ਲੇਖ : ਪੰਜਾਬ ਵਿੱਚ ਪ੍ਰਦੂਸ਼ਨ
ਉਦਯੋਗਿਕ ਤੇ ਆਵਾਜਾਈ ਸਾਧਨਾਂ ਰਾਹੀਂ ਪ੍ਰਦੂਸ਼ਨ
ਪ੍ਰਦੂਸ਼ਨ ਦੀਆਂ ਕਈ ਕਿਸਮਾਂ ਹਨ, ਆਵਾਜਾਈ ਦੇ ਸਾਧਨਾਂ ਰਾਹੀਂ ਤੇ ਉਦਯੋਗਾਂ ਰਾਹੀਂ ਪ੍ਰਦੂਸ਼ਨ ਪੈਦਾ ਹੋ ਰਿਹਾ ਹੈ। ਇਹ ਅਜਿਹੀ ਸਮੱਸਿਆ ਹੈ, ਜਿਸਦਾ ਕੋਈ ਹਲ ਨਹੀਂ ਲੱਭ ਰਿਹਾ, ਕਿਉਂਕਿ ਮਨੁੱਖ ਦਾ ਵਿਕਾਸ ਉਦਯੋਗ ਤੇ ਆਵਾਜਾਈ ਦੇ ਸਾਧਨਾਂ ਨਾਲ ਜੁੜਿਆ ਹੋਇਆ ਹੈ। ਲੱਖਾਂ ਲੋਕ ਰੋਜ਼ ਬੱਸਾਂ, ਟੈਂਪੂ, ਟਰਾਲੀਆਂ, ਕਾਰਾਂ, ਟਰੱਕਾਂ ਵਿੱਚ ਸਫ਼ਰ ਕਰਦੇ ਹਨ, ਜਿਸ ਨਾਲ ਧੂੰਆਂ ਪੈਦਾ ਹੁੰਦਾ ਹੈ। ਹਰ ਉਦਯੋਗਿਕ ਇਕਾਈ ਵਿੱਚੋਂ ਚਿਮਨੀ ਰਾਹੀਂ ਧੂੰਆਂ ਨਿਕਲਦਾ ਹੈ। ਵਸੋਂ ਹੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਮਨੁੱਖ ਕੋਈ ਨਾ ਕੋਈ ਸਾਧਨ ਅਪਨਾਉਣ ਲਈ ਮਜ਼ਬੂਰ ਹੋ ਗਿਆ ਹੈ, ਪੈਦਲ ਜਾਣ ਲਈ ਕੋਈ ਰਾਹ ਨਹੀਂ, ਇਹ ਰਾਹ ਪੈਦਲ ਵਾਲਿਆਂ ਲਈ ਵੱਖਰੇ ਹੋਣੇ ਚਾਹੀਦੇ ਹਨ, ਪਰ ਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਬਾਜ਼ਾਰਾਂ ਵਿੱਚ ਪੈਦਲ ਚੱਲਣ ਵਾਲਿਆਂ ਲਈ ਕੋਈ ਸਥਾਨ ਨਹੀਂ ਹੁੰਦਾ, ਲੋਕ ਦੁਕਾਨਾਂ ਸਾਹਮਣੇ ਵੀ ਆਪਣੇ ਚਲਣ ਵਾਲੇ ਸਾਧਨ ਖੜ੍ਹੇ ਕਰਦੇ ਹਨ, ਤੇ ਕਈ ਵਾਰ ਤਾਂ ਇਨ੍ਹਾਂ ਸਾਧਨਾਂ ਨੂੰ ਬੰਦ ਵੀ ਨਹੀਂ ਕਰਦੇ, ਧੂੰਆਂ ਉੱਡਦਾ ਹੀ ਰਹਿੰਦਾ ਹੈ। ਜਿੱਥੇ ਬਾਜ਼ਾਰ ਵਿੱਚ ਲੋਕਾਂ ਦਾ ਵਧੇਰੇ ਰਸ਼ ਹੋ ਜਾਂਦਾ ਹੈ ਤਾਂ ਲਗਾਤਾਰ ਇਹ ਸਾਧਨ ਧੀਮੀ ਚਾਲ ਨਾਲ ਚਲਦੇ ਹਨ, ਇਨ੍ਹਾਂ ਵਿੱਚੋਂ ਧੂੰਆਂ ਸਦਾ ਹੀ ਮੱਠੀ ਚਾਲ ਹੁੰਦਿਆਂ ਚਲਦਾ ਰਹਿੰਦਾ ਹੈ ਤੇ ਘਣੇ ਬਾਜ਼ਾਰਾਂ ਵਿੱਚ ਤਾਂ ਇਵੇਂ ਲੱਗਦਾ ਹੈ, ਕਿ ਧੂੰਏਂ ਦਾ ਗੁਬਾਰ ਜਿਹਾ ਬਣ ਗਿਆ ਹੋਵੇ ਤੇ ਸਾਹ ਲੈਣਾ ਵੀ ਮੁਸ਼ਕਲ ਜਾਪਦਾ ਹੈ।
ਘਣੇ ਆਬਾਦੀ ਵਾਲੇ ਸਨਅਤੀ ਸ਼ਹਿਰਾਂ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਕਾਰਪੋਰੇਸ਼ਨਾਂ ਜਾਂ ਕਮੇਟੀਆਂ ਦੀ ਮਦਦ ਨਾਲ ਸ਼ਹਿਰਾਂ ਵਿੱਚ ਪਹਿਲਾਂ ਸਸਤੇ ਦਰਾਂ ਤੇ ਪਾਰਕਿੰਗ ਸਥਾਨਾਂ ਦਾ ਪ੍ਰਬੰਧ ਕਰੇ। ਦੁਕਾਨਾਂ ਵਾਲੇ ਜਦੋਂ ਆਪਣੇ ਆਵਾਜਾਈ ਦੇ ਸਾਧਨ ਵੀ ਆਪਣੀ ਦੁਕਾਨ ਅੱਗੇ ਖੜ੍ਹੇ ਕਰਦੇ ਹਨ ਤਾਂ ਲੋਕ ਵੀ ਆਪਣੇ ਵਾਹਨ ਨਾਲ ਲੈ ਜਾਂਦੇ ਹਨ, ਆਮ ਪਬਲਿਕ ਵੀ ਤੁਰੀ ਫਿਰਦੀ ਹੈ, ਰੇਹੜੀਆਂ, ਵਾਲੇ ਆਪਣੀ ਜਗ੍ਹਾ ਬਣਾ ਲੈਂਦੇ ਹਨ, ਫਿਰ ਆਵਾਜਾਈ ਦੇ ਸਾਧਨਾਂ ਨੂੰ ਬਾਹਰ ਨਿਕਲਣ ਦਾ ਰਸਤਾ ਹੀ ਕਿਹੜਾ ਮਿਲਦਾ ਹੈ। ਟ੍ਰੈਫਿਕ ਕੰਟ੍ਰੋਲ ਕਰਨ ਲਈ ਜ਼ਿੰਮੇਵਾਰ ਕਰਮਚਾਰੀਆਂ ਦੀ ਡਿਊਟੀ ਲਾਉਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਕੰਮ ਦੀ ਵੀ ਪੂਰੀ ਤਰ੍ਹਾਂ ਨਿਗਰਾਨੀ ਕਰਦੀ ਚਾਹੀਦੀ ਹੈ। ਜਦੋਂ ਪੂਰੀ ਤਰ੍ਹਾਂ ਪਾਰਕਿੰਗ ਸਥਾਨ ਨਿਰਧਾਰਿਤ ਕੀਤੇ ਜਾਣਗੇ ਤਾਂ ਆਵਾਜਾਈ ਦੇ ਸਾਧਨਾਂ ਤੇ ਕੁੱਝ ਠੱਲ੍ਹ ਪਾਈ ਜਾ ਸਕੇਗੀ ਤੇ ਸਨਅਤੀ ਤੇ ਘਣੀ ਆਬਾਦੀ ਵਾਲੇ ਸ਼ਹਿਰਾ ਵਿੱਚ ਪ੍ਰਦੂਸ਼ਨ ਜ਼ਰੂਰ ਘਟੇਗਾ।
ਸਨਅਤੀ ਸ਼ਹਿਰਾਂ ਵਿੱਚ ਜਿੱਥੇ ਬਹੁਤ ਘਣੀ ਆਬਾਦੀ ਹੁੰਦੀ ਹੈ, ਉਨ੍ਹਾਂ ਥਾਵਾਂ ਤੇ ਵਿਸ਼ੇਸ਼ ਕਰਕੇ ਜਦੋਂ ਕੋਈ ਅਦਾਰਾ ਸਕੂਲ, ਕਾਲਜ, ਜਾਂ ਕੋਈ ਵੱਡਾ ਸਨਅਤੀ ਅਦਾਰਾ, ਦਫ਼ਤਰ ਆਦਿ ਖੋਲ੍ਹਿਆ ਜਾਵੇ ਤਾਂ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਇਨ੍ਹਾਂ ਥਾਵਾਂ ਤੇ ਪਹਿਲਾਂ ਪਾਰਕਿੰਗ ਲਈ ਕੋਈ ਥਾਂ ਰਾਖਵੀਂ ਰੱਖੀ ਹੋਈ ਹੈ, ਜੇ ਅਜਿਹਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਹੈ ਤਾਂ ਸਰਕਾਰ ਅਜਿਹੇ ਅਦਾਰੇ ਚਲਣ ਦੀ ਇਜਾਜ਼ਤ ਹੀ ਨਾ ਦੇਵੇ। ਦੇਖਿਆ ਗਿਆ ਹੈ ਕਿ ਲੁਧਿਆਣੇ ਵਰਗੇ ਸ਼ਹਿਰ ਵਿੱਚ ਅਨੇਕਾਂ ਸਕੂਲ ਕਾਲਜ ਸ਼ਹਿਰ ਦੀਆਂ ਘਣੀ ਥਾਂਵਾਂ ਤੇ ਹੀ ਚਲਦੇ ਹਨ, ਜਿਹੜੇ ਇਨ੍ਹਾਂ ਸੰਸਥਾਵਾਂ ਦੇ ਸਾਹਮਣੇ ਹੀ ਸੜਕਾਂ ਤੇ ਆਵਾਜਾਈ ਦੇ ਸਾਧਨ ਆਉਂਦੇ ਹਨ, ਰਸ਼ ਕਰਦੇ ਹਨ, ਧੂੰਆਂ ਉਡਾਂਦੇ ਰਹਿੰਦੇ ਹਨ। ਇੱਕ ਤਾਂ ਇਸ ਨਾਲ ਟ੍ਰੈਫਿਕ ਜਾਮ ਹੋਣ ਦੀ ਸਮੱਸਿਆ ਸਾਡੇ ਸਾਹਮਣੇ ਆਉਂਦੀ ਹੈ, ਦੂਸਰਾ ਇਸ ਨਾਲ ਪ੍ਰਦੂਸ਼ਨ ਵਿੱਚ ਬੇਹਿਸਾਬਾ ਵਾਧਾ ਹੁੰਦਾ ਹੈ। ਇਸ ਤਰ੍ਹਾਂ ਦੇ ਹੋਰ ਕਈ ਸਥਾਨ ਤੇ ਕਈ ਪੂਜਾ ਸੰਸਥਾਨ, ਜਾਂ ਵਕਤੀ ਤੌਰ ਤੇ ਕਰਾਏ ਗਏ ਇੱਕਠ ਆਵਾਜਾਈ ਦੇ ਸਾਧਨਾਂ ਤੇ ਕੋਈ ਕਾਬੂ ਨਹੀਂ ਰੱਖ ਸਕਦੇ। ਉਨ੍ਹਾਂ ਆਵਾਜਾਈ ਦੇ ਸਾਧਨਾਂ ਵਿੱਚ ਪੈਟਰੋਲ ਡੀਜ਼ਲ ਆਦਿ ਦਾ ਧੂੰਆਂ ਨਿਰੰਤਰ ਚਲਦਾ ਰਹਿੰਦਾ ਹੈ, ਜਿਸ ਨਾਲ ਪ੍ਰਦੂਸ਼ਨ ਦੀ ਸਮੱਸਿਆ ਹੋਰ ਵੀ ਦੀਰਘ ਹੋ ਜਾਂਦੀ ਹੈ। ਸਰਕਾਰ ਵਲੋਂ ਪਹਿਲਾਂ ਹੀ ਸਮੇਂ ਅਨੁਸਾਰ ਇਸ ਦੀਆਂ ਹਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਇਸ ਪ੍ਰਬੰਧ ਲਈ ਬਣਾਏ ਗਏ ਪਾਰਕਿੰਗ ਸਥਾਨਾਂ ਤੇ ਇਹ ਸਾਧਨ ਖੜ੍ਹੇ ਕੀਤੇ ਜਾਣ। ਜੇ ਇਨ੍ਹਾਂ ਹਦਾਇਤਾਂ ਦੀ ਕੋਈ ਪਾਲਣਾ ਨਹੀਂ ਕਰਦਾ ਤੇ ਇਨ੍ਹਾਂ ਸਾਧਨਾਂ ਨੂੰ ਖੜ੍ਹੇ ਗਲਤੀ ਨਾਲ ਰੱਖਦਾ ਹੈ ਤਾਂ ਪਹਿਲਾਂ ਤਾਂ ਉਨ੍ਹਾਂ ਦਾ ਚਲਾਨ ਆਦਿ ਕਰਨਾ ਚਾਹੀਦਾ ਹੈ, ਜਾਂ ਫਿਰ ਲੋੜ ਆਉਣ ਤੇ ਆਪਣੀਆਂ ਕਰੇਨਾਂ ਨਾਲ ਉਹ ਆਵਾਜਾਈ ਦੇ ਸਾਧਨ ਚੁੱਕ ਲੈਣੇ ਚਾਹੀਦੇ ਹਨ ਤੇ ਪੂਰੀ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦੇ ਹੋਏ ਤੇ ਲੋੜੀਂਦਾ ਦੰਡ ਲਗਾ ਕੇ ਇਹ ਵਾਪਸ ਕਰਨੇ ਚਾਹੀਦੇ ਹਨ।
ਕੋਈ ਹੋਰ ਥਾਂਵਾਂ, ਜਿੱਥੇ ਆਵਾਜਾਈ ਦੇ ਸਾਧਨ ਵਧੇਰੇ ਚਲਣ ਦੇ ਆਸਾਰ ਹੁੰਦੇ ਹਨ, ਉੱਥੇ ਲੋੜ ਅਨੁਸਾਰ ਮਾਹਿਰਾਂ ਦੀ ਸਹਾਇਤਾ ਨਾਲ ਆਵਾਜਾਈ ਦੇ ਸਾਧਨਾਂ ਦੀ ਚਲਣ ਦੀ ਗਤੀ ਨਿਰਧਾਰਿਤ ਕਰਨੀ ਚਾਹੀਦੀ ਹੈ, ਤੇ ਵੱਖੋ – ਵੱਖਰੀਆਂ ਮਹੱਤਵਪੂਰਣ ਥਾਂਵਾਂ ਤੇ ਇਨ੍ਹਾਂ ਦੀ ਸਪੀਡ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਤੇਜ਼ ਸਪੀਡ ਨਾਲ ਇੱਕ ਤਾਂ ਜਾਨਲੇਵਾ ਹਾਦਸੇ ਹੁੰਦੇ ਹਨ, ਦੂਸਰਾ ਡੀਜ਼ਲ ਤੇ ਪੈਟਰੋਲ ਦੀ ਵਧੇਰੇ ਖੱਪਤ ਹੁੰਦੀ ਹੈ, ਤੇ ਪ੍ਰਦੂਸ਼ਨ ਵਿੱਚ ਬੇਲੋੜਾ ਵਾਧਾ ਹੁੰਦਾ ਹੈ। ਧੀਮੀ ਗਤੀ ਨਾਲ ਚੱਲਣ ਵਾਲੇ ਸਾਧਨ ਤੇ ਮਨੁੱਖ ਚਾਲਕ ਰਾਹੀਂ ਰਿਕਸ਼ਾ, ਸਾਇਕਲ ਆਦਿ ਦੇ ਚਲਣ ਦਾ ਜਿੱਥੋਂ ਤੱਕ ਹੋ ਸਕੇ, ਵੱਖਰਾ ਰਸਤਾ ਬਣਾਉਣਾ ਚਾਹੀਦਾ ਹੈ।
ਅੱਜ ਕੱਲ੍ਹ ਵੱਡੇ ਸਨਅਤੀ ਸ਼ਹਿਰਾਂ ਵਿੱਚ ਵੇਖਣ ਵਿੱਚ ਆਉਂਦਾ ਹੈ ਕਿ ਕੇਬਲ ਤੇ ਮੋਬਾਈਲ ਸੇਵਾਵਾਂ ਵਿੱਚ ਇੰਨੀ ਮੁਕਾਬਲੇ ਦੀ ਦੌੜ ਵਧ ਗਈ ਹੈ ਕਿ ਉਹ ਆਪਣੀਆਂ ਤਾਰਾਂ ਸੜਕਾਂ ਨੂੰ ਤੋੜ ਕੇ ਵਛਾਉਂਦੇ ਰਹਿੰਦੇ ਹਨ। ਕਦੇ ਇਹ ਸੜਕਾਂ ਨੂੰ ਤੋੜਨ ਵਾਲੇ ਬਿਜਲੀ ਬੋਰਡ ਦੇ ਕਰਮਚਾਰੀ ਹੁੰਦੇ ਹਨ, ਕਦੇ ਪੀ. ਡਬਲਉ. ਡੀ.(PWD), ਕਦੇ ਕਮੇਟੀ ਵਾਲੇ ਜਾਂ ਕੋਈ ਕੇਬਲ ਮੋਬਾਈਲ ਵਾਲੇ ਹੁੰਦੇ ਹਨ। ਇਨ੍ਹਾਂ ਸਾਰਿਆਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ, ਲੋਕਾਂ ਦੇ ਲੰਘਣ ਦੇ ਰਸਤੇ ਤੰਗ ਹੁੰਦੇ ਹਨ, ਆਵਾਜਾਈ ਦੇ ਸਾਧਨ ਇੱਕ ਥਾਂ ਤੇ ਇੱਕਠੇ ਹੋਣੇ ਸ਼ੁਰੂ ਹੋ ਕੇ ਧੂੰਆਂ ਉਡਾਂਦੇ ਹੋਏ ਪ੍ਰਦੂਸ਼ਨ ਵਿੱਚ ਬੇਹਸਾਬਾ ਵਾਧਾ ਕਰਦੇ ਰਹਿੰਦੇ ਹਨ। ਸੜਕਾਂ ਨੂੰ ਚਾਹੇ ਕੋਈ ਵੀ ਤੋੜੇ, ਜਾਂ ਵਿਆਹ ਸ਼ਾਦੀ ਦੇ ਸਮਾਗਮ ਕਰਾਉਣ ਲਈ ਰਸਤਾ ਰੋਕੇ, ਮੌਕੇ ਤੇ ਲੱਗੇ ਕਰਮਚਾਰੀ ਇਨ੍ਹਾਂ ਨੂੰ ਰੋਕਣ ਤੇ ਸਰਕਾਰ ਉਨ੍ਹਾਂ ਦੇ ਕੰਮਾਂ ਦੀ ਵੀ ਨਿਗਰਾਨੀ ਰੱਖੇ ਤਾਂ ਹੀ ਘਣੀ ਆਬਾਦੀ ਵਾਲੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਕੁੱਝ ਰਾਹਤ ਮਹਿਸੂਸ ਕੀਤੀ ਜਾ ਸਕਦੀ ਹੈ।
ਅੱਜ ਦੇ ਵਿਗਿਆਨ ਯੁੱਗ ਵਿੱਚ ਕਈ ਇਸ ਤਰ੍ਹਾਂ ਦੇ ਯੰਤਰ, ਮੀਟਰ ਆਦਿ ਚਲਣੇ ਆਰੰਭ ਹੋ ਗਏ ਹਨ, ਜਿਨ੍ਹਾਂ ਤੋਂ ਮਦਦ ਲੈਣੀ ਆਸਾਨ ਤੇ ਜ਼ਰੂਰੀ ਬਣਾਉਣੀ ਚਾਹੀਦੀ ਹੈ। ਇਸ ਸੁਵਿਧਾ ਦੇ ਮਾਹਿਰਾਂ ਦੀ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਇਹ ਵੇਖੇ ਕਿ ਆਟੋਰਿਕਸ਼ਾ ਜੋ ਸਭ ਤੋਂ ਵੱਧ ਧੂੰਆਂ ਉਡਾਂਦੇ ਹਨ ਉਨ੍ਹਾਂ ਵਿੱਚ ਇਲਕਟਰੋਨਿਕ ਕੈਨਲਟਿਕ ਕੈਨਵਰਟ ਤੇ ਫੇਅਰਮੀਟਰ ਲੱਗੇ ਹੋਏ ਹਨ। ਇਹ ਵੇਖਣ ਵਾਲੀ ਗੱਲ ਹੁੰਦੀ ਹੈ ਕਿ ਇਨ੍ਹਾਂ ਆਟੋਰਿਕਸ਼ਾ ਵਿੱਚ ਕਿੰਨੇ ਵਿਅਕਤੀ ਢੋਣ ਦੀ ਸਮਰੱਥਾ ਹੈ, ਕਿਸੇ ਸੀਮਾ ਤੱਕ ਹੀ ਆਟੋਰਿਕਸ਼ਾ ਭਾਰ ਢੋਅ ਸਕਦੇ ਹਨ, ਪਰ ਵੇਖਣ ਵਿੱਚ ਇਹ ਆਉਂਦਾ ਹੈ ਕਿ ਲੋਕ ਆਟੋਰਿਕਸ਼ਾ ਵਿੱਚ ਪੂਰੀ ਤਰ੍ਹਾਂ ਤੋੜੇ ਹੁੰਦੇ ਹਨ, ਨਤੀਜਾ ਇਹ ਨਿਕਲਦਾ ਹੈ ਕਿ ਇਸ ਨਾਲ ਬੇਲੋੜਾ ਧੂੰਆਂ ਨਿਕਲਦਾ ਹੈ, ਤੇ ਸਨਅਤੀ ਸ਼ਹਿਰਾਂ ਵਿੱਚ ਪ੍ਰਦੂਸ਼ਨ ਦੀ ਸਮੱਸਿਆ ਨੂੰ ਗੰਭੀਰ ਬਣਾਉਂਦਾ ਹੈ। ਇਸ ਤਰ੍ਹਾਂ ਪ੍ਰਦੂਸ਼ਨ ਦੇ ਮਾਹਿਰ ਇਹ ਸਲਾਹ ਦੇਂਦੇ ਹਨ ਕਿ ਬੱਸਾਂ ਵਿੱਚ ਵੀ ‘ਜੀਰੋਇਮਾਸ਼ਿਨ ਰੇਟਸ’ ਹੋਣੇ ਚਾਹੀਦੇ ਹਨ। ਨਵੇਂ ਆਵਾਜਾਈ ਦੇ ਸਾਧਨ ਜੋ ਆ ਰਹੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਹੋਣ ਤੋਂ ਪਹਿਲਾਂ ਇਹ ਵੇਖਣ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਯੂਰੋ ਦੋ ਅਤੇ ਭਾਰਤ ਦੋ ਦੀ ਸੁਵਿਧਾ ਆਪਣੇ ਚਾਲਕ ਸਾਧਨ ਵਿੱਚ ਪਹਿਲਾਂ ਹੀ ਰੱਖਦੇ ਹਨ ਜਾਂ ਨਹੀਂ। ਲੋੜ ਅਨੁਸਾਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜੁਰਮਾਨਾ ਲਾਉਣਾ ਚਾਹੀਦਾ ਹੈ।
ਸਨਅਤੀ ਸ਼ਹਿਰਾਂ ਵਿੱਚ ਜਿੱਥੇ ਆਬਾਦੀ ਦੀ ਘਣਤਾ ਵਧੇਰੇ ਹੈ, ਉੱਥੇ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਆਬੋ ਹਵਾ ਨੂੰ ਤਾਜ਼ਾ ਰੱਖਣ ਲਈ ਇਸ ਤਰ੍ਹਾਂ ਦੇ ਸਾਧਨ ਅਪਨਾਉਣੇ ਚਾਹੀਦੇ ਹਨ ਤਾਂ ਜੇ ਵੱਧਦੀ ਹੋਈ ਪ੍ਰਦੂਸ਼ਿਤ ਹਵਾ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਇਨ੍ਹਾਂ ਸਾਰੇ ਯਤਨਾਂ ਤੇ ਨਿਰਸੰਦੇਹ ਬਹੁਤ ਧਨ ਲੱਗਦਾ ਹੈ, ਇਸ ਰਾਸ਼ੀ ਨੂੰ ਇੱਕਠਾ ਕਰਨ ਲਈ ਤੇ ਪ੍ਰਦੂਸ਼ਨ ਦੀ ਸਮੱਸਿਆ ਨੂੰ ਗੰਭੀਰਤਾ ਪੂਰਵਕ ਨਜਿੱਠਣ ਲਈ ਪ੍ਰਦੂਸ਼ਨ ਟੈਕਸ ਹਰ ਸਾਧਨ ਤੇ ਲਗਾਇਆ ਜਾ ਸਕਦਾ ਹੈ। ਇਹ ਧਨ ਰਾਸ਼ੀ ਸੜਕਾਂ ਦੇ ਆਲੇ ਦੁਆਲੇ ਬਿਰਛ, ਪੌਦੇ ਲਗਾਣ ਤੇ ਉਨ੍ਹਾਂ ਦੀ ਸੰਭਾਲ ਤੇ ਖ਼ਰਚ ਕੀਤੀ ਜਾ ਸਕਦੀ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਹਰਿਆਵਲ ਹੀ ਸਾਡੇ ਹਰੇ ਫੇਫੜੇ ਹਨ, ਜਿਨ੍ਹਾਂ ਰਾਹੀਂ ਅਸੀਂ ਸਾਹ ਲੈਂਦੇ ਹਾਂ।
ਜੋ ਨਿਯਮ ਪਹਿਲਾਂ ਪ੍ਰਦੂਸ਼ਨ ਦੀ ਸਮੱਸਿਆ ਨੂੰ ਨਜਿੱਠਣ ਲਈ ਬਣਾਏ ਗਏ ਹਨ, ਉਨ੍ਹਾਂ ਨੂੰ ਲਾਗੂ ਕਰਨ ਉੱਤੇ ਆਲਸ ਨਹੀਂ ਦਿਖਾਣਾ ਚਾਹੀਦਾ, ਜਿਵੇਂ 1986 ਵਿੱਚ ਬਣਿਆ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੀਆ ਧਾਰਾਵਾਂ ਨੂੰ ਸੁਹਿਰਦਤਾ ਪੂਰਵਕ ਲਾਗੂ ਕਰਨ ਦੀ ਲੋੜ ਹੈ, ਜਿਸ ਵਿੱਚ ਇੱਕ ਅਜਿਹੀ ਵੀ ਧਾਰਾ ਹੈ ਕਿ ਤੇਲ ਕੰਪਨੀਆਂ ਵਿੱਚ ਜੋ ਮਿਲਾਵਟ ਪਾਈ ਜਾਂਦੀ ਹੈ, ਉਸਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ। ਪੈਟਰੋਲ ਜਾਂ ਇਸ ਨਾਲ ਜੁੜੀਆਂ ਹੋਈਆਂ ਮੈਬਲ ਆਇਲ ਦੀਆਂ ਵੱਖੋ – ਵੱਖਰੀਆਂ ਵੰਨਗੀਆਂ ਵਿੱਚ ਮਿਲਾਵਟ ਦਾ ਹੋਣਾ ਇੱਕ ਗੁਨਾਹ ਸਮਝਿਆ ਜਾਣਾ ਚਾਹੀਦਾ ਹੈ, ਇਹ ਇੱਕ ਅਜਿਹਾ ਗੁਨਾਹ ਹੈ ਜਿਸਦੀ ਕੋਈ ਮਾਫੀ ਨਹੀਂ। ਇੱਕ ਤਾਂ ਪ੍ਰਦੂਸ਼ਨ ਦੀ ਸਮੱਸਿਆ ਨੂੰ ਇਹ ਮਿਲਾਵਟ ਗੰਭੀਰ ਕਰਦੀ ਹੈ, ਦੂਸਰੇ ਇਸ ਨਾਲ ਇੰਜਨ ਦੀ ਬਰਬਾਦੀ, ਬਰੇਕਾਂ ਦਾ ਫੇਲ੍ਹ ਹੋਣਾ ਵੀ ਸ਼ਾਮਲ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਉਦਯੋਗਾਂ ਤੇ ਮਸ਼ੀਨਾਂ ਦਾ ਫੈਲਣਾ ਨਿਰਸੰਦੇਹ ਵਿਕਾਸ ਦੀ ਨਿਸ਼ਾਨੀ ਹੈ, ਮਨੁੱਖੀ ਆਬਾਦੀ ਦੇ ਵਧਣ ਨਾਲ ਆਵਾਜਾਈ ਦੇ ਸਾਧਨ ਵੀ ਵਿਕਾਸ ਕਰਦੇ ਹਨ, ਪਰ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸਾਰੀਆਂ ਗੱਲਾਂ ਸਾਡੇ ਸਾਹਾਂ ਦੀ ਤੰਦ ਨੂੰ ਲੰਮੇਰੀ ਕਰਨ।
ਘਣੇ ਆਬਾਦੀ ਵਾਲੇ ਸਨਅਤੀ ਸ਼ਹਿਰਾਂ ਵਿੱਚ ਜਦੋਂ ਪੁਲਾਂ ਦਾ ਨਿਰਮਾਣ ਵੀ ਕੀਤਾ ਜਾਵੇ ਤਾਂ ਆਵਾਜਾਈ ਦੇ ਸਾਧਨਾਂ ਲਈ ਵੱਖਰੇ ਮਾਰਗ ਵੀ ਪਹਿਲਾਂ ਤਹਿ ਕਰ ਲੈਣੇ ਚਾਹੀਦੇ ਹਨ। ਟੈਂਪੂ ਜੋ ਕਿ ਪ੍ਰਦੂਸ਼ਨ ਦਾ ਸਭ ਤੋਂ ਵੱਡਾ ਕਾਰਣ ਹਨ, ਉਨ੍ਹਾਂ ਦੀ ਥਾਂ ਤੇ ਬੱਸਾਂ ਨੂੰ ਨਵੇਂ ਰੂਟ ਤੁਰੰਤ ਮਿਲਣੇ ਚਾਹੀਦੇ ਹਨ, ਪਰ ਵੇਖਿਆ ਗਿਆ ਹੈ ਕਿ ਕਮੇਟੀਆਂ ਦੀਆਂ ਸਿਫਾਰਸ਼ਾਂ ਕਾਗਜ਼ਾਂ ਵਿੱਚ ਹੀ ਕੈਦ ਹੋ ਕੇ ਰਹਿ ਜਾਂਦੀਆਂ ਹਨ।
ਇਹ ਜੀਵਨ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਉਸਦੀ ਸੰਭਾਲ ਅਸੀਂ ਸਭਨਾਂ ਨੇ ਰਲ ਕੇ ਕਰਨੀ ਹੈ। ਵਿਕਾਸ ਅਤੇ ਵਾਤਾਵਰਣ ਦਾ ਆਪਸ ਵਿੱਚ ਕੋਈ ਵਿਰੋਧ ਨਹੀਂ, ਸਗੋਂ ਸੱਭਿਅਤਾ ਦੇ ਵਿਕਾਸ ਲਈ ਇਹ ਦੋਵੇਂ ਇੱਕ ਦੂਸਰੇ ਦੇ ਪੂਰਕ ਬਣ ਸਕਣ, ਇਹ ਹੀ ਸਾਡੀ ਸਭਨਾਂ ਦੀ ਪ੍ਰਬੱਲ ਇੱਛਾ ਹੋਣੀ ਚਾਹੀਦੀ ਹੈ।