CBSEEducationਲੇਖ ਰਚਨਾ (Lekh Rachna Punjabi)

ਲੇਖ : ਵਿਗਿਆਨ ਦੀ ਨਵੀਂ ਖੋਜ-ਜੀਨੋਮ ਭਾਸ਼ਾ


ਵਿਗਿਆਨ ਦੀ ਨਵੀਂ ਖੋਜ-ਜੀਨੋਮ ਭਾਸ਼ਾ


ਮਨੁੱਖੀ ਹੋਂਦ ਦੀ ਸਚਾਈ ਨੂੰ ਜਾਣਨ ਦੀ ਉਤਸੁਕਤਾ ਮਾਨਵਜਾਤੀ ਨੂੰ ਤੇ ਵਿਸ਼ੇਸ਼ ਕਰਕੇ ਵਿਗਿਆਨੀਆਂ ਨੂੰ ਸਦਾ ਤੋਂ ਰਹੀ ਹੈ। ਸੰਸਾਰ ਵਿਚ ਤਰ੍ਹਾਂ-ਤਰ੍ਹਾਂ ਦੇ ਵਿਚਾਰ, ਧਾਰਨਾਵਾਂ ਅਤੇ ਵਿਗਿਆਨਕ ਸੰਕਲਪ ਇਸ ਸੱਚ ਨੂੰ ਪੇਸ਼ ਕਰਨ ਹਿੱਤ ਸਾਡੀ ਦ੍ਰਿਸ਼ਟੀ ਵਿਚ ਆਉਂਦੇ ਰਹੇ ਹਨ। ਜਦੋਂ ਅਮਰੀਕਾ ਦੇ ਪਿਛਲੇ ਰਾਸ਼ਟਰਪਤੀ ਕਲਿੰਟਨ ਨੇ ਕਿਹਾ ਕਿ ਹੁਣ ਮਨੁੱਖੀ ਜੀਵਨ ਦੀ ਭਾਸ਼ਾ ਲੱਭ ਲਈ ਗਈ ਹੈ ਤਾਂ ਸੰਸਾਰ ਵਿਚ ਉਤਸੁਕਤਾ ਬਲਵਾਨ ਹੋ ਗਈ ਕਿ ਆਖਰਕਾਰ ਮਨੁੱਖ ਕਿਨ੍ਹਾਂ ਅਣੂਆਂ ਦਾ ਬਣਿਆ ਹੋਇਆ ਹੈ ਤੇ ਇਹ ਇਕ-ਦੂਸਰੇ ਤੋਂ ਵੱਖ ਕਿਵੇਂ ਹੈ, ਉਨ੍ਹਾਂ ਦੀ ਸ਼ਕਲ ਤੇ ਸੁਭਾਵਾਂ ਵਿਚ ਭਿੰਨਤਾ ਕਿਉਂ ਹੈ। ਇਥੋਂ ਤਕ ਕਿ ਦੋ ਜੁੜਵੇਂ ਭਰਾਵਾਂ-ਭੈਣਾਂ ਦੇ ਸੁਭਾਵਾਂ ਵਿਚ ਵੀ ਭਿੰਨਤਾ ਕਿਉਂ ਪਾਈ ਜਾਂਦੀ ਹੈ।

ਮਨੁੱਖ ਦੇ ਜੀਨ ਸਮੂਹ ਦੇ ਗਿਆਨ ਨਾਲ ਹੁਣ ਵਿਗਿਆਨੀਆਂ ਨੂੰ ਸਭ ਕੁਝ ਬਦਲਦਾ ਦਿਸ ਰਿਹਾ ਹੈ। ਇਹ ਅਜੇ ਨਹੀਂ ਕਿਹਾ ਜਾ ਸਕਦਾ ਕਿ ਵੱਖੋ-ਵੱਖਰੇ ਗੰਭੀਰ ਰੋਗਾਂ ਦੇ ਇਲਾਜ ਲਈ ਕਿਹੜੇ ਨਵੇਂ ਢੰਗ ਤੇ ਇਲਾਜ ਜੀਨੋਮ ਭਾਸ਼ਾ ਦੀ ਜਾਣਕਾਰੀ ਰਾਹੀਂ ਸਾਨੂੰ ਪ੍ਰਾਪਤ ਹੋ ਜਾਣਗੇ। ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਕੋਪਰਨਿਕਸ ਨੇ ਧਰਤੀ, ਆਕਾਸ਼ਮੰਡਲ ਦੇ ਬਾਰੇ ਸਾਡੀ ਸਮਝ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਜਿਵੇਂ ਡਾਰਵਿਨ ਦੀ ਖੋਜ ਨੇ ਮਨੁੱਖੀ ਨਿਕਾਸ ਦੇ ਗਿਆਨ ਨੂੰ ਬਦਲ ਦਿੱਤਾ, “ਉਸੇ ਪ੍ਰਕਾਰ ਮਨੁੱਖੀ ਜੀਨੋਮ ਵੀ ਸਾਡੇ ਗਿਆਨ, ਮਨੁੱਖੀ ਹੋਂਦ ਤੇ ਸਾਰੇ ਪ੍ਰਾਣੀਆਂ ਬਾਰੇ ਸਾਡੀ ਸਮਝ ਨੂੰ ਵੀ ਬਦਲੇਗਾ ਤੇ ਸਾਡੇ ਸਬੰਧਾਂ ਵਿਚ ਵੀ ਪਰਿਵਰਤਨ ਲਿਆ ਦੇਵੇਗਾ।” ਜੀਨੋਮ ਭਾਸ਼ਾ ਦੇ ਨਾਲ ਅਸੀਂ ਇਹ ਸਮਝ ਸਕਾਂਗੇ ਕਿ ਕੋਈ ਵਿਅਕਤੀ ਦੂਸਰੇ ਨਾਲੋਂ ਕਿਵੇਂ ਅਨੂਠਾ ਤੇ ਪ੍ਰਤਿਭਾਸ਼ਾਲੀ ਹੈ ਤੇ ਕਿਹੜੇ ਅਣੂਆਂ ਨਾਲ ਇਹ ਵੱਖ ਹੁੰਦਾ ਹੈ, ਵਿਗਿਆਨੀਆਂ ਨੇ ਤਾਂ ਜੀਵਨ ਦੀ ਇਕ ਬਿਹਤਰ ਭਾਸ਼ਾ ਹੀ ਲੱਭ ਲਈ ਹੈ।

ਵਿਸ਼ਵ ਵਿਚ ਅਤੇ ਵਿਸ਼ੇਸ਼ ਕਰਕੇ ਭਾਰਤ ਵਿਚ ਜੋ ਵਿਗਿਆਨ ਬਾਰੇ ਵਿਚਾਰ ‘ਸਾਇੰਸ ਅਤੇ ਨੇਚਰ’ ਨਾਂ ਦੀਆਂ ਪੱਤ੍ਰਿਕਾਵਾਂ ਵਿਚ ਛਪਦੇ ਹਨ, ਉਨ੍ਹਾਂ ਦੇ ਆਧਾਰ ‘ਤੇ ਇਨ੍ਹਾਂ ਦੋ ਸਾਲਾਂ ਵਿਚ ਦੇ ਦਿਨ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਰਹੇ ਹਨ। ਪਿਛਲੇ ਵਰ੍ਹੇ ਇਕ 26 ਜੂਨ, ਅਤੇ ਦੂਸਰਾ ਹੁਣ 13 ਫਰਵਰੀ। ਇਸ ਸਾਲ ਪੁਰਸ਼ ਦੇ ਸੰਪੂਰਣ ਜੀਨ ਸਮੂਹ (ਜੀਨੋਮ) ਨੂੰ ਖੋਜਆਰਥੀਆਂ ਨੇ ਦਰਜ ਕੀਤਾ ਹੈ। ਪਹਿਲਾਂ ਵਿਗਿਆਨੀਆਂ ਨੇ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਲਗਪਗ 3 ਅਰਬ ਰਸਾਇਣਕ ਅੱਖਰਾਂ ਦਾ ਪਤਾ ਚੱਲਿਆ ਹੈ, ਜੋ ਮਨੁੱਖ ਨੂੰ ਬਣਾਉਂਦੇ ਹਨ ਤੇ ਸਾਨੂੰ ਵੱਖੋ ਵੱਖਰੇ ਰੋਗ ਕਿਉਂ ਹੁੰਦੇ ਹਨ। ਇਹ ਗੱਲ ਕਹਿਣ ਵਿਚ ਵਿਗਿਆਨੀ ਪੂਰੀ ਤਰ੍ਹਾਂ ਦਾਅਵਾ ਨਹੀਂ ਕਰ ਰਹੇ ਸਨ ਤੇ ਸ਼ੰਕਾਮਈ ਸਥਿਤੀ ਵਿਚ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਕ ਅੰਦਾਜ਼ਾ ਜ਼ਰੂਰ ਜਾਂ ਮੋਟਾ ਖਾਕਾ ਮਿਲ ਗਿਆ ਹੈ, ਜਿਸ ਵਿਚ ਕਈ ਸਥਾਨ ਭਰੇ ਜਾਣੇ ਹਨ। ਨਿਰਸੰਦੇਹ ਇਹ ਪ੍ਰਾਪਤੀ ਜੀਵ-ਵਿਗਿਆਨ ਅਤੇ ਰੋਗਾਂ ਦੇ ਖੇਤਰ ਵਿਚ ਇਤਿਹਾਸਕ ਮੋੜ ਸੀ।

ਦੂਸਰਾ ਮੋੜ ਵੀ ਛੇਤੀ ਆ ਗਿਆ। ਅਖਬਾਰਾਂ ਵਿਚ ਸੁਰਖੀਆਂ ਛਪਣ ਲਗੀਆਂ, “ਜੀਨੋਮ ਪੁਸਤਕ ਨੇ ਜੀਵਨ ਦਾ ਨਵਾਂ ਕਾਂਡ ਖੋਲ੍ਹਿਆ”, “ਆਦਮੀ ਦੇ ਜੀਨੋਮ ਦਾ ਚਿੱਤਰ ਬਣ ਗਿਆ।” ਇਸ ਅਸਚਰਜ ਜਾਣਕਾਰੀ ਨਾਲ ਭਰਪੂਰ ਖਬਰਾਂ ਛਪੀਆਂ ਅਤੇ ਇਨ੍ਹਾਂ ਵਿਚ ਇਹ ਕਿਹਾ ਗਿਆ ਕਿ ਜਿਵੇਂ ਪਹਿਲਾ ਇਹ ਸਮਝਿਆ ਜਾਂਦਾ ਸੀ ਕਿ ਲੋਕਾਂ ਦੇ ਜੀਨ ਵੱਖ-ਵੱਖ ਹਨ, ਪਰ ਹੁਣ ਦੀ ਜਾਣਕਾਰੀ ਮੁਤਾਬਕ ਸਾਰੀਆ ਇਨਸਾਨੀ ਜਾਨਾਂ ਵਿਚ 99% ਫੀਸਦੀ ਇਹ ਇਕ ਸਮਾਨ ਹੁੰਦੇ ਹਨ। ਅਮਰੀਕੀ ਪ੍ਰਤਿਕਾ “ਸਾਇੰਸ ਵਿਚ ਵਿਗਿਆਨੀਆਂ ਨੇ ਇਹ ਕਿਹਾ ਕਿ ਪਹਿਲਾਂ ਆਦਮੀ ਦੇ ਜੀਨ ਲੱਗਭਗ ਇਕ ਲੱਖ ਸਮਝੇ ਜਾਂਦੇ ਸਨ, ਪਰ ਹੁਣ ਇਹ ਸੰਖਿਆ 30 ਹਜ਼ਾਰ ਤੋਂ ਵੀ ਘੱਟ ਪਾਈ ਹੈ। ਨਵੀਂ ਜਾਣਕਾਰੀ ਅਨੁਸਾਰ ਸ਼ਹਿਦ ਦੀ ਮੱਖੀ ਲਈ ਜਿੰਨੇ ਜੀਨ ਚਾਹੀਦੇ ਹਨ ਉਸ ਤੋਂ ਕੇਵਲ ਦੁਗਣੇ ਜੀਨਾਂ ਨਾਲ ਦਮੀ ਦਾ ਨਿਰਮਾਣ ਹੋ ਸਕਦਾ ਹੈ।

ਸਾਇੰਸ ਪ੍ਰਤਿਕਾ ਨੇ ਸੇਲੋਰਾ ਜੇਨੋਮਿਕਸ ਦੇ ਪ੍ਰਧਾਨ ਕਰੈਗ ਵੈਂਟਰ ਅਤੇ ਅਮਰੀਕਾ, ਆਸਟਰੇਲੀਆ ਸਪੇਨ ਦੇ 282 ਹੋਰ ਖੋਜਾਰਥੀਆਂ ਦੇ ਕੰਮਾਂ ‘ਤੇ ਆਧਾਰਿਤ ਮਾਨਵੀ ਜੀਨੋਮ ਕ੍ਰਮ ਨੂੰ ਵਿਸਥਾਰ ਨਾਲ ਪ੍ਰਕਾਸ਼ਿਤ ਕੀਤਾ ਹੈ। ਸੇਲੋਰਾ ਦਲ ਨੇ ਕੇਵਲ ਪੰਜ ਵਿਅਕਤੀਆਂ ਦੇ ਇਕ ਸਮੂਹ ਦੇ ਡੀ.ਐਨ.ਏ. ਦੇ ਨਮੂਨੇ ਲਏ। ਇਨ੍ਹਾਂ ਵਿਚ ਇੱਕ ਅਫਰੀਕੀ-ਅਮਰੀਕੀ, ਇਕ ਏਸ਼ੀਆਈ-ਚੀਨੀ, ਇਕ ਹਿਸਪੈਨਿਕ- ਮੈਕਸੀਕਨ ਅਤੇ ਦੋ ਕਾਕੇਸ਼ਿਆਈ ਸ਼ਾਮਲ ਸਨ। ਸਾਇੰਸ ਦੇ ਪ੍ਰਧਾਨ ਸੰਪਾਦਕ ਡੋਨਾਲਡ ਕੈਨੇਡੀ ਦਾ ਕਥਨ ਹੈ ਕਿ ਆਦਮੀ ਦਾ ਇਹ ਜੀਨੇਮ ਕ੍ਰਮ ਹੁਣ ਤਕ ਦਾ ਸਭ ਤੋਂ ਠੀਕ ਕ੍ਰਮ ਹੈ, ਜੋ ਨਵੀਆਂ ਚਕਿਤਸਾਂ ਖੋਜਾਂ ਲਈ ਨਵੀਂ ਅਤੇ ਉਤਸ਼ਾਹਵਰਧਕ ਸੰਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਇਨ੍ਹਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਜੀਨੋਮ ਕ੍ਰਮ ਕੁਝ ਰੇਗਿਸਤਾਨ ਵਰਗੇ ਬੰਜਰ ਖੇਤਰਾਂ ਦੇ ਵੱਲ ਸੰਕੇਤ ਕਰਦਾ ਹੈ, ਜਿਨ੍ਹਾਂ ਵਿਚ ਬਹੁਤ ਘੱਟ ਜੀਨ ਹਨ, ਜਾਂ ਪ੍ਰੋਟੀਨ-ਕੋਡਿੰਗ ਜੀਨ ਨਿਗੁਣੀ ਮਾਤਰਾ ਵਿਚ ਹਨ। ਇਸ ਤਰ੍ਹਾਂ ਪੂਰਨ ਮਨੁੱਖੀ ਜੀਨੋਮ ਨਾਲ ਚਕਿਤਸਾ ਦੇ ਖੇਤਰ ਵਿਚ ਅਨੇਕ ਉਪਲਬਧੀਆਂ ਹਾਸਲ ਹੋਣ ਦੀ ਆਸ ਕੀਤੀ ਜਾ ਰਹੀ ਹੈ। ਇਸ ਵੋਜ ਨਾਲ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੁਣ ਇਨ੍ਹਾਂ ਜੀਨੋਮ ਦੇ ਵਖਰੇਵੇਂ ਕਾਰਨ ਤਿੰਨ-ਤਿੰਨ ਪ੍ਰਕਾਰ ਦੀਆਂ ਦਵਾਈਆਂ ਬਣਾਉਣੀਆ ਸੰਭਵ ਹੋਣਗੀਆਂ। ਇਸ ਤਰ੍ਹਾਂ ਦੀ ਜੀਨ ਚਕਿਤਸਾ ਸੰਭਵ ਹੋਵੇਗੀ ਜੋ ਹਰ ਰੋਗ ਦੇ ਲਈ ਉਤਰਦਾਈ ਜੀਨ ਖੇਤਰ ਨੂੰ ਪ੍ਰਭਾਵਿਤ ਕਰ ਸਕੇਗੀ। ਵਿਗਿਆਨੀ ਅਨੇਕਾਂ ਰੋਗਾਂ ਦੇ ਆਧਾਰ ਖੇਤਰਾਂ ਨੂੰ ਲੱਭ ਸਕਣਗੇ। ਫਿਰ ਸਬੰਧਿਤ ਰੋਗਾਂ ਲਈ ਇਲਾਜ ਲੱਭਣੇ ਵੀ ਸੰਭਵ ਹੋ ਸਕਣਗੇ।

ਜੀਨ ਸਮੂਹ ਦਾ ਸੰਪੂਰਣ ਚਿੱਤਰ ਮਿਲਣ ਤੋਂ ਬਾਅਦ ਹੁਣ ਇਕ ਵੱਡੀ ਚੁਣੌਤੀ ਪੁਰਾਣੀਆਂ ਮਾਨਤਾਵਾਂ ਨੂੰ ਬਦਲਣਾ ਹੈ, ਕਿਉਂਕਿ ਹੁਣ ਵਿਗਿਆਨੀ ਇਹ ਨਹੀਂ ਕਹਿ ਸਕਦੇ ਕਿ ਉਹ ਇਕ ਹੀ ਜੀਵਨ ਦੀ ਪ੍ਰੀਖਿਆ ਕਰਨ ਤੋਂ ਬਾਅਦ ਕਿਸੇ ਨਤੀਜੇ ‘ਤੇ ਪਹੁੰਚੇ ਹਨ। ਮਿਸਾਲ ਵਜੋਂ ਉਹ ਇਹ ਨਹੀਂ ਕਹਿ ਸਕਦੇ ਕਿ ਮੁਟਾਪੇ ਲਈ ਇਕ ਹੀ ਜੀਨ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਜੀਨ ਦੇ ਇਕ ਸੈੱਟ ਨੂੰ ਇਕ ਜਟਿਲ ਪ੍ਰਣਾਲੀ ਸਮਝ ਕੇ ਇਹ ਦੱਸਣਾ ਪਵੇਗਾ ਕਿ ਕਿਸ ਤਰ੍ਹਾਂ ਇੰਨੀ ਛੋਟੀ ਜੀਨ ਇਕ ਮੱਖੀ ਜਾਂ ਵਿਅਕਤੀ ਪੈਦਾ ਕਰ ਸਕਦੀ ਹੈ। ਸਲੋਰਾ ਦੇ ਪ੍ਰਧਾਨ ਅਤੇ ਮੁੱਖ ਵਿਗਿਆਨਕ ਅਧਿਕਾਰੀ ਵੈਂਟਰ ਦਾ ਇਹ ਕਹਿਣਾ ਹੈ ਕਿ ਚੰਗੇ ਜੀਨ ਜਾਂ ਬੁਰੇ ਜੀਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਉਹ ਕੇਵਲ ਜੀਨ ਦਾ ਨੈੱਟਵਰਕ ਹੀ ਦੇਖਣਗੇ ਜੋ ਵਿਭਿੰਨ ਸਤਰ ਅਤੇ ਸਬੰਧਾਂ ਦੇ ਪਿੱਛੇ ਵਿਦਮਾਨ ਹੈ। ਉਹ ਕਿਸੇ ਵੀ ਗੜਬੜੀ ਦੇ ਪ੍ਰਤੀ ਸੰਵੇਦਨਸ਼ੀਲ ਹਨ। ਉਨ੍ਹਾਂ ਦਾ ਇਕ ਕਥਨ ਹੈ, “ਇਹ ਧਾਰਨਾ ਕਿ ਇਕ ਜੀਨ ਇਕ ਰੋਗ ਦੇ ਬਰਾਬਰ ਹੈ, ਜਾਂ ਇਕ ਜੀਨ ਇਕ ਮੁੱਖ ਪ੍ਰੋਟੀਨ ਬਣਾਉਂਦਾ ਹੈ, ਇਕਦਮ ਨਿਰਾਰਥਕ ਗੱਲ ਹੈ।”

ਵੈਂਟਰ ਦੇ ਖੋਜ ਦਲ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਆਦਮੀ ਦੀ ਸਿਹਤ, ਵਿਹਾਰ ਅਤੇ ਵਿਸ਼ੇਸ਼ਤਾਵਾਂ ਅਨੇਕ
ਗੱਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਨ੍ਹਾਂ ਸੂਚਨਾਵਾਂ ਨੂੰ ਬਹੁਤ ਅਕਲ ਨਾਲ ਵਰਤੋਂ ਵਿਚ ਲਿਆਉਣ ਦੀ ਲੋੜ ਹੈ। ਮਨੁੱਖ ਦੇ ਜੀਨੋਮ ਕ੍ਰਮ ਦਾ ਇਹ ਇਕੱਠ ਮਨੁੱਖ ਦੀ ਜੀਵਨ ਨੂੰ ਸਮਝਣ ਦੀ ਦਿਸ਼ਾ ਵਿਚ ਲੰਮੀ ਯਾਤਰਾ ਦਾ ਇਕ ਪਹਿਲਾ ਕਦਮ ਹੈ। ਖੋਜ ਦਲ ਅਨੁਸਾਰ ਦੋ ਗਲਤਫਹਿਮਆਂ ਨੂੰ ਤਿਆਗਣਾ ਬਹੁਤ ਜ਼ਰੂਰੀ ਹੈ, ਇਕ ਤਾਂ ਇਹ ਕਿ ਇਹ ਨਿਸਚੈ ਨਾਲ ਪ੍ਰਵਾਨ ਕਰ ਲੈਣਾ ਕਿ ਕਿਸੇ ਵਿਅਕਤੀ ਦੀ ਪਹਿਚਾਣ ਜੀਨੋਮ ਦੇ ‘ਹਾਰਡਰੇਅਰ’ ਨਾਲ ਕੀਤੀ ਜਾ ਸਕਦੀ ਹੈ ਅਤੇ ਦੂਸਰਾ ਇਹ ਘੱਟ ਤੋਂ ਘੱਟ ਸੰਖੇਪ ਹੋਣ ਦੀ ਇਹ ਸੋਚ ਕਿ ਹੁਣ ਵਿਗਿਆਨੀਆਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਆਦਮੀ ਦੀਆਂ ਵਿਭਿੰਨਤਾਵਾਂ ਦੀ ਪਹਿਚਾਣ ਕਿਵੇਂ ਕਰਨੀ ਹੈ।

ਭਵਿੱਖ ਵਿਚ ਮਨੁੱਖ ਸਾਹਮਣੇ ਵਾਸਤਵਿਕ ਚੁਣੌਤੀ ਇਹ ਪਤਾ ਕਰਨਾ ਹੈ ਕਿ ਕਿਸ ਤਰ੍ਹਾਂ ਸਾਡਾ ਦਿਮਾਗ ਲੋੜੀਂਦੇ ਰੂਪ ਵਿਚ ਵਿਚਾਰਾਂ ਨੂੰ ਇਸ ਪ੍ਰਕਾਰ ਸੰਗਠਿਤ ਕਰਦਾ ਹੈ ਕਿ ਅੱਜ ਉਹ ਆਪਣੀ ਹੋਂਦ ਦੀ ਤਲਾਸ਼ ਕਰਨ ਵਿਚ ਕਾਮਯਾਬ ਹੋ ਰਿਹਾ ਹੈ। ਇਸ ਤੋਂ ਇਲਾਵਾ ਇਕ ਸਾਰਥਕ ਕੰਮ ਇਹ ਵੀ ਹੈ ਕਿ ਕਿਸ ਪ੍ਰਕਾਰ ਜੀਨ ਸਾਡੇ ਸਰੀਰ ਦੀ ਚਮਤਕਾਰੀ ਕਾਰਜ ਪ੍ਰਣਾਲੀ ਦੇ ਨਿਰਮਾਣ ਅਤੇ ਸੰਭਾਲ ਕਰਨ ਲਈ ਨਿਰਦੇਸ਼ ਦਿੰਦੇ ਹਨ। ਵਿਗਿਆਨਕਾਂ ਨੇ ਇਨਸਾਨ ਵਿਚ ਜੋ ਜੀਨੋਮ ਹਨ, ਉਨ੍ਹਾਂ ਨੂੰ ਪਾਉਣ ਅਤੇ ਉਨ੍ਹਾਂ ਸਬੰਧੀ ਖੋਜ ਕਾਫੀ ਕਠਿਨ ਮਿਹਨਤ ਤੋਂ ਬਾਅਦ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਸਾਲੋਰਾ ਵਿਚ 300 ਸਵੈਚਾਲਿਤ ਮਸ਼ੀਨਾਂ ਜਿਨ੍ਹਾਂ ਨੂੰ 65 ਕਰਮਚਾਰੀਆਂ ਨੇ ਘੋਖਿਆ। ਪੰਜ ਦਾਨ ਦੇਣ ਵਾਲੇ ਲੋਕਾਂ ਦੇ ਡੀ.ਐਨ.ਏ. ਦੇ ਨਮੂਨੇ ਲੈ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਹਰ ਦਿਨ ਲਗਪਗ ਇਕ ਲੱਖ 75 ਹਜ਼ਾਰ ਰੀਡਿੰਗਜ਼ ਦਰਜ ਕੀਤੀਆਂ ਗਈਆਂ ਅਤੇ ਇਹ ਕੰਮ ਨੌਂ ਮਹੀਨੇ ਤਕ ਚਲਦਾ ਰਿਹਾ। ਫਿਰ ਖੋਜ ਦਲ ਨੇ ਕਈ ਵਾਰੀ ਜੀਨੋਮ ਕ੍ਰਮ ਨੂੰ ਜੋੜਿਆ ਤਾਂ ਕਿ ਉਹ ਸਮੁੱਚੇ ਕ੍ਰਮ ਦਾ ਵਿਸ਼ਲੇਸ਼ਣ ਕਰ ਸਕੇ।

ਇਸ ਸਬੰਧ ਵਿਚ ਅੰਤਰਰਾਸ਼ਟਰੀ ਖੋਜ ਦਲ ਦੇ ਮੁਖੀ ਡਾ. ਫਰਾਂਸਿਸ ਨੇ ਇਕ ਬਹੁਤ ਸਾਰ ਗਰਭਿਤ ਗੱਲ ਕਹੀ, “ਮਨੁੱਖ ਜਾਤੀ ਕਿਸ ਤਰ੍ਹਾਂ ਮਾਣ ਨਾਲ ਆਪਣਾ ਸਿਰ ਉੱਚਾ ਕਰ ਸਕਦੀ ਹੈ, ਜਦੋਂ ਕਿ ਸਾਡੇ ਅੰਦਰ ਇਕ ਕੀੜੇ ਦੀ ਤੁਲਨਾ ਵਿਚ ਕੁਝ ਹੀ ਵੱਧ ਜੀਨ ਹਨ, ਪਰ ਸਾਡੀ ਜਟਿਲਤਾ ਹੋਰ ਕਿਸੇ ਸੋਮੇ ਤੋਂ ਹੈ, ਜਿਸ ਦੇ ਬਾਰੇ ਵਿਚ ਵਿਗਿਆਨੀਆ ਨੂੰ ਹੋਰ ਖੋਜ ਕਰਨ ਦੀ ਲੋੜ ਹੈ।”

ਇਹ ਤਾਂ ਨਿਸਚਿਤ ਹੈ ਕਿ ਸਾਡਾ ਸਰੀਰ ਇੰਨੇ ਲਘੂਜੀਨ ਸਮੂਹ ਤੋਂ ਕਾਫੀ ਕੁਝ ਪ੍ਰਾਪਤ ਕਰ ਲੈਂਦਾ ਹੈ। ਰੋਗਾਂ ਦਾ ਕਾਰਨ ਸਮਝਣ ਲਈ ਖੋਜਾਰਥੀਆਂ ਨੂੰ ਗੰਭੀਰਤਾ ਨਾਲ ਇਸ ਗੱਲ ਦਾ ਅਧਿਐਨ ਕਰਨਾ ਪਵੇਗਾ ਕਿ ਕਿਸ ਤਰ੍ਹਾਂ ਜੀਨ ਅਤੇ ਪ੍ਰੋਟੀਨ ਅੰਤਰਕਿਰਿਆ ਕਰਦੇ ਹਨ ਅਤੇ ਕਿਸ ਤਰ੍ਹਾਂ ਉਹ ਇਕ ਦੂਸਰੇ ਤੋਂ ਭਟਕ ਜਾਂਦੇ ਹਨ। ਪ੍ਰੋਟੀਨ ਸਾਡੇ ਸਰੀਰ ਵਿਚ ਨਿਯਮਬੱਧ ਢੰਗ ਨਾਲ ਕਾਰਜ ਕਰਦੇ ਹਨ, ਜੋ ਭੋਜਨ ਨੂੰ ਸ਼ਕਤੀ ਵਿਚ ਬਦਲਣ ਅਤੇ ਭਰੂਣ ਤੋਂ ਬੱਚੇ ਦੇ ਨਿਰਮਾਣ ਕਰਨ ਤਕ ਮੂਲ ਰੂਪ ਵਿਚ ਸਾਰਥਿਕ ਭੂਮਿਕਾ ਨਿਭਾਉਂਦੇ ਹਨ।

ਦਿਲਚਸਪ ਪ੍ਰਸ਼ਨ ਇਹ ਹੈ ਕਿ ਵਿਗਿਆਨੀ ਅਜੇ ਤਕ ਪੂਰੀ ਤਰ੍ਹਾਂ ਇਹ ਨਹੀਂ ਲੱਭ ਸਕੇ ਕਿ ਸਾਨੂੰ ਕਿਹੜੀਆਂ ਗੱਲਾਂ ਇਨਸਾਨ ਬਣਾਉਂਦੀਆਂ ਹਨ। ‘ਸਾਇੰਸ’ ਪ੍ਰਤਿਕਾ ਦੀ ਤਰ੍ਹਾਂ ‘ਨੇਚਰ’ ਪੱਤਿਕਾ ਵੀ ਵਿਗਿਆਨਕ ਤੌਰ ‘ਤੇ ਉੱਚੇ ਸਤਰ ਦੀ ਪ੍ਰਤਿਕਾ ਹੈ। ਇਸ ਪ੍ਰਤਿਕਾ ਵਿਚ ਨੋਬੈੱਲ ਇਨਾਮ ਜੇਤੂ ਡੇਵਿਡ ਬਾਲਟੀਮੋਰ ਨੇ ਲਿਖਿਆ ਹੈ “ਅਸੀਂ ਨਵੇਂ ਜੀਨੋਮ ਰਾਹੀਂ ਕੇਵਲ ਇਹ ਹੀ ਪਤਾ ਲੈ ਸਕੇ ਹਾਂ ਕਿ ਜੀਵ ਜੰਤੂਆਂ ਅਤੇ ਆਦਮੀ ਵਿਚ ਕੀ ਅੰਤਰ ਹੈ, ਅਸੀਂ ਆਪਣੇ ਬਾਰੇ ਫਿਰ ਵੀ ਬਹੁਤ ਨਹੀਂ ਜਣ ਸਕੇ।”

ਜੀਨੋਮ ਸਬੰਧੀ ਇਕ ਵਿਰੋਧਾਭਾਸ ਪ੍ਰਤੱਖ ਤੌਰ ‘ਤੇ ਵਿਗਿਆਨ ਸਾਹਮਣੇ ਇਹ ਆ ਰਿਹਾ ਹੈ ਕਿ ਜੋ ਜੀਨੋਮ ਦੇ ਖੇਤਰ ਨਹੀਂ ਹਨ, ਉਹ ਵੀ ਤਾਂ ਸਾਡੇ ਜੀਵਨ ਦੀਆਂ ਜਟਿਲਤਾਵਾਂ ਨੂੰ ਸਮਝਣ ਲਈ ਸਹਾਇਕ ਹੋਣਗੇ। ‘ਨੇਚਰ’ ਪ੍ਰਤਿਕਾ ਦੇ ਇਕ ਵਿਗਿਆਨੀ ਨੇ ਪੁਰਸ਼ ਨੂੰ ਪ੍ਰਭਾਸ਼ਿਤ ਕਰਦੇ ਹੋਏ ਕਰੋਮੋਸੋਮ ਨੂੰ ‘ਸੋਨੇ ਦੀ ਖਾਣ’ ਨਾਲ ਤੁਲਨਾ ਦਿੰਦੇ ਹੋਏ ਨਾਲ-ਨਾਲ ਇਸ ਨੂੰ ‘ਕੂੜੇਦਾਨ’ ਵੀ ਦੱਸਿਆ ਹੈ ਕਿਉਂਕਿ ਇਸ ਵਿਚ ਡੀ.ਐਨ.ਏ. ਦੇ ਇਨ੍ਹਾਂ ਸਮੂਹਾ ਦੀ ਭਰਮਾਰ ਹੈ ਜੋ ਵਾਰ-ਵਾਰ ਆਉਂਦੇ ਹਨ ਅਤੇ ਜਿਨ੍ਹਾਂ ਦਾ ਜੈਨੇਟਿਕ ਦ੍ਰਿਸ਼ਟੀ ਤੋਂ ਕੋਈ ਅਰਥ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਇਨ੍ਹਾਂ ਖੇਤਰਾਂ ਵਿਚ ਇਸ ਤਰ੍ਹਾਂ ਦੇ ਜੀਨ ਵੀ ਹੋ ਸਕਦੇ ਹਨ, ਜੋ ਪੁਰਸ਼ ਹੋਣ ਲਈ ਜ਼ਰੂਰੀ ਹਨ, ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚ ਇਕ ਇਸ ਤਰ੍ਹਾਂ ਦੀ ‘ਮਾਸਟਰ ਸਵਿਚ’ ਵੀ ਹੈ, ਜੋ ਕਿਸੇ ਜੀਵ ਨੂੰ ਲੜਕਾ ਬਣਾਉਂਦਾ ਹੈ। ਨਿਰਸੰਦੇਹ ਵਿਗਿਆਨ ਨੇ ਆਪਣੀ ਪਹਿਲੀ ਖੋਜ ਵਿਚ ਵਾਧਾ ਕੀਤਾ ਹੈ ਜਦੋਂ ਇਹ ਪਹਿਲਾਂ ਪ੍ਰਵਾਨ ਕੀਤਾ ਜਾਂਦਾ ਸੀ ਕਿ ਪੁਰਸ਼ਾਂ ਵਿਚ ਐਕਸ ਅਤੇ ਵਾਈ ਕਰੋਮੋਸੋਮ ਹੁੰਦੇ ਹਨ ਜਦੋਂ ਕਿ ਇਸਤਰੀਆਂ ਵਿਚ ਦੋ ਐਕਸ ਕਰੋਮੋਸੋਮ ਹੀ ਹੁੰਦੇ ਹਨ। ਵਾਈ ਕਰੋਮੋਸੋਮ ਨਾਲ ਅਸੀਂ ਪੁਰਸ਼ਾਂ ਦੀ ਖਾਸੀਅਤ ਦਾ ਪਤਾ ਕਰ ਲੈਂਦੇ ਸੀ।

ਕਿਸੇ ਜੀਨ ਦੀ ਖਾਸੀਅਤ ਨੂੰ ਲੱਭ ਲੈਣਾ ਕੇਵਲ ਇਕ ਪਹਿਲਾ ਕਦਮ ਹੈ, ਅਸੀਂ ਸਾਰੇ ਜੀਨਾਂ ਬਾਰੇ ਜਾਣ ਸਕਦੇ ਹਾਂ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਦਾ ਰੋਗਾਂ ਨਾਲ ਕੀ ਸਬੰਧ ਹੈ। ਅਜੇ ਦਿਲ ਦੇ ਰੋਗ ਅਤੇ ਕੈਂਸਰ ਵਰਗੇ ਗੰਭੀਰ ਰੋਗਾਂ ਨੂੰ ਜੀਨਾਂ ਨਾਲ ਜੋੜਨਾ ਠੀਕ ਨਹੀਂ ਹੈ, ਇਸੇ ਲਈ ਕਿਸੇ ਇਕ ਜੀਨ ਨੂੰ ਜ਼ਿੰਮੇਵਾਰ ਨਹੀਂ ਦੱਸਿਆ ਜਾ ਸਕਦਾ। ‘ਕੰਪਿਊਟਰ ਖੋਜ ਇੰਜਨ’ ਰੋਗ ਫੈਲਣ ਵਾਲੇ ਜੀਨਾਂ ਦੀ ਤਲਾਸ਼ ਕਰ ਰਹੇ ਹਨ ਅਤੇ ਅਗਲੇ ਕੁਝ ਵਰ੍ਹਿਆਂ ਵਿਚ ਇਸ ਤਰ੍ਹਾਂ ਦੇ ਸੈਕੜੇ ਜੀਨਾਂ ਦਾ ਪਤਾ ਲਗਾਇਆ ਜਾ ਸਕੇਗਾ। ਇਹ ਗੱਲ ਵੀ ਮਹੱਤਵਪੂਰਣ ਹੈ ਕਿ ਭਾਰਤੀ ਵਿਗਿਆਨਕ ਭਵਿਖ ਵਿਚ ਜੀਨੋਮ ਖੋਜ ਤੋਂ ਪੂਰਾ ਲਾਭ ਉਠਾਉਣਾ ਚਾਹੁੰਦੇ ਹਨ। ਭਾਰਤ ਸਰਕਾਰ ਦੇਸ਼ ਵਿਚ ਛੇ ਜੀਵ ਸੂਚਨਾ ਕੇਂਦਰ ਸਥਾਪਿਤ ਕਰ ਰਹੀ ਹੈ। ਨਵੀਆਂ ਦੁਆਈਆਂ ਅਤੇ ਟੀਕੇ ਬਣਾਉਣ ਦੇ ਯਤਨ ਹੋਣਗੇ। ਦਾਅਵਾ ਤਾਂ ਇਹ ਕੀਤਾ ਜਾ ਰਿਹਾ ਹੈ ਕਿ ਭਾਰਤੀ ਵਿਗਿਆਨਕ ਜੀਨੋਮ ਖੋਜ ਕਾਰਜ ਵਿਚ ਰਹਿਨੁਮਾਈ ਵੀ ਕਰ ਸਕਦੇ ਹਨ ਅਤੇ ਚਕਿਤਸਾ ਵਿਗਿਆਨ ਵਿਚ ਬਹੁਤ ਕੁਝ ਸੁਧਾਰ ਲਿਆ ਸਕਦੇ ਹਨ। ਦੇਖਣਾ ਇਹ ਹੋਵੇਗਾ ਕਿ ਸਾਨੂੰ ਕਿੱਥੋਂ ਤਕ ਸਫਲਤਾ ਮਿਲਦੀ ਹੈ। ਅਜੇ ਤਕ ਤਾਂ ਭਾਰਤ ਨੇ ਅੰਤਰਰਾਸ਼ਟਰੀ ਖੋਜ ਕਾਰਜ ਵਿਚ ਹਿੱਸਾ ਨਹੀਂ ਲਿਆ, ਪਰ ਹੁਣ ਉਸ ਦੀ ਚੇਤਨਤਾ ਜਾਗੀ ਹੈ। ਸਵਾਲ ਇਹ ਹੈ ਕਿ ਕੀ ਜੀਨ ਖੋਜ ਕਾਰਜ ਵਿਚ ਭਾਰਤ ਇੰਨੀ ਤੇਜ਼ ਪ੍ਰਗਤੀ ਦੇ ਨਾਲ ਬਾਕੀ ਦੁਨੀਆ ਨਾਲ ਕਦਮ ਨਾਲ ਕਦਮ ਮਿਲਾ ਕੇ ਕੀ ਤੁਰ ਸਕੇਗਾ?

ਵਿਗਿਆਨ ਸਾਹਮਣੇ ਹੋਰ ਵੀ ਕਈ ਦਿਲਚਸਪ ਪ੍ਰਸ਼ਨ ਹਨ ਇਕ ਵਿਅਕਤੀ ਦੇ ਜਦੋਂ ਸੱਤ ਪੁੱਤਰਾਂ ਨੇ ਸਮੇਂ ਅਨੁਸਾਰ ਜਵਾਨੀ ਵਿਚ ਪ੍ਰਵੇਸ਼ ਕੀਤਾ ਤਾਂ ਉਹ ਵਾਰੋ ਵਾਰੀ ਆਪਣਾ ਦਿਮਾਗੀ ਸੰਤੁਲਨ ਗੁਆ ਬੈਠੇ, ਇਸੇ ਤਰ੍ਹਾਂ ਜੇ ਇਕ ਭਾਈ ਦੀ ਮੌਤ ਦਾ ਜਵਾਨੀ ਦਾ ਸਮਾਂ, ਕਾਰਨ ਦੂਸਰੇ ਨਾਲ ਕਿਉਂ ਮੌਤ ਸਮੇਂ ਮਿਲ ਜਾਂਦਾ ਹੈ। ਵਿਗਿਆਨੀਆਂ ਸਾਹਮਣੇ ਅਨੇਕਾਂ ਪ੍ਰਸ਼ਨ ਹਨ ਤੇ ਉਹ ਮਨੁੱਖੀ ਹੋਂਦ ਦੀ ਸੱਚੀ ਵਰਣਮਾਲਾ ਲੱਭਣ ਵਿਚ ਜੁਟੇ ਹੋਏ ਹਨ।