CBSEComprehension PassageEducationਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਬੰਦਾ ਸਿੰਘ ਬਹਾਦਰ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:


ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ। ਉਸ ਦਾ ਪਿਤਾ ਇੱਕ ਸਾਧਾਰਨ ਕਿਸਾਨ ਸੀ। ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ। ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ।

ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ। ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ। ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਮਾਧੋ ਦਾਸ ਨੰਦੇੜ ਵਿਖੇ ਆ ਗਿਆ।

ਨੰਦੇੜ ਵਿਖੇ ਹੀ 1708 ਈ. ਵਿੱਚ ਉਸ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਇਸ ਮੁਲਾਕਾਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ।

ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਬੰਦਾ (ਦਾਸ ) ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ।


ਪ੍ਰਸ਼ਨ 1. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ?

ਉੱਤਰ : ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ।

ਪ੍ਰਸ਼ਨ 2. ਬੰਦਾ ਸਿੰਘ ਬਹਾਦਰ ਦੇ ਦਿਲ ‘ਤੇ ਕਿਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ?

ਉੱਤਰ : ਬੰਦਾ ਸਿੰਘ ਬਹਾਦਰ ਦੁਆਰਾ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕਰਨ ਕਾਰਨ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ।

ਪ੍ਰਸ਼ਨ 3. ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਨੰਦੇੜ ਵਿਖੇ ਹੋਈ।

ਪ੍ਰਸ਼ਨ 4. ਬੰਦਾ ਬੈਰਾਗੀ ਸਿੱਖ ਕਿਵੇਂ ਬਣਿਆ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣਿਆ।