ਗੁਰਮਤਿ ਕਾਵਿ : ਸੋ ਕਿਉ ਮੰਦਾ ਆਖੀਐ
ਪ੍ਰਸ਼ਨ 1. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਭੰਡਿ ਜੰਮੀਐ……….ਜਿਤੁ ਜੰਮਹਿ ਰਾਜਾਨ॥
(ੳ) ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਉੱਤਰ : ਪ੍ਰਸੰਗ : ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਆਸਾ ਦੀ ਵਾਰ’ ਵਿੱਚੋਂ ਲਿਆ ਗਿਆ ਇਕ ਸਲੋਕ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਸੋ ਕਿਉ ਮੰਦਾ ਆਖੀਐ’ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਸਮੁੱਚੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਲੋੜ ਤੇ ਮਹਾਨਤਾ ਨੂੰ ਪਛਾਣਨ ਦਾ ਸੰਦੇਸ਼ ਦਿੱਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਇਸਤਰੀ ਨੂੰ ਬੁਰਾ ਕਹਿਣ ਜਾਂ ਉਸ ਨੂੰ ਨੀਵਾਂ ਦਰਸਾਉਣ ਦੀ ਭਾਵਨਾ ਦਾ ਖੰਡਨ ਕਰਦੇ ਹਨ।
ਵਿਆਖਿਆ : ਗੁਰੂ ਜੀ ਫਰਮਾਉਂਦੇ ਹਨ ਕਿ ਮਨੁੱਖੀ ਜੀਵ ਇਸਤਰੀ ਤੋਂ ਜਨਮ ਲੈਂਦਾ ਹੈ ਤੇ ਇਸਤਰੀ ਦੇ ਪੇਟ ਵਿੱਚ ਹੀ ਉਸ ਦਾ ਸਰੀਰ ਬਣਦਾ ਹੈ। ਇਸਤਰੀ ਨਾਲ ਹੀ ਉਸ ਦੀ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤਰੀ ਦੇ ਰਾਹੀਂ ਹੀ ਜੀਵ ਦਾ ਹੋਰਨਾਂ ਲੋਕਾਂ ਨਾਲ ਸੰਬੰਧ ਬਣਦਾ ਹੈ। ਇਸਤਰੀ ਦੇ ਰਾਹੀਂ ਹੀ ਸੰਸਾਰ ਦੀ ਉਤਪੱਤੀ ਦਾ ਰਾਹ ਚਲਦਾ ਹੈ। ਜੇਕਰ ਇਸਤਰੀ ਮਰ ਜਾਵੇ, ਤਾਂ ਮਨੁੱਖ ਹੋਰ ਇਸਤਰੀ ਦੀ ਭਾਲ ਕਰਦਾ ਹੈ ਤੇ ਇਸਤਰੀ ਤੋਂ ਹੀ ਉਸ ਦੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤਰੀ ਜਾਤੀ ਤੋਂ ਰਾਜੇ ਵੀ ਜਨਮ ਲੈਂਦੇ ਹਨ, ਉਸ ਨੂੰ ਬੁਰਾ ਜਾ ਨੀਵਾਂ ਆਖਣਾ ਠੀਕ ਨਹੀਂ। ਇਸਤਰੀ ਦਾ ਦਰਜਾ ਸਮੁੱਚੇ ਸੰਸਾਰ ਦੇ ਮਨੁੱਖੀ ਜੀਵਨ ਵਿੱਚ ਬਹੁਤ ਉੱਚਾ ਹੈ।
ਭੰਡਹੁ ਹੀ ਭੰਡੁ……….ਸਚੈ ਦਰਬਾਰਿ ॥
ਪ੍ਰਸ਼ਨ 2. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।
(ਅ) ਭੰਡਹੁ ਹੀ ਭੰਡੁ ਉਪਜੈ ਭੰਡੇ ਬਾਝੁ ਨਾ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥
ਉੱਤਰ : ਪ੍ਰਸੰਗ : ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਆਸਾ ਦੀ ਵਾਰ’ ਵਿੱਚੋਂ ਲਿਆ ਗਿਆ ਇਕ ਸਲੋਕ ਹੈ ਅਤੇ ਇਹ ‘ਸਾਹਿਤ-ਮਾਲਾ ਪੁਸਤਕ ਵਿੱਚ ‘ਸੋ ਕਿਉ ਮੰਦਾ ਆਖੀਐ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਸਮੁੱਚੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਲੋੜ ਤੇ ਮਹਾਨਤਾ ਨੂੰ ਪਛਾਣਨ ਦਾ ਸੰਦੇਸ਼ ਦਿੱਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਦੱਸਦੇ ਹਨ ਕਿ ਕੇਵਲ ਉਹ ਪਰਮਾਤਮਾ ਹੀ ਹੈ, ਜਿਹੜਾ ਇਸਤਰੀ ਤੋਂ ਨਹੀਂ ਜੰਮਿਆ ਤੇ ਸਾਨੂੰ ਸਦਾ ਉਸ ਦੇ ਗੁਣ ਗਾਉਣੇ ਚਾਹੀਦੇ ਹਨ।
ਵਿਆਖਿਆ : ਗੁਰੂ ਜੀ ਫਰਮਾਉਂਦੇ ਹਨ ਕਿ ਸੰਸਾਰ ਦੇ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਦਰਜਾ ਰੱਖਣ ਵਾਲੀ ਇਸਤਰੀ ਦਾ ਜਨਮ ਵੀ ਇਸਤਰੀ ਤੋਂ ਹੀ ਹੁੰਦਾ ਹੈ। ਸੰਸਾਰ ਵਿੱਚ ਕੋਈ ਵੀ ਜੀਵ ਇਸਤਰੀ ਤੋਂ ਬਿਨਾਂ ਪੈਦਾ ਨਹੀਂ ਹੋਇਆ। ਕੇਵਲ ਇਕ ਸੱਚਾ ਪਰਮਾਤਮਾ ਹੀ ਹੈ, ਜੇ ਇਸਤਰੀ ਤੋਂ ਨਹੀਂ ਜੰਮਿਆ। ਭਾਵੇਂ ਕੋਈ ਆਦਮੀ ਹੈ ਜਾਂ ਇਸਤਰੀ, ਜਿਹੜਾ ਵੀ ਆਪਣੇ ਮੂੰਹ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਸੋਭਦੀ ਹੈ। ਅਰਥਾਤ ਉਹ ਮੱਥਾ ਭਾਗਾਂ ਵਾਲਾ ਹੁੰਦਾ ਹੈ ਤੇ ਅਜਿਹੇ ਮੁੱਖ ਹੀ ਉਸ ਸੱਚੇ ਪਰਮਾਤਮਾ ਦੇ ਦਰਬਾਰ ਵਿੱਚ ਸੋਹਣੇ ਲਗਦੇ ਹਨ ।
ਸਾਰ : ‘ਸੋ ਕਿਉ ਮੰਦਾ ਆਖੀਐ’
ਪ੍ਰਸ਼ਨ. ‘ਸੋ ਕਿਉ ਮੰਦਾ ਆਖੀਐ’ ਬਾਣੀ ਦਾ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤਕ ਹਰ ਪੜਾ ਇਸਤਰੀ ਨਾਲ ਜੁੜਿਆ ਹੋਇਆ ਹੈ। ਇਸਤਰੀ ਤੋਂ ਬਾਹਰਾ ਕੇਵਲ ਪਰਮਾਤਮਾ ਹੈ, ਮਨੁੱਖ ਨਹੀਂ। ਰਾਜੇ ਵੀ ਉਸ ਤੋਂ ਹੀ ਜਨਮ ਲੈਂਦੇ ਹਨ, ਇਸ ਕਰਕੇ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ।