ਲੇਖ : ਬੱਚਿਆਂ ਵਿਚ ਡੀਪਰੈਸ਼ਨ
ਬੱਚਿਆਂ ਵਿਚ ਡੀਪਰੈਸ਼ਨ
ਈਸਾਈ ਧਰਮ ਦੇ ਬਾਨੀ ਈਸਾ ਦਾ ਇਕ ਕਥਨ ਹੈ “ਹੇ ਪ੍ਰਮਾਤਮਾ ਕਦੇ ਕਿਸੇ ਨੂੰ ਪ੍ਰੀਖਿਆ ਵਿਚ ਨਾ ਪਾ।” ਇਹ ਕਥਨ ਚਾਹੇ ਅੱਜ ਦੀ ਪ੍ਰੀਖਿਆ ਪ੍ਰਣਾਲੀ ਨਾਲ ਸਬੰਧਤ ਨਾ ਹੋਣ ‘ਤੇ ਵੀ ਸਮੁੱਚੀ ਜ਼ਿੰਦਗੀ ਦੀ ਪ੍ਰੀਖਿਆ ਦੀ ਘੜੀ ਨਾਲ ਸਬੰਧ ਰੱਖਦਾ ਹੈ, ਪ੍ਰੰਤੂ ਫਿਰ ਵੀ ਪ੍ਰੀਖਿਆ ਆਪਣੇ ਆਪ ਵਿਚ ਇਕ ਝੰਜੋੜਨ ਵਾਲੀ ਘੜੀ ਹੁੰਦੀ ਹੈ। ਅਤੇ ਮਨੁੱਖ ਦੀ ਬੇਚੈਨੀ ਤੇ ਘਬਰਾਹਟ ਵਿਚ ਇਸ ਨਾਲ ਨਿਰਸੰਦੇਹ ਵਾਧਾ ਹੁੰਦਾ ਹੈ। ਜ਼ਿੰਦਗੀ ਵਿਚ ਪ੍ਰੀਖਿਆ ਦੀਆਂ ਘੜੀਆਂ ਅਨੇਕਾਂ ਵਾਰ ਆਉਂਦੀਆਂ ਹਨ ਤੇ ਮਨੁੱਖ ਉਨ੍ਹਾਂ ਘੜੀਆਂ ਦਾ ਆਪਣੇ ਸਵੈਵਿਸ਼ਵਾਸ਼ ਨਾਲ ਮੁਕਾਬਲਾ ਕਰਦਾ ਹੈ।
ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਹੀ ਬਹੁਤ ਮਹੱਤਵਪੂਰਨ ਹੁੰਦੀਆਂ ਹਨ, ਜਦੋਂ ਉਨ੍ਹਾਂ ਦੀ ਸਾਰੇ ਸਾਲ ਦੀ ਮਿਹਨਤ ਕੇਵਲ ਤਿੰਨ ਘੰਟਿਆਂ ਵਿਚ ਪਰਖੀ ਜਾਣੀ ਹੁੰਦੀ ਹੈ। ਸਾਡੀ ਸਿੱਖਿਆ ਪ੍ਰਣਾਲੀ ਹੀ ਇਸ ਕਿਸਮ ਦੀ ਬਣ ਗਈ ਹੈ ਕਿ ਕਿਸੇ ਵਿਦਿਆਰਥੀ ਦੀ ਯੋਗਤਾ ਨੂੰ ਜਾਂਚਣ ਦਾ ਇਕੋ ਇਕ ਢੰਗ ਪ੍ਰੀਖਿਆ ਹੀ ਬਣ ਗਿਆ ਹੈ।
ਪ੍ਰੀਖਿਆ ਨੇੜੇ ਆਉਣ ‘ਤੇ ਵਿਦਿਆਰਥੀ ਕਈ ਕਿਸਮ ਦੀਆਂ ਇਸ ਦੇ ਡਰ ਕਾਰਨ ਹਰਕਤਾਂ ਕਰਦੇ ਹਨ। ਪਹਿਲਾ ਤਾਂ ਉਨ੍ਹਾਂ ‘ਤੇ ਪ੍ਰੀਖਿਆ ਦਾ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਆਪਣੇ ਸਾਰੇ ਅਧੂਰੇ ਸਿਲੇਬਸ ਨੂੰ ਦੇਖ ਕੇ ਉਹ ਡਰਦੇ ਹਨ ਕਿ ਇਹ ਸੰਪੂਰਣ ਵੀ ਹੋਵੇਗਾ ਜਾਂ ਨਹੀਂ, ਕਈ ਪ੍ਰਸ਼ਨਾਂ ਬਾਰੇ ਉਨ੍ਹਾਂ ਨੂੰ ਪੂਰੀ ਸਮਝ ਹੀ ਨਹੀਂ ਹੁੰਦੀ, ਕਾਲਜਾਂ ਤੇ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕ ਵੀ ਉਨ੍ਹਾਂ ਵਿਚ ਭੈਅ ਦੀ ਭਾਵਨਾ ਵਿਚ ਵਾਧਾ ਕਰਦੇ ਹਨ। ਅੱਜ ਕੱਲ ਸੰਪੂਰਨ ਸਿਲੇਬਸ ਨੂੰ ਕਰਾਉਣ ਵਾਲੇ ਅਧਿਆਪਕ ਰਹੇ ਹੀ ਨਹੀਂ ਹਨ। ਇਹ ਵਾਕ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਵਿਦਿਆਰਥੀ ਬਾਕੀ ਦਾ ਸਿਲੇਬਸ ਆਪ ਕਰ ਲੈਣ।
ਵਿਦਿਆਰਥੀਆਂ ਵਿਚ ਬੇਚੈਨੀ ਵਿਚ ਵਾਧਾ ਉਸ ਸਮੇਂ ਅਨੇਕਾਂ ਗੁਣਾ ਵਧ ਜਾਂਦਾ ਹੈ ਜਦੋਂ ਅਧਿਆਪਕ ਵਿਦਿਆਰਥੀਆਂ ਨੂੰ ਸਾਲ ਦੇ ਅਖੀਰ ਵਿਚ ਪੜ੍ਹਾਉਣਾ ਹੀ ਬੰਦ ਕਰ ਦਿੰਦੇ ਹਨ ਤੇ ਦਲੀਲ ਇਹ ਦਿੰਦੇ ਹਨ ਕਿ ਵਿਦਿਆਰਥੀ ਤਾਂ ਕਲਾਸਾਂ ਵਿਚ ਆਉਂਦੇ ਹੀ ਨਹੀਂ ਘਰ ਵਿਚ ਬਹੁਤਾ ਪੜ੍ਹ ਲੈਂਦੇ ਹਨ। ਫਿਰ ਇਕ ਦਿਨ ਅਚਾਨਕ ਜਦੋਂ ਵਿਦਿਆਰਥੀ ਕਾਲਜ ਜਾਂਦੇ ਹਨ ਤਾਂ ਉਨ੍ਹਾਂ ਨੂੰ ਬੋਰਡ ‘ਤੇ ਡੇਟ ਸ਼ੀਟ ਲੱਗੀ ਹੋਈ ਦਿਖਾਈ ਦਿੰਦੀ ਹੈ। ਇਸ ਨਾਲ ਉਨ੍ਹਾਂ ਵਿਚ ਪ੍ਰੀਖਿਆ ਦੇ ਬੁਖਾਰ ਦਾ ਵਾਧਾ ਹੋ ਜਾਂਦਾ ਹੈ।
ਵਿਦਿਆਰਥੀਆਂ ਵਿਚ ਡਿਪ੍ਰੈਸ਼ਨ ਪੈਦਾ ਕਰਨ ਵਿਚ ਉਨ੍ਹਾਂ ਦੇ ਮਾਪੇ ਵੀ ਸਹਾਇਕ ਹੁੰਦੇ ਹਨ। ਉਹ ਸਦਾ ਆਪਣੇ ਬੱਚਿਆਂ ਨੂੰ ਡਰਾਉਂਦੇ ਰਹਿੰਦੇ ਹਨ ਕਿ ਪ੍ਰੀਖਿਆ ਆਉਣ ਵਾਲੀ ਹੈ ਤੇ ਫਿਰ ਸਿਰ ‘ਤੇ ਖੜ੍ਹਨ ਵਾਲੀ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਬੱਚੇ ਇਸ ਗੱਲ ਨਾਲ ਸਹਿਮ ਜਾਂਦੇ ਹਨ। ਕਈ ਹਾਲਤਾਂ ਵਿਚ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਮਜ਼ਬੂਰ ਕਰਦੇ ਹੋਏ ਡਰਾਵੇ ਅਤੇ ਮਾਰ ਕੁੱਟ ਦੀਆਂ ਧਮਕੀਆਂ ਵੀ ਦਿੰਦੇ ਹਨ ਅਤੇ ਬੱਚੇ ਡਰ ਵੀ ਜਾਂਦੇ ਹਨ।
ਪਿਆਰ ਦੀ ਬਰਸਾਤ ਦੀ ਥਾਂ ‘ਤੇ ਜਦੋਂ ਉਹਨਾਂ ‘ਤੇ ਨਫ਼ਰਤ ਦੀ ਅੱਗ ਵਰਣ ਲਗ ਜਾਂਦੀ ਹੈ ਤਾਂ ਨਤੀਜਾ ਪ੍ਰੀਖਿਆ ਤੋਂ ਕੁਝ ਚਿਰ ਪਹਿਲਾ ਇਹ ਨਿਕਲਦਾ ਹੈ ਕਿ ਡਰ ਕਾਰਨ ਉਨ੍ਹਾਂ ਵਿਚ ਡਿਪ੍ਰੈਸ਼ਨ ਹੋ ਜਾਂਦਾ ਹੈ।
ਮਾਪਿਆਂ ਦੁਆਰਾ ਹੀ ਉਨ੍ਹਾਂ ਅੰਦਰ ਇਹ ਡਰ ਪਾਇਆ ਜਾਂਦਾ ਹੈ ਕਿ ਜੇ ਉਹ ਪ੍ਰੀਖਿਆ ਵਿਚੋਂ ਪਾਸ ਨਾ ਹੋਏ ਤਾਂ ਉਹ ਭੁੱਖੇ ਮਰ ਜਾਣਗੇ। ਪ੍ਰੀਖਿਆ ਨੂੰ ਰੋਜ਼ੀ-ਰੋਟੀ ਨਾਲ ਜੋੜਿਆ ਜਾਂਦਾ ਹੈ। ਇਹ ਵਾਕ ਉਨ੍ਹਾਂ ਦੇ ਸੂਖਮ ਮਨ ‘ਤੇ ਹਥੋੜੇ ਦੀ ਤਰ੍ਹਾਂ ਵਜਦਾ ਰਹਿੰਦਾ ਹੈ। ਤੇ ਇਕ ਸਮਾਂ ਅਜਿਹਾ ਆਉਂਦਾ ਹੈ ਕਿ ਉਹ ਆਪਣਾ ਪੱਕਾ ਸਥਾਨ ਉਹਨਾਂ ਦੇ ਮਨ ‘ਤੇ ਬਣਾ ਲੈਂਦਾ ਹੈ।
ਉਹ ਸੋਚਦੇ ਜ਼ਿਆਦਾ ਹਨ ਪਰ ਪੜ੍ਹਦੇ ਘੱਟ ਹਨ। ਲਾਰਡ ਬਾਇਰਨ ਇਕ ਥਾਂ ‘ਤੇ ਲਿਖਦਾ ਹੈ ਕਿ ਜਿਹੜੇ ਲੋਕ ਹਰ ਸਮੇਂ ਕੰਮ ਵਿਚ ਜਾਂ ਪੜ੍ਹਾਈ ਵਿਚ ਲੀਨ ਰਹਿੰਦੇ ਹਨ ਉਨ੍ਹਾਂ ਕੋਲ ਨਿਰਾਸ਼ਾ ਦੀਆਂ ਘੜੀਆਂ ਬਹੁਤ ਘੱਟ ਜਾਂਦੀਆਂ “ਵਿਅਸਥ ਵਿਅਕਤੀਆਂ ਕੋਲ ਰੋਣ ਲਈ ਕੋਈ ਸਮਾਂ ਨਹੀਂ ਹੁੰਦਾ।”
ਵਿਦਿਆਰਥੀ ਜੇ ਨਿਰੰਤਰ ਪੜ੍ਹਾਈ ਵਿਚ ਸਮਾਂ ਲਾਉਣ ਤਾਂ ਕੋਈ ਕਾਰਨ ਨਹੀਂ ਕਿ ਉਹ ਇਸ ਨਾਮੁਰਾਦ ਬਿਮਾਰੀ ਤੋਂ ਨਾ ਬਚ ਸਕਣ।
ਵਿਦਿਆਰਥੀਆਂ ਵਿਚ ਡਿਪ੍ਰੈਸ਼ਨ ਦੀ ਪ੍ਰਵਿਰਤੀ ਬਹੁਤਾ ਕਰਕੇ ਮਾਸੂਮੀਅਤ ਅਤੇ ਅਣਜਾਣ-ਪਣੇ ਕਰਕੇ ਪਾਈ ਜਾਂਦੀ ਹੈ, ਜੇ ਉਨ੍ਹਾਂ ਨੂੰ ਪਹਿਲਾਂ ਹੀ ਸਪਸ਼ਟ ਸ਼ਬਦਾਂ ਵਿਚ ਇਸ ਪ੍ਰਵਿਰਤੀ ਬਾਰੇ ਜਾਣੂ ਕਰਾਇਆ ਜਾਵੇ ਤੇ ਵਾਧੂ ਬੋਝ ਨਾ ਪਾਇਆ ਜਾਵੇ ਤਾਂ ਉਹ ਕਦੇ ਵੀ ਇਸ ਜਿਲ੍ਹਣ (ਚਿੱਕੜ/ਦਲਦਲ) ਵਿਚ ਨਹੀਂ ਫਸਣਗੇ।
ਮਾਪਿਆਂ ਅਤੇ ਅਧਿਆਪਕਾਂ ਦਾ ਇਹ ਨੈਤਿਕ ਫਰਜ਼ ਹੈ ਕਿ ਉਹ ਪੂਰੀ ਤਰ੍ਹਾਂ ਡਿਪ੍ਰੈਸ਼ਨ ਬਾਰੇ ਜਾਣਕਾਰੀ ਦੇਣ ‘ਤੇ ਬੱਚਿਆਂ ਨੂੰ ਸਕਦਾ ਸਹਿਮ ਤੋਂ ਦੂਰ ਰੱਖਣ। ਬੱਚਿਆਂ ਨੂੰ ਮਨ ਨਾਲ ਪੜ੍ਹਾਈ ਕਰਨ ਦੀ ਗੱਲ ਕਰਨ ‘ਤੇ ਸਦਾ ਪੜ੍ਹਾਈ ਦੇ ਕਿਸੇ ਨਾ ਕਿਸੇ ਸਾਧਨ ਨਾਲ ਆਪਣੇ ਆਪ ਨੂੰ ਮਗਨ ਰਹਿਣ ਲਈ ਪ੍ਰੇਰਣਾ ਕਰਨ।
ਬੱਚਿਆਂ ਵਿਚ ਸਵੈਵਿਸ਼ਵਾਸ਼ ਦੀ ਬੁਨਿਆਦ ਉਹ ਬਚਪਨ ਵਿਚ ਹੀ ਰੱਖਣ ਤੇ ਉਨ੍ਹਾਂ ਨੂੰ ਸਦਾ ਮਿਹਨਤ ਕਰਨ ਦੀ ਆਦਤ ਪਾਉਣ। ਉਹਨਾਂ ਦੀ ਪੜ੍ਹਾਈ ਦੇ ਬੋਝ ਨੂੰ ਘਟਾਉਣ। ਅਸੀਂ ਹਮੇਸ਼ਾਂ ਬੱਚਿਆਂ ਦੇ ਭਾਰੇ ਬਸਤੇ ਦੀ ਸ਼ਿਕਾਇਤ ਕਰਦੇ ਹਾਂ, ਪਰ ਇਹ ਕਦੇ ਨਹੀਂ ਸੋਚਦੇ ਕਿ ਭਾਰਾ ਬਸਤਾ ਚੁੱਕਣਾ ਤਾਂ ਇਕ ਸਰੀਰਕ ਕ੍ਰਿਆ ਹੈ, ਉਨ੍ਹਾਂ ਦੀ ਪਿੱਠ ਤੇ ਮੋਢਿਆਂ ਨੇ ਇਹ ਬਸਤਾਂ ਚੁੱਕਣਾ ਹੁੰਦਾ ਹੈ, ਪਰ ਜੋ ਭਾਰ ਅਸੀਂ ਉਨ੍ਹਾਂ ਦੇ ਮਨ ‘ਤੇ ਪਾਉਂਦੇ ਹਾਂ ਉਸ ਦਾ ਬੋਝ ਉਨ੍ਹਾਂ ਦਾ ਸੂਖਮ ਮਨ, ਕਿਵੇਂ ਬਰਦਾਸ਼ਤ ਕਰੇਗਾ, ਬਚਪਨ ਵਿਚ ਜੇ ਸਕੂਲ ਵਾਲੇ ਉਨ੍ਹਾਂ ਨੂੰ ਹੋਮ ਵਰਕ ਕਹਿ ਕੇ ਕੰਮ ਨਾਲ ਲੱਦ ਦਿੰਦੇ ਹਨ ਤਾਂ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਫਾਲਤੂ ਕੰਮ ਨਾਲ ਉਨ੍ਹਾਂ ਦਾ ਹਿੱਸਾ ਵੰਡਾਉਣ।
ਜਿਹੜੇ ਕੰਮ ਨਾਲ ਉਨ੍ਹਾਂ ਦਾ ਮਾਨਸਿਕ ਤੇ ਬੌਧਿਕ ਵਿਕਾਸ ਹੁੰਦਾ ਹੈ। ਉਹ ਬੱਚਿਆਂ ਨੂੰ ਆਮ ਕਰਨਾ ਚਾਹੀਦਾ ਹੈ ਅਤੇ ਜੋ ਕੰਮ ਜਿਵੇਂ ਲਿਖਾਈਆਂ ਲਿਖਣੀਆਂ ਜੋ ਕਿ ਆਮ ਤੌਰ ‘ਤੇ ਲੋੜ ਤੋਂ ਵੱਧ ਹੁੰਦੀਆਂ ਹਨ, ਉਹ ਮਾਪੇ ਉਨ੍ਹਾਂ ਨਾਲ ਰਲ ਕੇ ਭਾਗੀਦਾਰ ਬਣ ਕੇ ਕਰਨ। ਇਸ ਨਾਲ ਮਾਪਿਆਂ ਅਤੇ ਬੱਚਿਆਂ ਦਾ ਆਪਸ ਵਿਚ ਪਿਆਰ ਵੱਧਦਾ ਹੈ। ਬੱਚੇ ਇਹ ਮਹਿਸੂਸ ਕਰਦੇ ਹਨ ਕਿ ਉਹ ਮਾਪਿਆਂ ਦੀ ਛਤਰ-ਛਾਇਆ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮਾਪਿਆਂ ਨੂੰ ਇਹ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜਾ ਕੰਮ ਉਨ੍ਹਾਂ ਦੇ ਕਰਨ ਵਾਲਾ ਹੈ ਤੇ ਕਿਹੜਾ ਕੰਮ ਬੱਚਿਆਂ ਲਈ ਲਾਹੇਵੰਦ ਹੈ।
ਧਿਆਨ ਇਸ ਗੱਲ ਦਾ ਰੱਖਣਾ ਚਾਹੀਦਾ ਹੈ ਕਿ ਜਦੋਂ ਮਾਪਿਆਂ ਵਲੋਂ ਆਪਣੇ ਬੱਚਿਆ ਦੀ ਪੜ੍ਹਾਈ ਵਿੱਚ ਮਦਦ ਕਰਨੀ ਹੁੰਦੀ ਹੈ ਤਾਂ ਇਸ ਗੱਲ ਪ੍ਰਤੀ ਲਾਪ੍ਰਵਾਹੀ ਨਾ ਕੀਤੀ ਜਾਵੇ ਕਿ ਕਿਸੇ ਢੰਗ ਨਾਲ ਵੀ ਬੱਚਿਆਂ ਦੀ ਆਤਮ-ਨਿਰਭਰਤਾ ਦੀ ਰੂਚੀ ਵਿਚ ਫਰਕ ਨਾ ਪਵੇ। ਅਸੀਂ ਉਨ੍ਹਾਂ ਨੂੰ ਹਰ ਖੇਤਰ ਵਿਚ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸਿਖਾਉਣਾ ਹੈ। ਜੇ ਅਸੀਂ ਹੀ ਪੂਰੀ ਤਰ੍ਹਾਂ ਉਨ੍ਹਾਂ ਦਾ ਕੰਮ ਕਰ ਦੇਵਾਂਗੇ ਤਾਂ ਸਦਾ ਲਈ ਅਸੀਂ ਉਨ੍ਹਾਂ ਦੇ ਭਵਿੱਖ ਅੱਗੇ ਕੰਡੇ ਬੀਜ ਰਹੇ ਹੋਵਾਂਗੇ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬੱਚੇ ਨੇ ਆਪਣੇ ਆਪ ਪ੍ਰੀਖਿਆ ਦੇਣੀ ਹੈ, ਉਸ ਸਮੇਂ ਉਹ ਇੱਕਲਾ ਹੀ ਹੋਵੇਗਾ। ਡਿਪ੍ਰੈਸ਼ਨ ਤਾਂ ਹੀ ਹੋਵੇਗਾ ਜੇ ਅਸੀਂ ਉਸ ਨੂੰ ਮਾਨਸਿਕ ਤੇ ਬੌਧਿਕ ਤੌਰ ‘ਤੇ ਤਿਆਰ ਨਹੀਂ ਕੀਤਾ।
ਸਾਡੀ ਸਿੱਖਿਆ ਪ੍ਰਣਾਲੀ ਵਿਚ ਵੀ ਕਈ ਤਰ੍ਹਾਂ ਦੀਆਂ ਕੁਰੀਤੀਆ ਸ਼ਾਮਲ ਹੋ ਗਈਆਂ ਹਨ, ਅਸੀਂ ਬੱਚਿਆ ਸਾਹਮਣੇ ਕਈ ਵਾਰ ਇਹ ਕਹਿ ਬੈਠਦੇ ਹਾਂ “ਕੋਈ ਗੱਲ ਨਹੀਂ ਅਸੀਂ ਪ੍ਰੀਖਿਆ ਵਿਚ ਪਰਚੀਆਂ ਭੇਜ ਕੇ ਮਦਦ ਕਰ ਦੇਵਾਂਗੇ” ਜਾਂ ਪ੍ਰੈਕਟੀਕਲ ਦੀ ਪ੍ਰੀਖਿਆ ਵਿਚ ਨੰਬਰ ਲੁਆ ਦੇਵਾਂਗੇ। ਇਹ ਸਾਰੀਆਂ ਗੱਲਾਂ ਪੜ੍ਹਨ ਵਾਲੇ ਬੱਚਿਆਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਉਸ ਅੰਦਰ ਇਕ ਗਲਤ ਆਸ ਨੂੰ ਜਨਮ ਦਿੰਦੀਆਂ ਹਨ, ਉਹ ਮਹਿਸੂਸ ਕਰਦਾ ਹੈ ਕਿ ਹੁਣ ਉਸ ਨੂੰ ਪੜ੍ਹਨ ਦੀ ਲੋੜ ਹੀ ਨਹੀਂ ਪੈਸੇ ਖਰਚ ਕੇ ਤੇ ਗਲਤ ਢੰਗ ਵਰਤ ਕੇ ਉਹ ਪਾਸ ਹੋ ਜਾਵੇਗਾ। ਇਹ ਜ਼ਰੂਰੀ ਨਹੀਂ ਕਿ ਸਮਾਂ ਆਉਣ ‘ਤੇ ਕੋਈ ਉਸ ਦੀ ਮਦਦ ਕਰ ਸਕੇ। ਜਦੋਂ ਕੋਈ ਉਸ ਦੀ ਗੈਰ-ਕਾਨੂੰਨੀ ਢੰਗ ਨਾਲ ਮਦਦ ਕਰਨ ਲਈ ਨਹੀਂ ਬਹੁੜਦਾ ਤਾਂ ਉਹ ਇਕ ਦਮ ਘਬਰਾ ਜਾਂਦਾ ਹੈ ਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ।
ਪ੍ਰੀਖਿਆ ਦੇ ਨੇੜੇ ਇਹ ਵੇਖਿਆ ਗਿਆ ਹੈ ਕਿ ਬੱਚੇ ਜਾਂ ਪ੍ਰੀਖਿਆ ਦੇਣ ਵਾਲੇ ਵੱਡੀ ਉਮਰ ਦੇ ਵਿਦਿਆਰਥੀ ਡਿਪ੍ਰੈਸ਼ਨ ਤੋਂ ਬਚਣ ਲਈ ਕਈ ਕਿਸਮ ਦੇ ਨਸ਼ੇ ਵਰਤਦੇ ਹਨ। ਹੋਸਟਲਾਂ ਵਿਚ ਪ੍ਰੀਖਿਆ ਤੋਂ ਪਹਿਲਾਂ ਇਹ ਕੁਰੀਤੀ ਭਿਆਨਕ ਰੂਪ ਧਾਰਨ ਕਰਨ ਲੱਗਦੀ ਹੈ। ਅਫੀਮ, ਨੀਂਦ ਦੀਆ ਗੋਲੀਆਂ ਜਾਂ ਹੋਰ ਮਨ ਨੂੰ ਕਾਬੂ ਤੇ ਸ਼ਾਂਤ ਰੱਖਣ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਗੋਲੀਆਂ ਦਾ ਕੇਵਲ ਵਕਤੀ ਤੌਰ ‘ਤੇ ਪ੍ਰਭਾਵ ਪੈਂਦਾ ਹੈ। ਪਰ ਇਨ੍ਹਾਂ ਨਾਲ ਵਿਦਿਆਰਥੀ ਇਨ੍ਹਾਂ ਦੇ ਗੁਲਾਮ ਹੀ ਹੋ ਜਾਂਦੇ ਹਨ, ਇਹ ਵਸਤਾਂ ਨਾ ਮਿਲਣ ਕਰਕੇ ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੋ ਜਾਂਦੀ ਹੈ। ਪ੍ਰੀਖਿਆ ਤੋਂ ਪਹਿਲਾ ਡਿਪ੍ਰੈਸ਼ਨ ਕਾਰਨ ਉਨ੍ਹਾਂ ਨੂੰ ਤਰੇਲੀਆਂ ਆਉਂਦੀਆਂ ਹਨ, ਘਬਰਾਹਟ ਵਿਚ ਉਨ੍ਹਾਂ ਦਾ ਸਰੀਰ ਇਕੱਠਾ ਜਿਹਾ ਹੋ ਜਾਂਦਾ ਹੈ। ਮਾਵਾਂ ਉਨ੍ਹਾਂ ਦੀਆਂ ਪ੍ਰੀਖਿਆ ਕੇਂਦਰ ਤਕ ਛੱਡਣ ਜਾਂਦੀਆਂ ਹਨ, ਉਨ੍ਹਾਂ ਲਈ ਵਿਸ਼ੇਸ਼ ਤੌਰ ‘ਤੇ ਦਵਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਾਧੂ ਨਮੋਸ਼ੀ ਸਹਿਣੀ ਪੈਂਦੀ ਹੈ ਜਿੰਨਾ ਚਿਰ ਤਕ ਪ੍ਰੀਖਿਆ ਦੇ ਨਤੀਜੇ ਨਹੀਂ ਨਿਕਲਦੇ, ਸਭ ਦੀ ਜਾਨ ਸੂਲੀ ‘ਤੇ ਟੰਗੀ ਰਹਿੰਦੀ ਹੈ।
ਪ੍ਰੀਖਿਆ ਨੇੜੇ ਵਿਦਿਆਰਥੀਆਂ ਵਿਚ ਡਿਪ੍ਰੈਸ਼ਨ ਦੀ ਬਿਮਾਰੀ ਆਮ ਹੈ, ਪਰ ਇਹ ਕੋਈ ਲਾਇਲਾਜ ਬੀਮਾਰੀ ਨਹੀਂ ਇਨ੍ਹਾਂ ਦਿਨਾਂ ਵਿਚ ਮਾਪੇ ਡਾਕਟਰਾਂ ਪਾਸ ਦਵਾਈ ਲੈਣ ਲਈ ਵੀ ਜਾਂਦੇ ਦੇਖੇ ਜਾਂਦੇ ਹਨ। ਡਾਕਟਰ ਦੀ ਦਵਾਈ ਉਸ ਹਾਲਤ ਵਿਚ ਵਰਤਣੀ ਚਾਹੀਦੀ ਹੈ ਜਦੋਂ ਹਾਲਤ ਸਾਂਭੀ ਨਾ ਜਾ ਸਕਦੀ ਹੋਵੇ। ਸਾਡੀ ਪ੍ਰੀਖਿਆ ਪ੍ਰਣਾਲੀ ਅਤੇ ਸਾਡੇ ਬੱਚਿਆਂ ਨੂੰ ਪ੍ਰਵਰਿਸ਼ ਕਰਨ ਵਿਚ ਖਾਮੀਆਂ ਰਹਿਣ ਕਾਰਨ ਵਿਦਿਆਰਥੀ ਪ੍ਰੀਖਿਆ ਨੇੜੇ ਡਿਪ੍ਰੈਸ਼ਨ ਨੂੰ ਭੋਗਦੇ ਹਨ, ਲੋੜ ਇਸ ਗੱਲ ਦੀ ਹੈ ਕਿ ਮਾਪੇ ਆਪਣੇ ਬੱਚਿਆਂ ਵਿਚ ਚੰਗੀਆਂ ਆਦਤ ਪਾਉਣ, ਉਨ੍ਹਾਂ ਨੂੰ ਨਿਰੰਤਰ ਪੜ੍ਹਦੇ ਰਹਿਣ ਦਾ ਬਕਾਇਦਾ ਸਮੇਂਬਧ ਢੰਗ ਨਾਲ ਤਿਆਰੀ ਕਰਨ ਦਾ ਤਰੀਕਾ ਸਮਝਾਉਣ। ਉਨ੍ਹਾਂ ਦੀ ਸਿਹਤ ਨਰੋਈ ਰੱਖਣ, ਸਹੀ ਖੁਰਾਕ ਤੇ ਨਸ਼ਿਆਂ ਤੋਂ ਸਾਵਧਾਨ ਰਹਿਣ ਦੀ ਪ੍ਰੇਰਨਾ ਦੇਣ।
ਉਨ੍ਹਾਂ ਦੀ ਸੰਗਤ ‘ਤੇ ਆਪਣੀ ਸਾਵਧਾਨੀ ਵਾਲੀ ਨਜ਼ਰ ਰੱਖਣ। ਮਾਪਿਆਂ ਨੂੰ ਇਹ ਭਲੀ-ਭਾਂਤ ਸਮਝਣਾ ਚਾਹੀਦਾ ਹੈ ਕਿ ਬੱਚੇ ਹੀ ਤੁਹਾਡਾ ਸਭ ਤੋਂ ਵੱਡਾ ਸਰਮਾਇਆ ਹਨ। ਇਨ੍ਹਾਂ ਨਾਲ ਹੀ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਬੱਝੀਆਂ ਹੋਈਆਂ ਹਨ।
ਉਨ੍ਹਾਂ ਨੂੰ ਕਦੇ ਵੀ ਘਬਰਾਹਟ, ਚਿੰਤਾ, ਨਿਰਾਸ਼ਾ ਦੀ ਸਥਿਤੀ ਵਿਚ ਨਹੀਂ ਰੱਖਣਾ ਚਾਹੀਦਾ ਤੇ ਪ੍ਰੀਖਿਆ ਨੇੜੇ ਤਾਂ ਵਿਸ਼ੇਸ਼ ਤੌਰ ‘ਤੇ ਨਹੀਂ।
ਨੋਟ : ਇਹ ਸਾਰੀਆਂ ਧਿਆਨ ਦੇਣ ਯੋਗ ਗੱਲਾਂ ਹਨ, ਜਿਨ੍ਹਾਂ ਦਾ ਬਿਲਕੁੱਲ ਉਲਟ ਮਾਪੇ ਅਤੇ ਅਧਿਆਪਕ ਕਰਦੇ ਹਨ। ਭਾਰਤ ਸਰਕਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਹਿਣਾ ਚਾਹੀਦਾ ਹੈ ਅਤੇ ਟ੍ਰੇਨਿੰਗ ਕੈਂਪ ਲਗਾਏ ਜਾਣੇ ਚਾਹੀਦੇ ਹਨ।