ਸਾਂਝੀ ਕੰਧ : ਪ੍ਰਸ਼ਨ – ਉੱਤਰ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਕਹਾਣੀ – ਭਾਗ (ਜਮਾਤ ਨੌਵੀਂ)
ਸਾਂਝੀ ਕੰਧ – ਸੰਤੋਖ ਸਿੰਘ ਧੀਰ
ਪ੍ਰਸ਼ਨ 1. ਪਿੰਡ ਵਿੱਚ ਵਾਪਰੀ ਸਭ ਤੋਂ ਵੱਡੀ ਦੁਰਘਟਨਾ ਕਿਹੜੀ ਸੀ?
ਉੱਤਰ : ਪਿਛਲੇ ਸਾਲ ਦੀਆਂ ਬਾਰਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਭਾਵੇਂ ਪਿੰਡ ਵਿੱਚ ਬਹੁਤ ਸਾਰੇ ਘਰ ਢਹਿ ਗਏ ਸਨ ਪਰ ਕਪੂਰ ਸਿੰਘ ਦਾ ਘਰ ਤਾਂ ਬਹੁਤ ਬੁਰੀ ਤਰ੍ਹਾਂ ਤੇ ਪੂਰਾ ਢਹਿ ਗਿਆ ਸੀ, ਜੋ ਪਿੰਡ ਵਿੱਚ ਵਾਪਰੀ ਸਭ ਤੋਂ ਵੱਡੀ ਦੁਰਘਟਨਾ ਸੀ।
ਪ੍ਰਸ਼ਨ 2. ਕਪੂਰ ਸਿੰਘ ਨੇ ਘਰ ਵਾਸਤੇ ਪੈਸਾ ਕਿੱਥੋਂ ਇਕੱਠਾ ਕੀਤਾ ?
ਉੱਤਰ : ਕਪੂਰ ਸਿੰਘ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਉਸ ਦੀ ਕਬੀਲਦਾਰੀ ਬਹੁਤ ਮੁਸ਼ਕਲ ਨਾਲ ਚਲਦੀ ਸੀ। ਉਸ ਨੇ ਕਰਜ਼ਾ ਲੈਣ ਵਾਸਤੇ ਬਹੁਤ ਧੱਕੇ ਖਾਧੇ ਪਰ ਆਖ਼ਰ ਵਿੱਚ ਉਸ ਨੂੰ ਆਪਣੀ ਦਸ ਵਿਘੇ ਜ਼ਮੀਨ ਗਹਿਣੇ ਧਰਨੀ ਪਈ।
ਪ੍ਰਸ਼ਨ 3. ਕਪੂਰ ਸਿੰਘ ਦੇ ਘਰ ਦੇ ਨਾਲ ਕਿਨ੍ਹਾਂ-ਕਿਨ੍ਹਾਂ ਦੇ ਘਰਾਂ ਦੀ ਸਾਂਝੀ ਕੰਧ ਲੱਗਦੀ ਸੀ?
ਉੱਤਰ : ਕਪੂਰ ਸਿੰਘ ਦੇ ਘਰ ਦੇ ਸਾਹਮਣੇ ਗਲ਼ੀ ਸੀ। ਸੱਜੇ ਪਾਸੇ ਚਾਚੀ ਰਾਮ ਕੌਰ ਦੀ ਕੰਧ ਲੱਗਦੀ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਏਂ ਦੀ ਕੰਧ ਸੀ ਜੋ ਅੱਧੀ ਕੰਧ ਦੇਣ ਲਈ ਮੰਨ ਗਿਆ ਸੀ। ਖੱਬੇ ਪਾਸੇ ਦਰਬਾਰਾ ਸਿੰਘ ਦੀ ਕੰਧ ਸੀ ਅਤੇ ਸਾਰਾ ਝਗੜਾ ਹੀ ਉਸ ਕੰਧ ਦਾ ਸੀ।
ਪ੍ਰਸ਼ਨ 4. ਕਪੂਰ ਸਿੰਘ ਦਰਬਾਰਾ ਸਿੰਘ ਵਾਲ਼ੇ ਪਾਸੇ ਦੀ ਕੰਧ ਪੱਕੀ ਕਿਉਂ ਕਰਵਾਉਣਾ ਚਾਹੁੰਦਾ ਸੀ?
ਉੱਤਰ : ਦਰਬਾਰਾ ਸਿੰਘ ਵਾਲੀ ਕੰਧ ਕੱਚੀ ਸੀ ਅਤੇ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਸੀ। ਕੰਧ ਦੀ ਮਿੱਟੀ ਕਈ ਥਾਵਾਂ ਤੋਂ ਉੱਖੜੀ ਹੋਈ ਸੀ ਅਤੇ ਕਪੂਰ ਸਿੰਘ ਪੂਰਾ ਮਕਾਨ ਹੀ ਨਵਾਂ ਬਣਵਾ ਰਿਹਾ ਸੀ। ਫੇਰ ਉਸ ਨੇ ਕੰਧ ਵੀ ਤਾਂ ਨਵੀਂ ਹੀ ਬਣਾਉਣੀ ਸੀ।
ਪ੍ਰਸ਼ਨ 5. ਕਪੂਰ ਸਿੰਘ ਦਰਬਾਰਾ ਸਿੰਘ ਦੇ ਪਿੱਛੇ-ਪਿੱਛੇ ਕਿੱਥੇ ਗਿਆ ਅਤੇ ਉੱਥੇ ਕੌਣ-ਕੌਣ ਬੈਠੇ ਸਨ?
ਉੱਤਰ : ਕਪੂਰ ਸਿੰਘ ਜਦੋਂ ਕੰਧ ਬਾਰੇ ਗੱਲ ਕਰਨ ਲਈ ਦਰਬਾਰਾ ਸਿੰਘ ਦੇ ਘਰ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਦਰਬਾਰਾ ਸਿੰਘ ਪਟਵਾਰੀ ਕੋਲ ਗਿਆ ਹੈ। ਕਪੂਰ ਸਿੰਘ ਪਿੱਛੇ-ਪਿੱਛੇ ਪਟਵਾਰਖਾਨੇ ਚਲਾ ਗਿਆ। ਉੱਥੇ ਰਾਮ ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ ਤੇ ਇੱਕ ਹੋਰ ਆਦਮੀ ਬੈਠਾ ਸੀ।
ਪ੍ਰਸ਼ਨ 6. ਦਰਬਾਰਾ ਸਿੰਘ ਨੇ ਕੰਧ ਬਣਾਉਣ ਬਾਰੇ ਕਪੂਰ ਸਿੰਘ ਨੂੰ ਕੀ ਕਿਹਾ?
ਉੱਤਰ : ਦਰਬਾਰਾ ਸਿੰਘ ਨੇ ਸਰਪੰਚ ਧੰਮਾ ਸਿੰਘ ਦੀ ਚੁੱਕ ਵਿੱਚ ਆ ਕੇ ਕੰਧ ਬਣਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਉਸ ਨੇ ਸਪਸ਼ਟ ਰੂਪ ਵਿੱਚ ਕਪੂਰ ਸਿੰਘ ਨੂੰ ਕਿਹਾ ਕਿ ਉਸ ਨੂੰ ਕੰਧ ਬਣਾਉਣ ਦੀ ਕੋਈ ਲੋੜ ਨਹੀਂ ਹੈ। ਜੇਕਰ ਕਪੂਰ ਸਿੰਘ ਨੂੰ ਕੰਧ ਬਣਾਉਣੀ ਹੈ ਤਾਂ ਉਹ ਖ਼ੁਦ ਹੀ ਬਣਾ ਲਵੇ।
ਪ੍ਰਸ਼ਨ 7. ਕਪੂਰ ਸਿੰਘ ਨੇ ਦਰਬਾਰਾ ਸਿੰਘ ਨੂੰ ਸਮਝਾਉਣ ਵਾਸਤੇ ਕੀ ਕਿਹਾ?
ਉੱਤਰ : ਕਪੂਰ ਸਿੰਘ ਨੇ ਕਿਹਾ ਕਿ ਉਹ ਦੋਵੇਂ ਭਰਾ ਹੀ ਕਬੀਲਦਾਰ ਹਨ ਅਤੇ ਆਪਸ ਵਿੱਚ ਲੜਦੇ ਹੋਏ ਚੰਗੇ ਨਹੀਂ ਲੱਗਦੇ। ਕੰਧ ਬਣਾਉਣ ਵਿੱਚ ਦੋਹਾਂ ਦਾ ਹੀ ਫ਼ਾਇਦਾ ਹੈ। ਕਪੂਰ ਸਿੰਘ ਨੇ ਦਰਬਾਰਾ ਸਿੰਘ ਨੂੰ ਅੱਧ ਤੋਂ ਵੀ ਘੱਟ ਖ਼ਰਚ ਦੇਣ ਵਾਸਤੇ ਵੀ ਕਿਹਾ ਪਰ ਦਰਬਾਰਾ ਸਿੰਘ ਨਾ ਮੰਨਿਆ।
ਪ੍ਰਸ਼ਨ 8. ਜਦੋਂ ਦਰਬਾਰਾ ਸਿੰਘ ਨੇ ਪੈਸੇ ਨਾ ਹੋਣ ਦਾ ਬਹਾਨਾ ਮਾਰਿਆ ਤਾਂ ਕਪੂਰ ਸਿੰਘ ਨੇ ਕੀ ਕਿਹਾ?
ਉੱਤਰ : ਦਰਬਾਰਾ ਸਿੰਘ ਨੇ ਜਦੋਂ ਬਹਾਨਾ ਮਾਰਿਆ ਕਿ ਉਸ ਕੋਲ ਕੰਧ ਬਣਾਉਣ ਲਈ ਪੈਸੇ ਨਹੀਂ ਹਨ ਤਾਂ ਕਪੂਰ ਸਿੰਘ ਨੇ ਕਿਹਾ, “ਕੋਈ ਗੱਲ ਨਹੀਂ, ਖ਼ਰਚਾ ਮੈਂ ਕਰ ਦਿੰਦਾ ਹਾਂ, ਤੂੰ ਫੇਰ ਦੇ ਦੇਵੀਂ। ਜਦੋਂ ਹੋਣਗੇ ਉਦੋਂ ਦੇ ਦੇਵੀਂ।” ਪਰ ਦਰਬਾਰਾ ਸਿੰਘ ਫਿਰ ਵੀ ਨਹੀਂ ਮੰਨਿਆ।
ਪ੍ਰਸ਼ਨ 9. ਦਰਬਾਰਾ ਸਿੰਘ ਦੀ ਕਿਹੜੀ ਗੱਲ ਸੁਣ ਕੇ ਕਪੂਰ ਸਿੰਘ ਭੜਕ ਗਿਆ ਤੇ ਉਸ ਨੇ ਕੀ ਕਿਹਾ?
ਉੱਤਰ : ਜਦੋਂ ਦਰਬਾਰਾ ਸਿੰਘ ਨੇ ਇਹ ਕਿਹਾ ਕਿ ਉਹ ਤਾਂ ਕਪੂਰ ਸਿੰਘ ‘ਤੇ ਅਰਜ਼ੀ ਦੇਣ ਨੂੰ ਫਿਰਦਾ ਹੈ ਤਾਂ ਇਹ ਗੱਲ ਸੁਣ ਕੇ ਕਪੂਰ ਸਿੰਘ ਵੀ ਭੜਕ ਗਿਆ ਤੇ ਕਹਿਣ ਲੱਗਾ “ਤੂੰ ਲਾ ਲਈ ਜਿਹੜਾ ਜ਼ੋਰ ਲਾਉਣੇ, ਚੱਲ ਮੈਂ ਢਾਹੁਨਾਂ ਕੰਧ ਆ ਹਟਾ ਤੂੰ ਮੈਨੂੰ ।”
ਪ੍ਰਸ਼ਨ 10. ਅਖੀਰ ਕਪੂਰ ਸਿੰਘ ਨੇ ਕੀ ਫੈਸਲਾ ਕੀਤਾ?
ਉੱਤਰ : ਅਖੀਰ ਕਪੂਰ ਸਿੰਘ ਨੇ ਫ਼ੈਸਲਾ ਕੀਤਾ ਕਿ ਉਹ ਮਕਾਨ ਦਾ ਕੰਮ ਸ਼ੁਰੂ ਕਰੇ, ਜਦੋਂ ਕੰਮ ਕੰਧ ਉੱਤੇ ਆ ਜਾਵੇਗਾ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਕੰਮ ਤਾਂ ਕਦੇ ਵੀ ਕੋਈ ਅੜਿਆ ਨਹੀਂ ਰਹਿੰਦਾ।
ਪ੍ਰਸ਼ਨ 11. ਲੋਕਾਂ ਦੇ ਕਹਿਣ ‘ਤੇ ਵੀ ਕਪੂਰ ਸਿੰਘ ਨੇ ਡਿਪਟੀ ਦੇ ਅਰਜ਼ੀ ਕਿਉਂ ਨਹੀਂ ਦਿੱਤੀ?
ਉੱਤਰ : ਲੋਕਾਂ ਨੇ ਤਾਂ ਕਪੂਰ ਸਿੰਘ ਨੂੰ ਬਥੇਰਾ ਕਿਹਾ ਕਿ ਜਾ ਕੇ ਡਿਪਟੀ ਦੇ ਅਰਜ਼ੀ ਦੇ ਆਵੇ ਪਰ ਕਪੂਰ ਸਿੰਘ ਨੇ ਸੋਚਿਆ ਕਿ ਇੰਜ ਮਾਮਲਾ ਸਰਕਾਰੀ ਚੱਕਰਾਂ ਵਿੱਚ ਪੈ ਜਾਣਾ ਸੀ। ਜੇਕਰ ਫ਼ੈਸਲਾ ਨਾ ਹੁੰਦਾ, ਖਬਰੇ ਡਿਪਟੀ ਕੰਮ ਹੀ ਬੰਦ ਕਰਵਾ ਦਿੰਦਾ। ਬੰਦ ਕੰਮ ਦਾ ਕੀ ਭਰੋਸਾ ਸੀ, ਪਤਾ ਨਹੀਂ ਫੇਰ ਕਦੋਂ ਸ਼ੁਰ ਹੁੰਦਾ l?
ਪ੍ਰਸ਼ਨ 12. ਪੰਚਾਇਤ ਵਿੱਚ ਕੀ ਫ਼ੈਸਲਾ ਲਿਆ ਗਿਆ?
ਉੱਤਰ : ਜਦੋਂ ਮਕਾਨ ਦਾ ਕੰਮ ਕੰਧ ਤੱਕ ਆ ਪਹੁੰਚਿਆ ਤੇ ਕਪੂਰ ਸਿੰਘ ਨੇ ਪੰਚਾਇਤ ਬੁਲਾ ਲਈ। ਨਾ-ਨੁੱਕਰ ਕਰਨ ਦੇ ਬਾਵਜੂਦ ਵੀ ਪੰਚਾਇਤ ਨੇ ਦਰਬਾਰਾ ਸਿੰਘ ਨੂੰ ਮਨਾ ਲਿਆ ਅਤੇ ਫ਼ੈਸਲਾ ਕੀਤਾ ਕਿ ਮਜ਼ਦੂਰੀ ਨੂੰ ਛੱਡ ਕੇ ਦਰਬਾਰਾ ਸਿੰਘ ਇੱਟਾਂ ਅਤੇ ਬਾਕੀ ਸਮਾਨ ਦੇ ਅੱਧੇ ਪੈਸੇ ਦੇਵੇਗਾ।
ਪ੍ਰਸ਼ਨ 13. ਕੰਧ ਦੀ ਉਸਾਰੀ ਦੇ ਦੌਰਾਨ ਕਿਹੜੀ ਮਾੜੀ ਘਟਨਾ ਵਾਪਰੀ l?
ਉੱਤਰ : ਕੰਧ ਦੀ ਉਸਾਰੀ ਵੇਲ਼ੇ ਗਰਮਾ-ਗਰਮੀ ਹੋਣ ‘ਤੇ ਦਰਬਾਰਾ ਸਿੰਘ ਨੇ ਕਪੂਰ ਸਿੰਘ ਨੂੰ ਗਾਲ੍ਹ ਕੱਢ ਦਿੱਤੀ। ਕਪੂਰ ਸਿੰਘ ਦੇ ਵੀ ਗੁੱਸੇ ਨਾਲ ਬੋਲਣ ‘ਤੇ ਦਰਬਾਰਾ ਸਿੰਘ ਨੇ ਲਾਠੀ ਨਾਲ ਕਪੂਰ ਸਿੰਘ ਦਾ ਸਿਰ ਭੰਨ ਦਿੱਤਾ। ਇਹ ਵੇਖ ਕੇ ਕਪੂਰ ਸਿੰਘ ਦੇ ਛੋਟੇ ਭਰਾ ਨੇ ਗੰਧਾਲੀ ਚੁੱਕ ਕੇ ਦਰਬਾਰਾ ਸਿੰਘ ਦੀ ਪੁੜਪੁੜੀ ਵਿੱਚ ਮਾਰੀ। ਦੋਵੇਂ ਬੁਰੀ ਤਰ੍ਹਾਂ ਫੱਟੜ ਹੋ ਗਏ।
ਪ੍ਰਸ਼ਨ 14. ਕੰਧ ਦੇ ਬਣ ਜਾਣ ‘ਤੇ ਦੋਹਾਂ ਪਰਿਵਾਰਾਂ ਦੇ ਰਿਸ਼ਤੇ ਕਿਹੋ ਜਿਹੇ ਹੋ ਗਏ ਸਨ?
ਉੱਤਰ : ਕੰਧ ਤਾਂ ਉਹੋ ਜਿਹੀ ਬਣ ਗਈ ਜਿਹੋ-ਜਿਹੀ ਚਾਹੀਦੀ ਸੀ ਪਰ ਜਿਹੜੀ ਗੱਲ ਦਾ ਡਰ ਸੀ ਉਹੀ ਗੱਲ
ਹੋਈ। ਦੋਵੇਂ ਧਿਰ ਜੇਲ ਗਏ ਤੇ ਜ਼ਮਾਨਤ ਦੇ ਕੇ ਛੁੱਟੇ। ਦਿਲਾਂ ਵਿੱਚ ਪਾੜ ਅਤੇ ਆਪਸੀ ਫੁੱਟ ਪੈ ਗਈ। ਆਪਸ ਵਿੱਚ ਪੁਸ਼ਤਾਂ ਲਈ ਵੈਰ ਪੈ ਗਿਆ।
ਪ੍ਰਸ਼ਨ 15. ਚਾਚੀ ਰਾਮ ਕੌਰ ਨੇ ਕਪੂਰ ਸਿੰਘ ਨੂੰ ਕੀ ਸਮਝਾਇਆ?
ਉੱਤਰ : ਚਾਚੀ ਰਾਮ ਕੌਰ ਨੇ ਕਪੂਰ ਸਿੰਘ ਨੂੰ ਦੱਸਿਆ ਕਿ ਦਰਬਾਰਾ ਸਿੰਘ ਨੂੰ ਨਿਮੂਨੀਆ ਹੋ ਗਿਆ ਹੈ। ਉਸ ਨੇ ਕਪੂਰ ਸਿੰਘ ਨੂੰ ਸਮਝਾਇਆ ਕਿ ਉਹ ਦਰਬਾਰਾ ਸਿੰਘ ਨੂੰ ਜਾ ਕੇ ਮਿਲੇ ਕਿਉਂਕਿ ਮੁਸੀਬਤ ਵੇਲੇ ਆਪਣੇ ਹੀ ਆਪਣਿਆਂ ਦੇ ਕੰਮ ਆਉਂਦੇ ਹਨ।
ਪ੍ਰਸ਼ਨ 16. ਦਰਬਾਰਾ ਸਿੰਘ ਦੀ ਹਾਲਤ ਕਿਹੋ ਜਿਹੀ ਹੋ ਗਈ ਸੀ?
ਉੱਤਰ : ਕਪੂਰ ਸਿੰਘ ਨੇ ਵੇਖਿਆ ਕਿ ਦਰਬਾਰਾ ਸਿੰਘ ਤਾਂ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਚੁੱਕਾ ਸੀ। ਉਸ ਦਾ ਕਾਲਾ ਪੈ ਚੁੱਕਾ ਸੀ ਅਤੇ ਅੱਖਾਂ ਅੰਦਰ ਨੂੰ ਧੱਸ ਗਈਆਂ ਸਨ। ਉਸ ਦਾ ਹਾਲ ਵੇਖ ਕੇ ਕਪੂਰ ਸਿੰਘ ਨੂੰ ਬਹੁਤ ਦੁੱਖ ਅਤੇ ਹੈਰਾਨੀ ਹੋਈ।
ਪ੍ਰਸ਼ਨ 17. ਦਰਬਾਰਾ ਸਿੰਘ ਦਾ ਇਲਾਜ ਕਿੱਥੋਂ ਚਲ ਰਿਹਾ ਸੀ?
ਉੱਤਰ : ਦਰਬਾਰਾ ਸਿੰਘ ਦੇ ਘਰ ਦੇ ਹਾਲਾਤ ਬਹੁਤ ਮਾੜੇ ਸਨ। ਰੁਪਏ-ਪੈਸੇ ਦੀ ਕਮੀ ਹੋਣ ਕਰ ਕੇ ਦਰਬਾਰਾ ਸਿੰਘ ਦਾ ਇਲਾਜ ਘਰ ਵਿੱਚ ਹੀ ਚਲ ਰਿਹਾ ਸੀ। ਉਹਨਾਂ ਕੋਲ ਕਿਸੇ ਵੀ ਡਾਕਟਰ ਕੋਲ ਜਾਣ ਲਈ ਪੈਸੇ ਨਹੀਂ ਸਨ।
ਪ੍ਰਸ਼ਨ 18. ਕਪੂਰ ਸਿੰਘ ਨੇ ਦਰਬਾਰਾ ਸਿੰਘ ਦੇ ਇਲਾਜ ਵਾਸਤੇ ਕੀ ਕੀਤਾ?
ਉੱਤਰ : ਕਪੂਰ ਸਿੰਘ ਤੋਂ ਕੀ ਲੁਕਿਆ ਸੀ। ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ। ਕਪੂਰ ਸਿੰਘ ਨੇ ਦਸ ਰੁਪਏ ਦਾ ਨੋਟ ਕੱਢ ਕੇ ਦਰਬਾਰਾ ਸਿੰਘ ਦੀ ਜੇਬ ਵਿੱਚ ਪਾ ਦਿੱਤਾ ਅਤੇ ਕਿਹਾ, “ਮੈਂ ਜਾ ਕੇ ਮੰਡੀਓਂ ਡਾਕਟਰ ਭੇਜਦਾਂ।”
ਪ੍ਰਸ਼ਨ 19. ਦਰਬਾਰਾ ਸਿੰਘ ਨੇ ਕਪੂਰ ਸਿੰਘ ਤੋਂ ਕਿਸ ਬਾਰੇ ਸਲਾਹ ਮੰਗੀ?
ਉੱਤਰ : ਛੋਟੀ ਜਿਹੀ ਮੁਲਾਕਾਤ ਨਾਲ ਹੀ ਦੋਹਾਂ ਵਿਚਾਲੇ ਦਾ ਵੈਰ ਖ਼ਤਮ ਹੋ ਗਿਆ ਅਤੇ ਅਪਣੱਤ ਜਾਗ ਪਈ। ਦਰਬਾਰੇ ਨੇ ਕਪੂਰ ਸਿੰਘ ਤੋਂ ਪੁੱਛਿਆ ਕਿ ਕੀ ਉਹ ਆਪਣੀ ਕੁੜੀ ਦਾ ਵਿਆਹ ਹਾੜ੍ਹ ਮਹੀਨੇ ‘ਚ ਰੱਖ ਦੇਵੇ? ਜਵਾਬ ਵਿੱਚ ਕਪੂਰ ਸਿੰਘ ਨੇ ਵੀ ਹਾਮੀ ਭਰ ਦਿੱਤੀ।
ਪ੍ਰਸ਼ਨ 20. ਦਰਬਾਰਾ ਸਿੰਘ ਕਿਉਂ ਰੋਣ ਲੱਗ ਪਿਆ?
ਉੱਤਰ : ਕਪੂਰ ਸਿੰਘ ਦੀ ਅਪਣੱਤ ਵੇਖ ਕੇ ਦਰਬਾਰਾ ਸਿੰਘ ਦਾ ਮਨ ਭਰ ਆਇਆ ਤੇ ਉਹ ਕਪੂਰ ਸਿੰਘ ਦਾ ਹੱਥ ਫੜ ਕੇ ਕਹਿਣ ਲੱਗਾ – “ਬਾਈ! ਤੇਰੇ ਬਿਨਾਂ ਮੈਂ ਕਾਹਦੇ ਜੋਗਾ…..।” ਦੋਵੇਂ ਭਰਾ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਰੋਣ ਲੱਗ ਪਏ।