ਅਣਡਿੱਠਾ ਪੈਰਾ : ਐਂਗਲੋ ਸਿੱਖ ਸੰਬੰਧ
ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਇਸ ਉਦੇਸ਼ ਨਾਲ ਉਨ੍ਹਾਂ ਨੇ 1806 ਈ. ਤੇ 1807 ਈ. ਵਿਚ ਦੋ ਵਾਰ ਮਾਲਵਾ ਦੇ ਪ੍ਰਦੇਸ਼ਾ ‘ਤੇ ਹਮਲੇ ਕੀਤੇ। ਉਨ੍ਹਾਂ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਕਈ ਸ਼ਾਸਕਾਂ ਤੋਂ ਨਜ਼ਰਾਨਾ ਵਸੂਲ ਕੀਤਾ।
ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਦੀ ਮੰਗ ਕੀਤੀ। ਕਿਉਂਕਿ ਇਸ ਸਮੇਂ ਨੈਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਖ਼ਤਰਾ ਵੱਧ ਗਿਆ ਸੀ, ਇਸ ਲਈ ਅੰਗਰੇਜ਼ ਮਾਲਵਾ ਦੇ ਸਰਦਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ। ਪਰ ਸਤੰਬਰ, 1808 ਈ. ਵਿਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫ਼ਲ ਰਹੀ।
ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿਚ ਮਾਲਵਾ ‘ਤੇ ਤੀਸਰੀ ਵਾਰ ਹਮਲਾ ਕਰਕੇ ਕੁੱਝ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਉਨ੍ਹਾਂ ਤੋਂ ਨਜ਼ਰਾਨਾ ਵਸੂਲ ਕੀਤਾ। ਇਸ ਸਮੇਂ ਨੈਪੋਲੀਅਨ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ। ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸਿੱਟੇ ਵਜੋਂ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ।
ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਕਦੋਂ ਅਤੇ ਕਿਉਂ ਹਮਲਾ ਕੀਤਾ?
ਉੱਤਰ : (i) ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ 1806, 1807 ਅਤੇ 1808 ਈ. ਵਿੱਚ ਹਮਲੇ ਕੀਤੇ।
(ii) ਇਨ੍ਹਾਂ ਹਮਲਿਆਂ ਦੇ ਉਦੇਸ਼ ਵਜੋਂ ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਲਾਉਣਾ ਅਧੀਨ ਲਿਆਉਣਾ ਚਾਹੁੰਦੇ ਸਨ।
ਪ੍ਰਸ਼ਨ 2. ਨਜ਼ਰਾਨਾ ਤੋਂ ਕੀ ਭਾਵ ਹੈ?
ਉੱਤਰ : ਨਜ਼ਰਾਨਾ ਤੋਂ ਭਾਵ ਹੈ ਮਹਾਰਾਜਾ ਨੂੰ ਦਿੱਤੇ ਜਾਣ ਵਾਲੇ ਤੋਹਫ਼ੇ।
ਪ੍ਰਸ਼ਨ 3. ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਦੀ ਮੰਗ ਕਿਉਂ ਕੀਤੀ?
ਉੱਤਰ : ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਇਸ ਲਈ ਮੰਗੀ ਕਿਉਂਕਿ ਉਨ੍ਹਾਂ ਨੂੰ ਖ਼ਤਰਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੀਆਂ ਰਿਆਸਤਾਂ ‘ਤੇ ਕਬਜ਼ਾ ਕਰ ਲੈਣਗੇ।
ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਕੀ ਸੰਧੀ ਕਦੋਂ ਹੋਈ?
ਉੱਤਰ : ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ 25 ਅਪਰੈਲ, 1809 ਈ. ਨੂੰ ਹੋਈ ਸੀ।