ਆਲੋਚਨਾਤਮਕ ਸਾਰ : ਨੀਲੀ
ਪ੍ਰਸ਼ਨ : ਕਹਾਣੀ ‘ਨੀਲੀ’ ਦਾ ਵਿਸ਼ਾ-ਵਸਤੂ 125-150 ਸ਼ਬਦਾਂ ਵਿੱਚ ਬਿਆਨ ਕਰੋ।
ਜਾਂ
ਪ੍ਰਸ਼ਨ. ਨੀਲੀ ਕਹਾਣੀ ਦਾ ਆਲੋਚਨਾਤਮਕ ਸਾਰ 125-150 ਸ਼ਬਦਾਂ ਵਿੱਚ ਲਿਖੋ।
ਉੱਤਰ : ‘ਨੀਲੀ’ ਕਹਾਣੀ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੁਆਰਾ ਲਿਖੀ ਗਈ ਹੈ। ਕਹਾਣੀ ਦਾ ਵਿਸ਼ਾ-ਵਸਤੂ ਪਸ਼ੂਆਂ ਪ੍ਰਤਿ ਮਨੁੱਖ ਦੀ ਅਸੰਵੇਦਨਸ਼ੀਲਤਾ ਨੂੰ ਬਿਆਨ ਕਰਦਾ ਹੈ। ਮਨੁੱਖ ਦਾ ਸਿਰਫ਼ ਆਪਣੇ ਫਾਇਦੇ ਬਾਰੇ ਸੋਚਣਾ ਅਤੇ ਪਸੂਆਂ ਨਾਲ ਕਠੋਰਤਾ ਭਰਿਆ ਵਤੀਰਾ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ। ਨੀਲੀ ਗੋਰੇ ਰੰਗ ਦੀ ਸਿਹਤਮੰਦ ਗਾਂ ਸੀ। ਲੇਖਕ ਦੀ ਪਤਨੀ ਨੇ ਕਈ ਪਸ਼ੂਆਂ ਵਿੱਚੋਂ ਉਸ ਨੂੰ ਚੁਣ ਕੇ ਉਸ ਦੇ ਦੁੱਧ ਦਾ ਭਾਅ ਚੁਕਾਇਆ ਸੀ। ਗਵਾਲਾ ਰੋਜ਼ ਗਾਂ ਨੂੰ ਲੈ ਕੇ ਆਉਂਦਾ ਤੇ ਉਸ ਦੇ ਅੱਗੇ ਚਾਰੇ ਦੀ ਟੋਕਰੀ ਰੱਖ ਕੇ ਉਸ ਦੇ ਪਿੰਡੇ ‘ਤੇ ਪਿਆਰ ਨਾਲ ਹੱਥ ਫੇਰਦਾ ਤਾਂ ਨੀਲੀ ਦੁੱਧ ਦੀ ਗਾਗਰ ਭਰ ਦਿੰਦੀ। ਕਦੀ-ਕਦੀ ਲੇਖਕ ਦੀ ਪਤਨੀ ਗਵਾਲੇ ਦੀ ਚਾਰੇ ਵਾਲੀ ਟੋਕਰੀ ਵੀ ਵੇਖ ਲੈਂਦੀ ਤਾਂ ਕਿ ਗਾਂ ਨੂੰ ਗਵਾਲਾ ਚੰਗੀ ਖੁਰਾਕ ਦੇ ਰਿਹਾ ਹੈ ਜਾਂ ਨਹੀਂ। ਲੇਖਕ ਦੀ ਪਤਨੀ ਸੋਚਦੀ ਕਿ ਪਸੂ ਨੂੰ ਚੰਗੀ ਖੁਰਾਕ ਮਿਲੇਗੀ ਤਾਂ ਹੀ ਪਸੂ ਚੰਗਾ ਦੁੱਧ ਦੇਵੇਗਾ। ਕਈ ਮਹੀਨੇ ਇੰਝ ਹੀ ਗੁਜ਼ਰ ਗਏ ਤਾਂ ਇੱਕ ਦਿਨ ਪਤਾ ਲੱਗਾ ਕਿ ਨੀਲੀ ਨਵੀਂ ਹੋਈ ਹੋਣ ਕਰਕੇ ਲੱਤ ਮਾਰ ਗਈ ਹੈ। ਕਈ ਦਿਨਾਂ ਮਗਰੋਂ ਨੀਲੀ ਆਪਣੀ ਪਿਆਰੀ, ਮਲੂਕੜੀ ਜਿਹੀ ਵੱਛੀ ਨਾਲ ਆਉਣ ਲੱਗੀ। ਲੇਖਕ ਦੀ ਪਤਨੀ ਗਵਾਲੇ ਨੂੰ ਮੁੜ- ਮੁੜ ਕਹਿੰਦੀ ਕਿ ਵੱਛੀ ਲਈ ਦੁੱਧ ਛੱਡਿਆ ਕਰ ਪਰ ਉਹ ਨੱਕ ਵਿੱਚ ਕੁਝ ਗੁਣਗੁਣਾ ਛੱਡਦਾ। ਨੀਲੀ ਦੀ ਵੱਛੀ ਕਰਕੇ ਗਵਾਲੇ ਨੇ ਚਾਰਾ ਲਿਆਉਣਾ ਵੀ ਛੱਡ ਦਿੱਤਾ ਕਿਉਂਕਿ ਵੱਛੀ ਦੇ ਮੂੰਹ ਮਾਰਨ ‘ਤੇ ਨੀਲੀ ਦੁੱਧ ਉਤਾਰ ਲੈਂਦੀ ਸੀ । ਲੇਖਕ ਦੀ ਪਤਨੀ ਦੇ ਖਪਣ ਦਾ ਵੀ ਗਵਾਲੇ ‘ਤੇ ਕੋਈ ਅਸਰ ਨਾ ਹੁੰਦਾ ਸਗੋਂ ਉਹ ਕਹਿੰਦਾ ਕਿ ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਹੈ ਤੇ ਬਾਅਦ ਵਿੱਚ ਪਿਆਉਂਦੀ ਹੈ। ਚੰਗੀ ਖ਼ੁਰਾਕ ਨਾ ਮਿਲਨ ਕਰਕੇ ਆਖ਼ਰ ਵੱਛੀ ਮਰ ਗਈ ਤੇ ਗਵਾਲਾ ਉਦਾਸ ਚਿਹਰਾ ਲੈ ਕੇ ਇੱਕ ਦਿਨ ਦੇ ਨਾਗੇ ਬਾਰੇ ਦੱਸਣ ਆ ਗਿਆ। ਅਗਲੇ ਦਿਨ ਗਵਾਲਾ ਟੋਕਰੀ ਲੈ ਕੇ ਆ ਗਿਆ ਤੇ ਪਿੱਛੇ-ਪਿੱਛੇ ਨੀਲੀ ਵੀ ਆ ਗਈ ਪਰ ਬਹੁਤ ਉਦਾਸ ਲੱਗ ਰਹੀ ਸੀ। ਉਸ ਨੇ ਚਾਰਾ ਨਾ ਖਾਧਾ ਤੇ ਗਵਾਲਾ ਬੇਵੱਸ ਹੋ ਕੇ ਤੁਰ ਪਿਆ। ਅਗਲੀ ਸਵੇਰ ਸਵਖਤੇ ਗਵਾਲਾ ਚਾਰੇ ਦੀ ਟੋਕਰੀ ਲੈ ਕੇ ਪਹੁੰਚਿਆ ਤੇ ਪਿੱਛੇ-ਪਿੱਛੇ ਨੀਲੀ। ਨੀਲੀ ਤਿੰਨ ਦਿਨਾਂ ਤੋਂ ਭੁੱਖੀ ਸੀ ਤੇ ਚਾਰਾ ਖਾ ਰਹੀ ਸੀ । ਗਵਾਲਾ ਚਾਰਾ ਖਾਂਦੀ ਵੇਖ ਕੇ ਨੀਲੀ ਦੇ ਹੇਠਾਂ ਦੁੱਧ ਚੋਣ ਲਈ ਬੈਠਿਆ ਤਾਂ ਉਹ ਪਰ੍ਹੇ ਹੋ ਗਈ। ਗਵਾਲੇ ਨੇ ਦੁੱਧ ਚੋਣ ਦੀ ਵਾਰ-ਵਾਰ ਕੋਸ਼ਸ਼ ਕੀਤੀ ਪਰ ਉਹ ਸਫਲ ਨਾ ਹੋਇਆ। ਅੰਤ ਗਵਾਲੇ ਨੇ ਮਸਾਲੇ ਦੀ ਟੋਕਰੀ ਖੋਹ ਲਈ ਤੇ ਤੇਜ਼-ਤੇਜ਼ ਤੁਰ ਪਿਆ ਪਰ ਨੀਲੀ ਗਵਾਲੇ ਨੂੰ ਗੇਟ ਵੱਲ ਜਾਂਦਿਆਂ ਵੇਖਦੀ ਰਹੀ ਜਿਵੇਂ ਉਸ ਨੂੰ ਵਾਪਸ ਆਉਣ ਲਈ ਕਹਿ ਰਹੀ ਹੋਵੇ। ਇਸ ਤਰ੍ਹਾਂ ਕਰਤਾਰ ਸਿੰਘ ਦੁੱਗਲ ਨੇ ‘ਨੀਲੀ’ ਕਹਾਣੀ ਰਾਹੀਂ ਮਨੁੱਖ ਦੇ ਸਵਾਰਥੀ ਰਵੱਈਏ ਦੀ ਬੜੀ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕੀਤੀ ਹੈ।