ਸੰਖੇਪ ਸਾਰ : ਬੱਸ ਕੰਡਕਟਰ
ਪ੍ਰਸ਼ਨ. ‘ਬੱਸ ਕੰਡਕਟਰ’ ਕਹਾਣੀ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਬਸ ਕੰਡਕਟਰ’ ਕਹਾਣੀ ਡਾ. ਦਲੀਪ ਕੌਰ ਟਿਵਾਣਾ ਦੀ ਰਚਨਾ ਹੈ ਜਿਸ ਵਿੱਚ ਉਸ ਨੇ ਨਿਰਛਲ ਤੇ ਪਵਿੱਤਰ ਪਿਆਰ ਨੂੰ ਮਨੋਵਿਗਿਆਨਿਕ ਢੰਗ ਨਾਲ ਦਰਸਾਇਆ ਹੈ। ਇਹ ਕਹਾਣੀ ਇੱਕ ਸੱਚੇ-ਸੁੱਚੇ ਤੇ ਪਵਿੱਤਰ ਪਿਆਰ ਦੀ ਕਹਾਣੀ ‘ਤੇ ਆਧਾਰਿਤ ਹੈ। ਇਸ ਕਹਾਣੀ ਦਾ ਮੁੱਖ ਪਾਤਰ ਜੀਤ ਜੋ ਕਿ ਇੱਕ ਬਸ ਕੰਡਕਟਰ ਹੈ ਤੇ ਹਰ ਰੋਜ਼ ਸਫ਼ਰ ਕਰਨ ਵਾਲੀ ਲੇਡੀ ਡਾਕਟਰ ਪਾਲੀ ਵਿੱਚ ਉਹ ਆਪਣੀ ਮਰੀ ਹੋਈ ਭੈਣ ਨੂੰ ਵੇਖਦਾ ਹੁੰਦਾ ਸੀ, ਜੋ ਉਸ ਦੇ ਕੋਲੋਂ ਸੰਤਾਲੀ ਦੀ ਵੰਡ ਵੇਲੇ ਵਿਛੜ ਚੁੱਕੀ ਸੀ। ਉਹ ਆਪਣੀ ਮਰੀ ਹੋਈ ਭੈਣ ਦੇ ਨੈਣ-ਨਕਸ਼ ਉਸ ਲੇਡੀ ਡਾਕਟਰ ਵਿੱਚ ਵੇਖਦਾ ਸੀ। ਪਰੰਤੂ ਪਾਲੀ ਨੂੰ ਇਸ ਗੱਲ ਦਾ ਜਰਾ ਵੀ ਅੰਦਾਜ਼ਾ ਨਹੀਂ ਸੀ ਕਿਉਂਕਿ ਜੀਤ ਉਸ ਲੇਡੀ ਡਾਕਟਰ ਦਾ ਬਾਕੀ ਸਵਾਰੀਆਂ ਨਾਲੋਂ ਹਟ ਕੇ ਧਿਆਨ ਰੱਖਦਾ ਸੀ। ਜਿਵੇਂ ਉਸ ਲਈ ਨਿਵੇਕਲੀ ਜਿਹੀ ਸੀਟ ਦਾ ਪ੍ਰਬੰਧ ਕਰਨਾ, ਉਸ ਦੇ ਲੇਟ ਹੋ ਜਾਣ ’ਤੇ ਉਸ ਦੀ ਉਡੀਕ ਕਰਕੇ ਬਸ ਤੋਰਨਾ, ਕਦੀ-ਕਦੀ ਉਸ ਦੇ ਕੋਲੋਂ ਟਿਕਟ ਦੇ ਪੈਸੇ ਨਾ ਲੈਣਾ ਆਦਿ। ਭਾਵੇਂ ਪਾਲੀ ਨੂੰ ਇਸ ਵਿੱਚ ਕੰਡਕਟਰ ਦਾ ਕੋਈ ਸੁਆਰਥ ਲੱਗਦਾ ਸੀ ਪਰ ਉਹ ਉਸ ਨੂੰ ਕੁਝ ਵੀ ਨਹੀਂ ਸੀ ਕਹਿੰਦੀ। ਉਸ ਨੂੰ ਅਜਿਹਾ ਲੱਗਦਾ ਸੀ ਕਿ ਸਵਾਰੀਆਂ ਉਸ ਬਾਰੇ ਕੀ ਸੋਚਦੀਆਂ ਹੋਣਗੀਆਂ। ਇਹ ਭੇਦ ਉਸ ਦਿਨ ਖੁੱਲ ਗਿਆ ਜਿਸ ਦਿਨ ਇੱਕ ਚੈੱਕਰ ਨੇ ਪਾਲੀ ਕੋਲੋਂ ਟਿਕਟ ਮੰਗੀ ਤੇ ਕੰਡਕਟਰ (ਜੀਤ) ਨੇ ਕਿਹਾ ਕਿ ਉਹ ਉਸ ਦੀ ਭੈਣ ਹੈ ਤੇ ਟਿਕਟ ਉਸ ਦੇ ਕੋਲ ਹੈ। ਇਸ ਤਰ੍ਹਾਂ ਪਾਲੀ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ ਤੇ ਉਸ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਪਈ ਤੇ ਸੋਚਣ ਲੱਗੀ ਕਿ ਉਹ ਆਪਣੀ ਭੈਣ ਸਮਝਦਾ ਹੋਇਆ ਉਸ ਨਾਲ ਭੈਣ-ਭਰਾ ਵਾਲਾ ਨਿਰਛਲ ਤੇ ਪਵਿੱਤਰ ਪਿਆਰ ਕਰਦਾ ਹੈ।