ਅਣਡਿੱਠਾ ਪੈਰਾ : ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ
ਅਹਿਮਦ ਸ਼ਾਹ ਅਬਦਾਲੀ ਜਨਵਰੀ, 1757 ਈ. ਵਿੱਚ ਦਿੱਲੀ ਪਹੁੰਚਿਆ। ਦਿੱਲੀ ਪਹੁੰਚਣ ‘ਤੇ ਅਬਦਾਲੀ ਦਾ ਕਿਸੇ ਨੇ ਵੀ ਵਿਰੋਧ ਨਾ ਕੀਤਾ। ਦਿੱਲੀ ਵਿੱਚ ਅਬਦਾਲੀ ਨੇ ਭਾਰੀ ਲੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੇ ਮਥੁਰਾ ਅਤੇ ਬ੍ਰਿੰਦਾਬਨ ਨੂੰ ਵੀ ਲੁੱਟਿਆ। ਇਸ ਤੋਂ ਬਾਅਦ ਉਹ ਆਗਰੇ ਵੱਲ ਵਧਿਆ ਪਰ ਫ਼ੌਜ ਵਿੱਚ ਹੈਜ਼ਾ ਫੈਲ ਜਾਣ ਕਾਰਨ ਉਸ ਨੇ ਵਾਪਸ ਕਾਬਲ ਜਾਣ ਦਾ ਫੈਸਲਾ ਕੀਤਾ।
ਪੰਜਾਬ ਪਹੁੰਚਣ ‘ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦਾਲੀ ਨੇ ਤੈਮੂਰ ਸ਼ਾਹ ਨੂੰ ਇਹ ਆਦੇਸ਼ ਦਿੱਤਾ ਕਿ ਸਿੱਖਾਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਲਈ ਚੰਗਾ ਸਬਕ ਸਿਖਾਵੇ। ਤੈਮੂਰ ਸ਼ਾਹ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜਹਾਨ ਖ਼ਾਂ ਦੀ ਅਗਵਾਈ ਹੇਠ ਕੁਝ ਫ਼ੌਜ ਅੰਮ੍ਰਿਤਸਰ ਵੱਲ ਭੇਜੀ।
ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਸਿੱਖਾਂ ਦੇ ਨੇਤਾ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ, ਪਰ ਉਹ ਆਪਣਾ ਸੀਸ ਹਥੇਲੀ ‘ਤੇ ਰੱਖ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ। ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਪਹੁੰਚ ਕੇ ਆਪਣੇ ਸੁਆਸ ਤਿਆਗੇ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ 11 ਨਵੰਬਰ, 1757 ਈ. ਨੂੰ ਸ਼ਹੀਦ ਹੋਏ। ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਭਰਿਆ।
ਪ੍ਰਸ਼ਨ 1. ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਭਾਰਤ ਦੇ ਕਿਹੜੇ ਸ਼ਹਿਰਾਂ ਵਿੱਚ ਲੁੱਟ ਮਾਰ ਕੀਤੀ?
ਉੱਤਰ : ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਭਾਰਤ ਦੇ ਦਿੱਲੀ, ਮਥੁਰਾ, ਬ੍ਰਿੰਦਾਬਨ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਲੁੱਟਮਾਰ ਕੀਤੀ।
ਪ੍ਰਸ਼ਨ 2. ਅਹਿਮਦ ਸ਼ਾਹ ਅਬਦਾਲੀ ਆਗਰੇ ਤੋਂ ਵਾਪਸ ਕਿਉਂ ਮੁੜਿਆ?
ਉੱਤਰ : ਅਹਿਮਦ ਸ਼ਾਹ ਅਬਦਾਲੀ ਆਗਰੇ ਤੋਂ ਇਸ ਲਈ ਮੁੜਿਆ ਕਿਉਂਕਿ ਉਸ ਸਮੇਂ ਉੱਥੇ ਹੈਜ਼ਾ ਫੈਲਿਆ ਹੋਇਆ ਸੀ।
ਪ੍ਰਸ਼ਨ 3. ਤੈਮੂਰ ਸ਼ਾਹ ਕੌਣ ਸੀ?
ਉੱਤਰ : (i) ਤੈਮੂਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਸੀ।
(ii) ਅਬਦਾਲੀ ਨੇ ਉਸ ਨੂੰ 1757 ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ।
ਪ੍ਰਸ਼ਨ 4. ਬਾਬਾ ਦੀਪ ਸਿੰਘ ਜੀ ਕਦੋਂ ਅਤੇ ਕਿੱਥੇ ਸ਼ਹੀਦ ਹੋਏ?
ਉੱਤਰ : ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ 1757 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ।