱਚ ਹਰ ਮਨੁੱਖ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।